ਪਠਾਨਕੋਟ, 5 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਅਕਾਲੀ ਦਲ ਵਲੋਂ ਗੁਜਰਾਤ ਵਿਖੇ ਉਜਾੜੇ ਦਾ ਸਾਹਮਣਾ ਕਰ ਰਹੇ ਕਿਸਾਨਾਂ ਦਾ ਮੁੱਦਾ ਗੁਜਰਾਤ ਦੇ ਮੁੱਖ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਉਠਾਇਆ ਜਾਵੇਗਾ ਅਤੇ ਪੀੜ੍ਹਤ ਕਿਸਾਨਾਂ ਨੂੰ ਰਾਜਨੀਤਕ ਤੇ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।

ਅੱਜ ਇੱਥੇ ਨਵੇਂ ਚੁਣੇ ਗਏ 407 ਸਰਪੰਚਾਂ ਤੇ 2333 ਪੰਚਾਂ ਨੂੰ ਸਹੁੰ ਚੁਕਾਉਣ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਗੁਜਰਾਤ ਦੇ ਕਿਸਾਨਾਂ ਦੀ ਸਮੱਸਿਆ ਪਿੱਛੇ ਕਾਂਗਰਸ ਹੀ ਹੈ, ਕਿਉਂ ਜੋ 1973 ਵਿਚ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਵਲੋਂ ਸਰਕੂਲਰ ਜਾਰੀ ਕੀਤਾ ਗਿਆ ਸੀ ਕਿ ਜੇਕਰ ਗੁਜਰਾਤ ਤੋਂ ਬਾਹਰਲਾ ਕੋਈ ਕਿਸਾਨ ਗੁਜਰਾਤ ਵਿਖੇ ਜ਼ਮੀਨ ਖਰੀਦਦਾ ਹੈ ਤਾਂ ਉਸਨੂੰ ਗੈਰ -ਖੇਤੀਬਾੜੀ ਵਾਲੀ ਜ਼ਮੀਨ ਐਲਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸੇ ਸਰਕੂਲਰ ਦੇ ਆਧਾਰ ‘ਤੇ ਕਿਸਾਨਾਂ ਨੂੰ ਕਾਨੂੰਨੀ ਲੜਾਈ ਵਿਚ ਉਲਝਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਨਾਂ ‘ਤੇ ਮਗਰਮੱਛ ਦੇ ਹੰਝੂ ਵਹਾਉਣ ਵਾਲੇ ਕਾਂਗਰਸੀਆਂ ਨੂੰ ਪਹਿਲਾਂ ਦੇਸ਼ਵਾਸੀਆਂ ਕੋਲੋਂ ਮਾਫੀ ਮੰਗੀ ਜਾਵੇ ਜਿਨ੍ਹਾਂ ਦੇਸ਼ ਨੂੰ ਖੇਤਰਵਾਦ ‘ਤੇ ਵੰਡਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਹਰ ਸੰਭਵ ਕਾਨੂੰਨੀ ਸਹਾਇਤਾ ਦੇਣ ਲਈ ਉਨ੍ਹਾਂ ਪਹਿਲਾਂ ਹੀ ਸੂਬੇ ਦੇ ਐਡਵੋਕੇਟ ਜਨਰਲ ਨੂੰ ਕਹਿ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਅਨਾਜ ਸੰਕਟ ਵੱਲ ਧੱਕਣ ਲਈ ਕਾਂਗਰਸ ਜਿੰਮੇਵਾਰ ਹੈ ਕਿਉਂ ਜੋ ਯੂ.ਪੀ.ਏ. ਸਰਕਾਰ ਵਲੋਂ ਤੇਲ ਦੀਆਂ ਕੀਮਤਾਂ ‘ਚ ਅੰਨ੍ਹੇਵਾਹ ਵਾਧਾ ਕਰਕੇ ਬਹੁਕੌਮੀ ਕੰਪਨੀਆਂ ਨੂੰ ਸਿੱਧਾ ਲਾਭ ਦੇਣਾ, ਕੀਟਨਾਸ਼ਕਾਂ ਤੇ ਨਦੀਨਨਾਸ਼ਕਾਂ ਦੇ ਭਾਅ ‘ਚ ਬੇਲੋੜਾ ਵਾਧਾ, ਖਾਦਾਂ ਦੇ ਭਾਅ ਵਿਚ ਲੱਕ ਤੋੜਵਾਂ ਵਾਧਾ ਕਰ ਦਿੱਤਾ ਗਿਆ ਹੈ ਜਦਕਿ ਦੂਜੇ ਪਾਸੇ ਘੱਟੋ ਘੱਟ ਸਮਰਥਨ ਮੁੱਲ ਵਿਚ ਨਿਗੂਣਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਕਸਫੋਰਡ ਦੇ ਅਰਥਸ਼ਾਸ਼ਤੀਆਂ ਵਲੋਂ ਵੈਲਥ ਟੈਕਸ (ਸਰਮਾਇਆ ਟੈਕਸ) ਆਦਿ ਲਾ ਕੇ ਖੇਤੀ ਖੇਤਰ ਨੂੰ ਖਤਮ ਕਰਨ ਲਈ ਹਰ ਰੋਜ਼ ਨਵਾਂ ਪ੍ਰਸਤਾਵ ਤਿਆਰ ਕੀਤਾ ਜਾ ਰਿਹਾ ਹੈ। ਸ. ਬਾਦਲ ਨੇ ਕਿਹਾ ਕਿ ਐਨ.ਡੀ.ਏ. ਲੋਕ ਸਭਾ ਚੋਣਾਂ ‘ਚ ਕਲੀਨ ਸਵੀਪ ਕਰੇਗਾ ਅਤੇ ਕਾਂਗਰਸ ਨੂੰ ਕੰਧ ‘ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਲੋਕਾਂ ਨੇ ਉਨ੍ਹਾਂ ਨੂੰ ਸੱਤ੍ਹਾ ਤੋਂ ਲਾਭੇਂ ਕਰਨ ਦਾ ਮਨ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਸਾਰੇ ਓਪੀਨੀਅਨ ਪੋਲਾਂ ਅਨੁਸਾਰ ਦੇਸ਼ ਵਿਚ ਐਨ.ਡੀ.ਏ. ਰਿਕਾਰਡ ਬਹੁਮਤ ਮਿਲਣ ਬਾਰੇ ਰਿਪੋਰਟਾਂ ਦਿੱਤੀਆਂ ਗਈਆਂ ਹਨ। ਪੰਜਾਬ ਵਾਸੀਆਂ ਲਈ ਸਿਹਤ ਬੀਮਾ ਯੋਜਨਾ ਦਾ ਐਲਾਨ ਕਰਦਿਆਂ ਕਿਹਾ ਕਿ ਨਵੇਂ ਸਰਵੇ ਪਿੱਛੋਂ ਆਟਾ ਦਾਲ ਸਕੀਮ ਤਹਿਤ ਆਉਣ ਵਾਲੇ 30 ਲੱਖ ਪਰਿਵਾਰਾਂ ਨੂੰ 30 ਹਜ਼ਾਰ ਤੱਕ ਦਾ ਮੁਫਤ ਸਿਹਤ ਬੀਮਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਸਾਰੇ ਹਸਪਤਾਲਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿਚ ਲੋਕਾਂ ਦਾ ਮੁਫਤ ਇਲਾਜ ਕੀਤਾ ਜਾਵੇਗਾ। ਪਠਾਨਕੋਟ ਜਿਲ੍ਹੇ ਵਿਚ ਅਨੇਕਾਂ ਪ੍ਰਾਜੈਕਟਾਂ ਦਾ ਐਲਾਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਸ ਖੇਤਰ ਨੂੰ ਜਿਲ੍ਹਾ ਬਣਾਕੇ ਪਹਿਲਾਂ ਹੀ ਲੋਕਾਂ ਦੀ ਵੱਡੀ ਮੰਗ ਪੂਰੀ ਕਰ ਦਿੱਤੀ ਗਈ ਹੈ। ਉਨ੍ਹਾਂ ਐਲਾਨ ਕੀਤਾ ਕਿ ਇਕ ਸਾਲ ਦੇ ਅੰਦਰ ਪਠਾਨਕੋਟ ਵਿਖੇ ਵਿਸ਼ਵ ਪੱਧਰੀ ਸਟੇਡੀਅਮ ਬਣਾਇਆ ਜਾਵੇਗਾ ਜਿਸ ਲਈ ਫੰਡ ਪਹਿਲਾਂ ਹੀ ਮਨਜ਼ੂਰ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਗਲੇ ਸਾਲ ਕਬੱਡੀ ਕੱਪ ਇਕ ਮੈਚ ਪਠਾਨਕੋਟ ਵਿਖੇ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਇਕ ਸਾਲ ਦੇ ਅੰਦਰ-ਅੰਦਰ ਪਠਾਨਕੋਟ ਵਿਖੇ ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ, ਸਹਿਕਾਰੀ ਖੇਤੀਬਾੜੀ ਸੁਸਾਇਟੀ ਆਦਿ ਦਾ ਨਿਰਮਾਣ ਕਰ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸੂਬੇ ਵਿਚ 1700 ਕਰੋੜ ਮਨਜ਼ੂਰ ਕਰ ਦਿੱਤੇ ਗਏ ਹਨ ਜਿਸ ਨਾਲ ਅਗਲੇ 3 ਸਾਲ ਤੱਕ ਸਾਰੇ ਸ਼ਹਿਰਾਂ ਨੂੰ 4 -6 ਮਾਰਗੀ ਸੜਕਾਂ ਨਾਲ ਜੋੜ ਦਿੱਤਾ ਜਾਵੇਗਾ ਅਤੇ ਇਸ ਤੋਂ ਇਲਾਵਾ 40 ਹਜ਼ਾਰ ਕਰੋੜ ਦੀ ਲਾਗਤ ਨਾਲ ਉਸਾਰੇ ਗਏ 3 ਥਰਮਲ ਪਲਾਂਟ ਅਗਲੇ 6 ਮਹੀਨੇ ਤੱਕ ਬਿਜਲੀ ਉਤਾਪਾਦਨ ਸ਼ੁਰੂ ਕਰ ਦੇਣਗੇ। ਉਨ੍ਹਾਂ ਕਿਹਾ ਕਿ ਨਵੀਂ ਉਦਯੋਗਿਕ ਨੀਤੀ ਤਹਿਤ ਨੀਮ ਪਹਾੜੀ, ਕੰਢੀ ਤੇ ਸਰਹੱਦੀ ਜਿਲਿਆਂ ਲਈ ਵਿਸ਼ੇਸ਼ ਰਿਆਇਤਾਂ ਦਾ ਐਲਾਨ ਕੀਤਾ ਗਿਆ ਹੈ ਜਿਸ ਤਹਿਤ ਪਠਾਨਕੋਟ ਨੂੰ ਸਭ ਤੋਂ ਵੱਧ ਲਾਭ ਹੋਵੇਗਾ।ਇਸ ਮੌਕੇ ਮੁੱਖ ਤੌਰ ‘ਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਦਿਨੇਸ਼ ਬੱਬੂ, ਵਿਧਾਇਕ ਅਸ਼ਵਨੀ ਸ਼ਰਮਾ ਤੇ ਸੀਮਾ ਕੁਮਾਰੀ, ਸਾਬਕਾ ਸਾਂਸਦ ਵਿਨੋਦ ਖੰਨਾ, ਭਾਜਪਾ ਨੇਤਾ ਸਵਰਨ ਸਲਾਰੀਆ, ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ , ਡੀ.ਸੀ. ਸਿਬਨ .ਸੀ.ਤੇ ਐਸ.ਐਸ.ਪੀ. ਐਸ.ਕੇ. ਕਾਲੀਆ ਆਦਿ ਹਾਜ਼ਰ ਸਨ।