April 28, 2026 11:05 pm

ਵਾਲਮੀਕ ਯੂਥ ਫੈਡਰੇਸ਼ਨ ਨੇ ਫੂਕਿਆ ਪ੍ਰਿੰਸੀਪਲ ਦਾ ਪੁਤਲਾ

ਫਿਰੋਜ਼ਪੁਰ, 15 ਮਈ (ਮਹਿੰਦਰ ਸਿੰਘ ਥਿੰਦ)- ਭਾਰਤੀਯ ਵਾਲਮੀਕ ਯੂਥ ਫ਼ੈਡਰੇਸ਼ਨ ਵੱਲੋਂ ਅੱਜ ਗੁਰੂਹਰਸਹਾਏ ਦੇ ਇਕ ਨਿੱਜੀ ਸਕੂਲ ਵਿਰੁੱਧ ਬਜ਼ਾਰਾਂ ਵਿਚ ਰੋਸ ਮੁਜਾਹਰਾ ਕੱਢਿਆ ਗਿਆ ਅਤੇ ਪ੍ਰਿੰਸੀਪਲ ਵਿਰੁੱਧ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੀ ਅਗਵਾਈ ਕਰਦੇ ਹੋਏ ਪੰਜਾਬ ਦੇ ਵਾਈਸ ਪ੍ਰਧਾਨ ਬਿੱਟੂ ਭੀਵਾਲ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਸਕੂਲ ਦੀ 7ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇਕ ਹਿੰਦੀ ਪੁਸਤਕ ਲਗਵਾਈ ਗਈ ਹੈ, ਜਿਸ ਵਿੱਚ ਭਗਵਾਨ ਵਾਲਮੀਕ ਦੇ ਪ੍ਰਤੀ ਗਲਤ ਤਸਵੀਰਾਂ ਅਤੇ ਲਿਖਤ ਲਿਖ ਕੇ ਵਾਲਮੀਕ ਸਮਾਜ ਵਿਰੁੱਧ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਜਿਸ ਲਈ ਸਕੂਲ ਦਾ ਪ੍ਰਿੰਸੀਪਲ ਅਤੇ ਪ੍ਰਕਾਸ਼ਕ ਦੋਵੇਂ ਜ਼ਿੰਮੇਵਾਰ ਬਣਦੇ ਹਨ ਅਤੇ ਪ੍ਰਸ਼ਾਸਨ ਨੂੰ ਕਈ ਵਾਰ ਇੰਨ੍ਹਾਂ ਵਿਰੁੱਧ ਮੰਗ ਪੱਤਰ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਪ੍ਰਿੰਸੀਪਲ ਵਿਰੁੱਧ ਪਰਚਾ ਦਰਜ ਕਰਕੇ ਸਮਾਜ ਨੂੰ ਇਨਸਾਫ਼ ਦਿੱਤਾ ਜਾਵੇ। ਸ਼ਹਿਰ

ਵਿੱਚ ਵਾਲਮੀਕ ਸਮਾਜ ਦੇ ਲੋਕਾਂ ਵੱਲੋਂ ਪ੍ਰਦਰਸ਼ਨ ਤੋਂ ਬਾਅਦ ਲਾਈਟਾਂ ਵਾਲੇ ਚੌਕ ਵਿੱਚ ਪ੍ਰਿੰਸੀਪਲ ਦਾ ਪੁਤਲਾ ਫੂਕਿਆ ਗਿਆ। ਜਦੋਂ ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਪ੍ਰਤਾਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਕਿਤਾਬ ਉਨ੍ਹਾਂ ਦੇ ਸਕੂਲ ਵਿੱਚ ਨਹੀਂ ਲਗਵਾਈ ਗਈ। ਇਸ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਇਸ ਸਬੰਧੀ ਡੀ.ਐਸ.ਪੀ. ਸੁਲੱਖਣ ਸਿੰਘ ਮਾਨ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪੂਰੀ ਮੁਸਤੈਦੀ ਨਾਲ ਇਸ ਸਾਰੇ ਮਸਲੇ ਨੂੰ ਦੋਵਾਂ ਧਿਰਾਂ ਨਾਲ ਗੱਲਬਾਤ ਕਰਕੇ ਨਜਿੱਠਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸੇ ਮਾਮਲੇ ਸਬੰਧੀ ਸਾਲ 2013 ਵਿੱਚ ਜਲੰਧਰ ਸਿਟੀ ਥਾਣੇ ਅੰਦਰ ਇਕ ਮੁਕੱਦਮਾ ਦਰਜ ਹੋਇਆ ਸੀ ਅਤੇ ਉਸ ਤੋਂ ਬਾਅਦ ਇਹ ਵਿਵਾਦਗ੍ਰਸਤ ਕਿਤਾਬ (ਗਿਆਨ ਕਲਸ਼) ਬੰਦ ਕਰ ਦਿੱਤੀ ਗਈ ਸੀ। ਇਸ ਰੋਸ ਪ੍ਰਦਰਸ਼ਨ ਮੌਕੇ ਅਮਰਜੀਤ ਸਿੰਘ ਰੰਧਾਵਾ ਮੋਤੀ ਵਾਲਾ, ਫੂਲ ਚੰਦ, ਜੰਗੀਰ ਚੰਦ, ਪੂਰਨ ਚੰਦ, ਮੰਗਾ ਪ੍ਰਧਾਨ, ਬੱਬੂ, ਹਰਮੇਸ਼ ਲਾਲ, ਹਰਪ੍ਰੀਤ ਸਿੰਘ, ਰਾਜ ਕੁਮਾਰ, ਸੰਦੀਪ ਕੁਮਾਰ, ਸੋਨੂੰ, ਟੋਨਾ, ਸੁਨੀਲ ਕੁਮਾਰ, ਕਾਲਾ ਸੰਧੂ, ਰਜਿੰਦਰ ਕੁਮਾਰ, ਦੁੱਲਾ ਰਾਮ, ਬੰਟੀ ਆਦਿ ਹਾਜ਼ਰ ਸਨ।

Send this to a friend