April 28, 2026 11:10 pm

ਹੋਂਦ ਚਿੱਲੜ ਪਿੰਡ ’ਚ ਮਾਰੇ ਗਏ ਸਿੱਖਾਂ ਦਾ ਮਿਲਿਆ ਭਾਰੀ ਖਜ਼ਾਨਾ

ਰੇਵਾੜੀ, 15 ਮਈ (ਪੀ. ਟੀ.)-ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ 2 ਨਵੰਬਰ 1984 ਨੂੰ ਹੋਂਦ ਚਿੱਲੜ ਜ਼ਿਲ੍ਹਾ ਰੇਵਾੜੀ ਵਿੱਚ ਵੱਸਦੇ 32 ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਪੂਰੇ ਪਿੰਡ ਨੂੰ ਜਲ਼ਾ ਕੇ ਖੰਡਰਾਂ ਦਾ ਰੂਪ ਬਣਾ ਦਿਤਾ ਗਿਆ ਸੀ । ਬਚੇ ਖੁਚੇ ਪਿੰਡ ਵਾਸੀ ਡਰਦੇ ਮਾਰੇ ਇਸ ਪਿੰਡ ਨੂੰ ਛੱਡ ਕੇ ਭੱਜ ਗਏ ਸਨ । 26 ਸਾਲਾਂ ਤੱਕ ਇਹਨਾਂ ਦੀ ਕਿਸੇ ਵੀ ਸਰਕਾਰ ਨੇ ਬਾਤ ਨਹੀਂ ਪੁੱਛੀ ਸੀ । ਜਨਵਰੀ 2011 ਵਿਚ ਗੁੜਗਾਉਂ ਵਿੱਚ ਨੌਕਰੀ ਕਰਦੇ ਸਿੱਖ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਦੁਆਰਾ ਇਸ ਪਿੰਡ ਨੂੰ ਦੁਨੀਆ ਸਾਹਮਣੇ ਪ੍ਰਗਟ ਕੀਤਾ ਅਤੇ ਇਸ ਪਿੰਡ ਵਿੱਚ ਕਤਲ ਕੀਤੇ ਸਿੱਖਾਂ ਦੀ ਯਾਦ ਵਿੱਚ ਮਾਰਚ 2011 ਨੂੰ ਅਖੰਡ ਪਾਠ ਸਾਹਿਬ ਕਰਵਾਇਆ ਗਿਆ ਸੀ। ਇਸੇ ਦਿਨ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਇਸ ਪਿੰਡ ਨੂੰ ਸੰਭਾਲਣ ਅਤੇ ਯਾਦਗਾਰ ਬਣਾਉਣ ਲਈ ਨੀੰਹ ਪੱਥਰ ਵੀ ਰੱਖਿਆ ਗਿਆ ਸੀ ਤਾਂ ਕਿ ਇਸ ਪਿੰਡ ਨੂੰ ਜਲਿਆਂ ਵਾਲ਼ਾ ਬਾਗ ਦੀ ਤਰਜ ਤੇ

ਸੰਭਾਲ਼ਿਆ ਜਾ ਸਕੇ । ਚੇਤੇ ਰਹੇ ਕਿ ਸ੍ਰੋਮਣੀ ਕਮੇਟੀ ਵਲੋਂ ਅੰਤ੍ਰਿਗ ਕਮੇਟੀ ਦੀ ਮੀਟਿੰਗ ਵਿੱਚ ਪੀੜਤਾਂ ਦੀ ਰਾਏ ਨਾਲ਼ ਯਾਦਗਾਰ ਬਣਾਉਣ ਸਬੰਧੀ ਮਤਾ ਵੀ ਪਾਇਆ ਹੋਇਆ ਹੈ। ਸਰਕਾਰ ਦੁਆਰਾ ਜਸਟਿਸ ਟੀ.ਪੀ. ਗਰਗ ਕਮਿਸ਼ਨ ਦਾ ਗਠਨ ਕੀਤਾ ਗਿਆ । ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸਨ ਸਿੰਘ ਘੋਲ਼ੀਆ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ਼ ਇਸ ਕੇਸ ਨੂੰ ਲੜਿਆ ਗਿਆ ਅਤੇ ਚਾਰ ਸਾਲਾਂ ਬਾਅਦ ਮਾਰਚ 2015 ਨੂੰ ਗਰਗ ਕਮਿਸ਼ਨ ਵਲੋਂ ਸਰਕਾਰ ਨੂੰ ਰਿਪੋਰਟ ਸੌਂਪੀ ਗਈ ਜਿਹੜੀ ਕਿ ਸਰਕਾਰ ਦੁਆਰਾ ਅਜੇ ਤੱਕ ਜਨਤਕ ਨਹੀਂ ਕੀਤੀ ਗਈ । ਗਰਗ ਕਮਿਸ਼ਨ ਹੁਣ ਗੁੜਗਾਉਂ ਪਟੌਦੀ ਦੇ ਕੇਸਾਂ ਦੀ ਸੁਣਵਾਈ ਕਰ ਰਿਹਾ ਹੈ । ਪਿਛਲੇ ਦਿਨੀ ਜਥੇਦਾਰ ਸਾਹਿਬ ਦੁਆਰਾ ਲਗਾਇਆ ਪੱਥਰ ਸ਼ਰਾਰਤੀਆਂ ਦੁਆਰਾ ਤੋੜਿਆ ਗਿਆ ਸੀ । ਇਸ ਗੱਲ ਨੂੰ ਹੋਦ ਚਿੱਲੜ ਤਾਲਮੇਲ ਕਮੇਟੀ ਦੀ ਟੀਮ ਨੇ ਅਦਾਲਤ ਨੂੰ ਦੱਸਿਆ ਅਤੇ ਅਦਾਲਤ ਨੇ ਇਸ ਦਾ ਸਟੇਟਸ ਕੋ ਕਰ ਦਿਤਾ ਗਿਆ ਸੀ।
ਦੋ ਦਿਨ ਪਹਿਲਾਂ ਇਹਨਾਂ ਖੰਡਰਾਂ ਨੂੰ ਨੁਕਸਾਨ ਪਹੁੰਚਾਉਣ ਦੇ ਮੰਤਵ ਨਾਲ਼ ਨਾਥੂ ਰਾਮ ( ਜਿਸ ਨੇ ਸਿੱਖਾਂ ਦੀ ਜਮੀਨ ਨੂੰ ਲੁੱਟ ਦੇ ਭਾਅ ਖਰੀਦਿਆ ਸੀ ) ਨੇ ਖੰਡਰਾਂ ਦੀਆਂ ਨੀਂਹਾਂ ਨੂੰ ਜੇ.ਸੀ.ਬੀ. ਨਾਲ਼ ਪੁੱਟਿਆ । ਚਸਮਦੀਨ ਗੁਰਜੀਤ ਸਿੰਘ ਪਟੌਦੀ ਦੇ ਦੱਸਣ ਮੁਤਾਬਕ ਉਸ ਨੂੰ ਏਥੋ ਤਿੰਨ ਚਾਰ ਤਾਂਬੇ ਦੇ ਘੜੇ ਸੋਨੇ ਦੀਆਂ ਮੋਹਰਾਂ ਅਤੇ ਅੰਗਰੇਜ ਕਾਲ਼ ਵੇਲ਼ੇ ਦੇ ਸਿੱਕਿਆਂ ਦੇ ਭੰਡਾਰ ਮਿਲ਼ੇ । ਇਸ ਦੱਬੇ ਹੋਏ ਖਜਾਨੇ ਕਾਰਨ ਇਹ ਪਿੰਡ ਇਲਾਕੇ ਵਿੱਚ ਫਿਰ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ। ਇਲਾਕੇ ਦੇ ਲੋਕ ਵੀ ਖਜਾਨੇ ਦੇ ਚੱਕਰ ਵਿੱਚ ਇਸ ਪਿੰਡ ਨੂੰ ਏਥੋ ਓਧਰੋ ਖੋਦਣ ਵਿੱਚ ਲੱਗੇ ਹਨ, ਜਿਸ ਨਾਲ਼ ਖੰਡਰ ਹੋਈਆਂ ਹਵੇਲੀਆਂ ਤਬਾਹ ਹੋਣ ਦੀ ਕਗਾਰ ਵਿੱਚ ਹਨ । ਅੱਜ ਜਦੋਂ ਹੋਦ ਚਿੱਲੜ ਤਾਲਮੇਲ ਕਮੇਟੀ ਦੀ ਟੀਮ ਨੇ ਦੌਰਾ ਕੀਤਾ ਤਾਂ ਉਹਨਾਂ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਪਿੰਡ ਸਿੱਖ ਸਮਾਜ਼ ਦੀ ਧਰੋਰਹ ਹੈ । ਏਥੇ ਸਿੱਖ ਪਰਿਵਾਰ ਵੱਸਦੇ ਸਨ ਅਤੇ ਉਹਨਾਂ ਦੀ ਹੋਂਦ ਨੂੰ ਸਾਬਤ ਕਰਦਾ ਹੈ । ਅਗਰ ਇਸ ਦੀਆਂ ਹਵੇਲੀਆਂ ਗਿਰ ਗਈਆਂ ਤਾਂ ਸਿੱਖਾਂ ਦੀ ਇਸ ਪਿੰਡ ਵਿੱਚੋਂ ਹੋਂਦ ਦਾ ਸਬੂਤ ਹੋਦ ਪਿੰਡ ਵਿੱਚ ਮਿਟ ਜਾਵੇਗਾ । ਉਹਨਾਂ ਕਿਹਾ ਕਿ ਉਹ ਜਲਦੀ ਹੀ ਇਸ ਸਬੰਧੀ ਗਰਗ ਕਮਿਸ਼ਨ ਨੂੰ ਸਿਕਾਇਤ ਕਰਨਗੇ ਅਤੇ ਖੰਡਰਾਂ ਨੂੰ ਨੁਕਸਾਨ ਪਹੁੰਚਾਉਣ ਵਾਲ਼ਿਆਂ ਤੇ ਪਰਚਾ ਦਰਜ ਕਰਵਾਉਣ ਲਈ ਕਹਿਣਗੇ ਨਾਲ਼ ਹੀ ਉਹ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਪ੍ਰਧਾਨ ਐਸ.ਜੀ.ਪੀ.ਸੀ ਨੂੰ ਵੀ ਰਿਪੋਰਟ ਬਣਾ ਕੇ ਭੇਜਣਗੇ ਕਿ ਉਹ ਜਲਦੀ ਤੋਂ ਜਲਦੀ ਇਸ ਪਿੰਡ ਨੂੰ ਸੰਭਾਲਣ ਦਾ ਉਪਰਾਲਾ ਕਰੇ ਤਾ ਜੋ ਇਹ ਕੌਮੀ ਧਰੋਰਹ ਨੂੰ ਮਿੱਟੀ ਵਿੱਚ ਮਿਲਣ ਤੋਂ ਬਚਾਇਆ ਜਾ ਸਕੇ ਅਤੇ ਨਾਥੂ ਰਾਮ ਵਲੋਂ ਕਬਜੇ ਵਿੱਚ ਲਏ ਖਜਾਨੇ ਨੂੰ ਉਹਨਾਂ ਦੇ ਅਸਲੀ ਵਾਰਸਾ ਨੂੰ ਦਿਲਵਾਇਆ ਜਾ ਸਕੇ।

Send this to a friend