April 28, 2026 1:22 pm

ਸੂਬਾ ਸਰਕਾਰ ਸਾਕਾ ਨੀਲਾ ਤਾਰਾ ਨਾਲ ਜੁੜੇ ਦੁਰਲੱਭ ਖਰੜੇ ਅਤੇ ਕਲਾਕ੍ਰਿਤਾਂ ਨੂੰ ਵਾਪਿਸ ਲਿਆਉਣ ਲਈ ਦ੍ਰਿੜ : ਬਾਦਲ

parksah ਰੱਖੜਾ (ਪਟਿਆਲਾ), 13 ਮਈ (ਪੀ. ਟੀ.)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਸਾਕਾ ਨੀਲਾ ਤਾਰਾ ਦੌਰਾਨ ਭਾਰਤੀ ਫੌਜ ਵੱਲੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਅੰਮ੍ਰਿਤਸਰ ਤੋਂ ਲਿਜਾਈਆਂ ਗਈਆਂ ਕਿਤਾਬਾਂ, ਦੁਰਲੱਭ ਖਰੜਿਆਂ ਅਤੇ ਹੋਰ ਕਲਾਕ੍ਰਿਤਾਂ ਨੂੰ ਭਾਰਤ ਸਰਕਾਰ ਤੋਂ ਵਾਪਸ ਮੰਗਵਾਉਣ ਲਈ ਰਾਜ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ।ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਦੇ ਮਾਤਾ ਸਵ. ਜਸਵੰਤ ਕੌਰ ਦੀ ਸੱਤਵੀਂ ਬਰਸੀ ਮੌਕੇ ਕਰਤਾਰ ਵਿਲਾ ਵਿਖੇ ਆਯੋਜਿਤ ਸ਼ਰਧਾਂਜਲੀ ਸਮਾਰੋਹ ’ਚ ਸ਼ਾਮਲ ਹੋਣ ਪੁੱਜੇ ਮੁੱਖ ਮੰਤਰੀ ਸ. ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਦੁਰਲੱਭ ਕਲਾਕ੍ਰਿਤੀਆਂ ਹਰੇਕ ਸਿੱਖ ਲਈ ਇਤਿਹਾਸਕ ਅਤੇ ਧਾਰਮਿਕ ਮਹੱਤਵ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਕੀਮਤੀ ਦਸਤਾਵੇਜ਼ਾਂ ਨੂੰ ਰਾਜ ’ਚ ਵਾਪਸ ਲਿਆਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ।

ਪੰਜਾਬੀ ਬੋਲਦੇ ਇਲਾਕਿਆਂ ਅਤੇ ਚੰਡੀਗੜ੍ਹ, ਪੰਜਾਬ ਨੂੰ ਦਿਵਾਉਣ ਦੇ ਮਾਮਲੇ ’ਤੇ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜ਼ੋਰਦਾਰ ਢੰਗ ਨਾਲ ਭਾਰਤ ਸਰਕਾਰ ਕੋਲ ਇਹ ਮੁੱਦੇ ਚੁੱਕਦਾ ਰਹੇਗਾ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸਮੇਂ ਸਮੇਂ ਦੀਆਂ ਕਾਂਗਰਸ ਦੀ ਅਗਵਾਈ ਵਾਲੀਆਂ ਕੇਂਦਰ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਇਸ ਦੀ ਰਾਜਧਾਨੀ, ਦਰਿਆਈ ਪਾਣੀਆਂ ਵਿੱਚੋਂ ਬਣਦਾ ਕਾਨੂੰਨੀ ਹਿੱਸਾ ਅਤੇ ਇਥੋ ਤੱਕ ਕੇ ਪੰਜਾਬੀ ਬੋਲਦੇ ਇਲਾਕੇ ਸੂਬੇ ਨੂੰ ਦੇਣ ਤੋਂ ਇਨਕਾਰ ਕਰਕੇ ਘੋਰ ਅਨਿਆਂ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਭਾਸ਼ਾ ਦੇ ਆਧਾਰ ’ਤੇ ਬਣੇ ਰਾਜਾਂ ’ਚ ਪੰਜਾਬ ਤੋਂ ਇਲਾਵਾ ਸ਼ਾਇਦ ਹੀ ਅਜਿਹਾ ਕੋਈ ਰਾਜ ਹੋਵੇਗਾ ਜਿਥੇ ਰਾਜ ਨੂੰ ਉਸਦੀ ਰਾਜਧਾਨੀ ਨਾ ਦਿੱਤੀ ਗਈ ਹੋਵੇ। ਸ. ਬਾਦਲ ਨੇ ਕਿਹਾ ਕਿ ਇਹ ਸਹੀ ਸਮਾਂ ਹੈ ਜਦੋਂ ਕੇਂਦਰ ਸਰਕਾਰ ਵੱਲੋਂ ਰਾਜ ਨੂੰ ਉਸਦੀ ਰਾਜਧਾਨੀ ਵਾਪਸ ਦੇ ਕੇ ਰਾਜ ਦੇ ਨਾਲ ਨਿਆਂ ਕਰਨਾ ਚਾਹੀਦਾ ਹੈ।
ਭੂਮੀ ਅਧਿਗ੍ਰਹਿਣ ਬਿੱਲ ਸਬੰਧੀ ਟਿੱਪਣੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭੂਮੀ ਅਧਿਗ੍ਰਹਿਣ ਦਾ ਪੰਜਾਬ ਦਾ ਮਾਡਲ ਦੇਸ਼ ਵਿੱਚ ਸਭ ਤੋਂ ਚੰਗਾ ਹੈ ਅਤੇ ਇਸ ਨੂੰ ਰਾਸ਼ਟਰੀ ਪੱਧਰ ’ਤੇ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਤੋਂ ਜ਼ਮੀਨ ਹਾਸਲ ਕਰਨ ਸਬੰਧੀ ਸਹਿਮਤੀ, ਢੁਕਵਾਂ ਮੁਆਵਜ਼ਾ ਅਤੇ ਮੁੜ ਵਸੇਬੇ ਬਾਰੇ ਉਪਬੰਧ ਜ਼ਰੂਰੀ ਹਨ। ਸ. ਬਾਦਲ ਨੇ ਕਿਹਾ ਕਿ ਕਿਸਾਨ ਆਪਣੀ ਜ਼ਮੀਨ ਨੂੰ ਬੱਚੇ ਨਾਲੋਂ ਵੱਧ ਪਿਆਰ ਕਰਦਾ ਹੈ ਜਿਸ ਕਰਕੇ ਉਸਦੀ ਸਹਿਮਤੀ ਤੋਂ ਬਿਨਾਂ ਜ਼ਮੀਨ ਸਬੰਧੀ ਕੋਈ ਵੀ ਕਦਮ ਨਹੀਂ ਚੁਕਿਆ ਜਾਣਾ ਚਾਹੀਦਾ।
ਇੱਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਸੂਬੇ ਵਿੱਚ ਹਰ ਕੀਮਤ ’ਤੇ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਕਾਨੂੰਨ ਤੇ ਵਿਵਸਥਾ ਦੀ ਸਮੱਸਿਆ ਨਾਲ ਸਬੰਧਤ ਮਾੜੀਆਂ ਮੋਟੀਆਂ ਘਟਨਾਵਾਂ ਹਰ ਰਾਜ ਵਿੱਚ ਹੁੰਦੀਆਂ ਹਨ ਅਤੇ ਇਥੋਂ ਤੱਕ ਕਿ ਅਮਰੀਕਾ ਵਰਗੇ ਦੇਸ਼ ਵੀ ਇਸ ਤੋਂ ਅਛੂਤੇ ਨਹੀਂ ਹਨ। ਸ. ਬਾਦਲ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਰਾਜ ਵਿੱਚ ਅਮਨ ਤੇ ਕਾਨੂੰਨ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਮੁਖੀ ਵਜੋਂ ਸ. ਤਾਰਾ ਸਿੰਘ ਦੀ ਨਿਯੁਕਤੀ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਸਿੱਖਾਂ ਦੇ ਮਨਾਂ ਨੂੰ ਠੇਸ ਪੁੱਜੀ ਹੈ, ਕਿਉਂਕਿ ਹਰੇਕ ਸਿੱਖ ਆਪਣੇ ਧਾਰਮਿਕ ਮਾਮਲਿਆਂ ਵਿੱਚ ਰਾਜਸੀ ਦਖਲਅੰਦਾਜ਼ੀ ਦੇ ਖਿਲਾਫ਼ ਹੈ। ਸ. ਬਾਦਲ ਨੇ ਕਿਹਾ ਕਿ ਉਹ ਪਹਿਲਾਂ ਹੀ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ ਦੇ ਧਿਆਨ ਵਿੱਚ ਲਿਆ ਚੁੱਕੇ ਹਨ। ਉਨ੍ਹਾਂ ਹੋਰ ਕਿਹਾ ਕਿ ‘‘ਮੈਨੂੰ ਯਕੀਨ ਹੈ ਕਿ ਇਹ ਮਾਮਲਾ ਜਲਦੀ ਹੀ ਹੱਲ ਹੋ ਜਾਵੇਗਾ।’’
ਇੱਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਨੇ ਆਪਣੇ ਕਾਰਜਕਾਲ ਦੇ ਏਨੇ ਘੱਟ ਸਮੇਂ ਅੰਦਰ ਹੀ ਰਾਜ ਨੂੰ ਅਨੇਕਾਂ ਮਹੱਤਵਪੂਰਨ ਪ੍ਰੋਜੈਕਟ ਦਿੱਤੇ ਹਨ ਜਿਹੜੇ ਕਿ ਰਾਜ ਨੂੰ ਵਿਕਾਸ ਪੱਖੋਂ ਬੁ¦ਦੀਆਂ ’ਤੇ ਲਿਜਾਉਣ ’ਚ ਸਹਾਇਕ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਰਾਜ ਦੇ ਪਵਿੱਤਰ ਸ਼ਹਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਹਰਿਦੇ ਸਕੀਮ ਤਹਿਤ ਵਿਰਾਸਤੀ ਸ਼ਹਿਰ ਵਜੋਂ ਚੁਣਨਾ, ਕੇਂਦਰ ਵੱਲੋਂ ਇਸ ਦੇ ਵਿਕਾਸ ਲਈ ਕਈ ਸੌ ਕਰੋੜ ਰੁਪਏ ਦੀ ਸਹਾਇਤਾ ਨੂੰ ਯਕੀਨੀ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਜਲ੍ਹਿਆਂਵਾਲਾ ਬਾਗ ਨੂੰ ਸਭਿਆਚਾਰਕ ਵਿਸ਼ਵ ਵਿਰਾਸਤੀ ਥਾਵਾਂ ਵਿੱਚ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਇਸ ਦੇ ਬੁਨਿਆਦੀ ਢਾਂਚੇ ’ਚ ਸੁਧਾਰ ਲਈ ਵਿਸ਼ੇਸ਼ ਮਦਦ ਪ੍ਰਦਾਨ ਕੀਤੀ ਜਾ ਸਕੇ।
ਮੁੱਖ ਮੰਤਰੀ ਨੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ, ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਪੋਸਟ ਗ੍ਰੈਜੂਏਟ ਹੋਰਟੀਕਲਚਰ ਰਿਸਰਚ ਐਂਡ ਐਜੂਕੇਸ਼ਨਲ ਇੰਸਟੀਚਿਊਟ ਜਿਹੇ ਮਾਣਾਂਮੱਤੇ ਪ੍ਰੋਜੈਕਟ ਪੰਜਾਬ ਨੂੰ ਦੇਣ ਲਈ ਕੀਤੇ ਫੈਸਲਿਆਂ ਲਈ ਵੀ ਐਨ.ਡੀ.ਏ ਦੀ ਸ਼ਲਾਘਾ ਕੀਤੀ।
ਇਸ ਤੋਂ ਪਹਿਲਾਂ ਸਵ. ਮਾਤਾ ਜਸਵੰਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸ. ਬਾਦਲ ਨੇ ਕਿਹਾ ਕਿ ਮਾਂ-ਬਾਪ ਦੇ ਸਤਿਕਾਰ ਦੀ ਭਾਵਨਾ ਨੇ ਹੀ ਰੱਖੜਾ ਪਰਿਵਾਰ ਨੂੰ ਬੁ¦ਦੀਆਂ ’ਤੇ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਬਹੁਤ ਘੱਟ ਪਰਿਵਾਰ ਹਨ ਜਿਹੜੇ ਮਾਂ-ਬਾਪ ਦੇ ਚਲੇ ਜਾਣ ਤੋਂ ਬਾਅਦ ਵੀ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਬਰਸੀ ਮਨਾਉਂਦੇ ਹਨ। ਸ. ਬਾਦਲ ਨੇ ਕਿਹਾ ਕਿ ਮਾਤਾ ਜਸਵੰਤ ਕੌਰ ਨੇਕ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ ਅਤੇ ਸਮਾਜਿਕ ਤੇ ਧਾਰਮਿਕ ਤੌਰ ’ਤੇ ਉਨ੍ਹਾਂ ਨੇ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਮਾਂ ਦਾ ਰਿਸ਼ਤਾ ਬੜਾ ਪਵਿੱਤਰ ਹੁੰਦਾ ਹੈ ਅਤੇ ਜੋ ਮਾਪੇ ਅਤੇ ਅਧਿਆਪਕ ਬੱਚਿਆਂ ਨੂੰ ਸਿਖਾ ਸਕਦੇ ਹਨ ਉਹ ਕੋਈ ਹੋਰ ਨਹੀਂ ਸਿਖਾ ਸਕਦਾ।
          ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਪ੍ਰਵਾਸੀ ਭਾਰਤੀ ਸ. ਦਰਸ਼ਨ ਸਿੰਘ ਧਾਲੀਵਾਲ, ਸ. ਚਰਨਜੀਤ ਸਿੰਘ ਰੱਖੜਾ, ਸਾਬਕਾ ਐਮ.ਪੀ ਬੀਬਾ ਅਮਰਜੀਤ ਕੌਰ, ਸਾਬਕਾ ਮੰਤਰੀ ਸ. ਅਜਾਇਬ ਸਿੰਘ ਮੁਖਮੇਲਪੁਰ, ਵਿਧਾਇਕਾ ਸ਼ੁਤਰਾਣਾ ਵਨਿੰਦਰ ਕੌਰ ਲੂੰਬਾ, ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਇੰਦਰਮੋਹਨ ਸਿੰਘ ਬਜਾਜ, ਦਿਹਾਤੀ ਪ੍ਰਧਾਨ ਦੀਪਿੰਦਰ ਸਿੰਘ ਢਿੱਲੋਂ, ਮੇਅਰ ਅਮਰਿੰਦਰ ਸਿੰਘ ਬਜਾਜ, ਯੂਥ ਅਕਾਲੀ ਦਲ ਮਾਲਵਾ ਜ਼ੋਨ -2 ਦੇ ਪ੍ਰਧਾਨ ਸ਼੍ਰੀ ਹਰਪਾਲ ਜੁਨੇਜਾ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ਼੍ਰੀ ਮਹਿੰਦਰ ਸਿੰਘ ਲਾਲਵਾ, ਚੇਅਰਮੈਨ ਜ਼ਿਲ੍ਹਾ ਪਰਿਸ਼ਦ ਜਸਪਾਲ ਸਿੰਘ ਕਲਿਆਣ, ਚੇਅਰਮੈਨ ਮੁਲਾਜ਼ਮ ਭਲਾਈ ਬੋਰਡ ਸ. ਸੁਰਿੰਦਰ ਸਿੰਘ ਪਹਿਲਵਾਨ, ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਰਾਜ ਖੁਰਾਣਾ, ਭਾਜਪਾ ਦੇ ਸੂਬਾ ਸਕੱਤਰ ਗੁਰਤੇਜ ਸਿੰਘ ਢਿੱਲੋਂ, ਸਾਬਕਾ ਚੇਅਰਮੈਨ ਪਨਸੀਡ ਸੁਰਜੀਤ ਸਿੰਘ ਅਬਲੋਵਾਲ, ਸਾਬਕਾ ਚੇਅਰਮੈਨ ਪਨਗ੍ਰੇਨ ਰਣਧੀਰ ਸਿੰਘ ਰੱਖੜਾ, ਸਾਬਕਾ ਚੇਅਰਮੈਨ ਐਸ.ਐਸ. ਬੋਰਡ ਸ. ਤਜਿੰਦਰਪਾਲ ਸਿੰਘ ਸੰਧੂ, ਇੰਚਾਰਜ ਪਟਿਆਲਾ ਦਿਹਾਤੀ ਸ਼੍ਰੀ ਭਗਵਾਨ ਦਾਸ ਜੁਨੇਜਾ, ਇੰਚਾਰਜ ਨਾਭਾ ਸ. ਮੱਖਣ ਸਿੰਘ ਲਾਲਕਾ, ਚੇਅਰਮੈਨ ਧਰਮ ਸਿੰਘ ਧਾਰੋਕੀ, ਪ੍ਰੋ. ਬਲਦੇਵ ਸਿੰਘ ਬੱਲੂਆਣਾ, ਸਤਵਿੰਦਰ ਸਿੰਘ ਟੌਹੜਾ, ਨਿਰਮਲ ਸਿੰਘ ਹਰਿਆਊ, ਕੁਲਦੀਪ ਸਿੰਘ ਨੱਸੂਪੁਰ, ਰਣਜੀਤ ਸਿੰਘ ਨਿੱਕੜਾ, ਸਤਬੀਰ ਸਿੰਘ ਖੱਟੜਾ, ਹਰੀ ਸਿੰਘ ਪ੍ਰੀਤ, ਵਿਸ਼ਨੂ ਸ਼ਰਮਾ, ਅਜੀਤਪਾਲ ਸਿੰਘ ਕੋਹਲੀ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਰਵੀ ਆਹਲੂਵਾਲੀਆ, ਨਰਦੇਵ ਸਿੰਘ ਆਕੜੀ, ਜਸਵਿੰਦਰ ਸਿੰਘ ਚੀਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।
ਨੰ: ਲਸਪ (ਪ੍ਰੈ:ਰੀ:)-15/

Send this to a friend