April 29, 2026 11:46 am

ਧਾਰਮਿਕ ਦਰਸ਼ਨ ਯਾਤਰਾ ਦਾ ਜ਼ੀਰਾ ਪੁੱਜਣ ਤੇ ਹਜ਼ਾਰਾਂ ਸੰਗਤਾਂ ਵੱਲੋਂ ਸ਼ਾਨਦਾਰ ਸਵਾਗਤ

ਜ਼ੀਰਾ/ਫ਼ਿਰੋਜ਼ਪੁਰ 17 ਮਈ (ਪੀ. ਟੀ.) ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਉਪਰਾਲੇ ਸਦਕਾ ਗੁਰੂ ਸਾਹਿਬਾਨ ਦੀਆਂ ਦੁਰਲੱਭ ਪਾਵਨ ਨਿਸ਼ਾਨੀਆਂ ਦੀ ਧਾਰਮਿਕ ਦਰਸ਼ਨ  ਯਾਤਰਾ ਨੇ ਅੱਜ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਵਿਧਾਨ ਸਭਾ ਹਲਕੇ ਵਿਚ ਪਰਵੇਸ਼ ਕੀਤਾ। ਹਲਕੇ ਦੇ ਪਿੰਡ ਤਲਵੰਡੀ ਜੱਲੇ ਖਾਂ ਵਿਖੇ ਹਲਕੇ ਦੇ ਵਿਧਾਇਕ ਜਥੇਦਾਰ ਹਰੀ ਸਿੰਘ ਜ਼ੀਰਾ, ਡਿਪਟੀ ਕਮਿਸ਼ਨਰ ਇੰਜੀ:ਡੀ.ਪੀ.ਐਸ.ਖਰਬੰਦਾ, ਸ: ਅਵਤਾਰ ਸਿੰਘ ਮਿੰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਫ਼ਿਰੋਜ਼ਪੁਰ, ਸ.ਹਰਦਿਆਲ ਸਿੰਘ ਮਾਨ ਐਸ.ਐਸ.ਪੀ.ਫ਼ਿਰੋਜਪੁਰ,ਐਸ.ਜੀ.ਪੀ.ਸੀ ਮੈਂਬਰਾਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਸਵਾਗਤ ਕੀਤਾ। ਦੂਜੇ ਪਾਸੇ ਤਲਵੰਡੀ ਜੱਲੇ ਖਾਂ  ਵਿਖੇ ਹੀ ਯਾਤਰਾ ਨੂੰ ਵਿਦਾਈ ਦੇਣ ਲਈ ਮੋਗੇ ਵਾਲੇ ਪਾਸੀਓ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ,ਡਿਪਟੀ ਕਮਿਸ਼ਨਰ ਮੋਗਾ ਸ.ਪਰਮਿੰਦਰ ਸਿੰਘ ਗਿੱਲ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

ਇਸ ਮੌਕੇ ਵਿਧਾਇਕ ਜਥੇਦਾਰ ਹਰੀ ਸਿੰਘ ਜ਼ੀਰਾ ਤੇ ਸ: ਅਵਤਾਰ ਸਿੰਘ ਮਿੰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਫ਼ਿਰੋਜ਼ਪੁਰ ਨੇ ਕਿਹਾ ਕਿ ਪੰਜਾਬ ਭਰ ਦੀਆਂ ਸੰਗਤਾਂ ਨੂੰ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੁਰੂ ਕੀਤੀ ਗਈ ਧਾਰਮਿਕ ਦਰਸ਼ਨ ਦੀਦਾਰ ਯਾਤਰਾ ਨੌਜਵਾਨ ਪੀੜੀ ਨੂੰ ਆਪਣੇ ਵਿਰਸੇ ਨਾਲ ਜੋੜਨ ਵਿਚ ਮੀਲ ਪੱਥਰ ਸਾਬਤ  ਹੋਵੇਗੀ। ਜਿੱਥੇ ਜਿੱਥੇ ਵੀ ਇਹ ਯਾਤਰਾ ਜਾ ਰਹੀ ਹੈ ਉੱਥੇ ਸੰਗਤਾਂ ਖ਼ਾਸ ਕਰਕੇ ਨੌਜਵਾਨ ਵਰਗ ਵਿਚ ਆਪਣੇ ਧਰਮ, ਵਿਰਸੇ ਅਤੇ ਇਤਿਹਾਸ ਪ੍ਰਤੀ ਨਵੀਂ ਚੇਤਨਾ ਆ ਰਹੀ ਹੈ।

Send this to a friend