April 28, 2026 10:20 am

ਨੇਪਾਲੀ ਭੁਚਾਲ ਪੀੜਤਾਂ ਲਈ ਪੰਜਾਬੀ ਨਿਤਰੇ ਮੋਮਬੱਤੀ ਸਮਾਗਮ ਸ਼ਰਧਾ ਦਾ ਪ੍ਰਤੀਕ ਰਿਹਾ

ਮੈਰੀਲੈਂਡ, 11 ਮਈ (ਗਿੱਲ)- ਨੇਪਾਲੀ ਕਮਿਊਨਿਟੀ ਵੱਲੋਂ ਬਾਲਟੀਮੋਰ ਦੀ ਹਾਰਬਰ ਉੱਤੇ ਭੁਚਾਲ ਪੀੜਤਾਂ ਲਈ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਜਿੱਥੇ ਗਵਰਨਰ ਹਾਊਸ ਤੋਂ ਜੋਇਸ ਬਿਨ, ਸਾਊਥ ਏਸ਼ੀਅਨ ਕਮਿਸ਼ਨਰ ਜਸਦੀਪ ਸਿੰਘ, ਅਕਾਲੀ ਦਲ ਤੋਂ ਹਰਜੀਤ ਸਿੰਘ ਹੁੰਦਲ, ਬੀਜੇਪੀ ਤੋਂ ਕੰਵਲਜੀਤ ਸਿੰਘ ਸੋਨੀ, ਮੀਡੀਆ ਤੋਂ ਡਾ. ਸੁਖਪਾਲ ਧਨੋਆ ਅਤੇ ਸੋਸ਼ਲ ਸੰਸਥਾ ਤੋਂ ਡਾ. ਸੁਰਿੰਦਰ ਸਿੰਘ ਗਿੱਲ ਵੱਲੋਂ ਹਿੱਸਾ ਲਿਆ। ਜਿੱਥੇ ਨੇਪਾਲੀ ਕਮਿਊਨਿਟੀ ਨੇ ਭੁਚਾਲ ਪੀੜਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਉੱਥੇ ਸਿੱਖ ਭਾਈਚਾਰੇ ਵੱਲੋਂ ਦੇਸ਼ਾਂ-ਵਿਦੇਸ਼ਾਂ ਵਿੱਚੋਂ ਦਿੱਤੀ ਜਾ ਰਹੀ ਸਹਾਇਤਾ ਸਬੰਧੀ ਧੰਨਵਾਦ ਕੀਤਾ। ਗਵਰਨਰ ਹਾਊਸ ਤੋਂ ਆਈ ਮਿਸ ਜੋਇਸ ਨੇ ਕਿਹਾ ਕਿ ਮੈਰੀਲੈਂਡ ਪ੍ਰਸ਼ਾਸਨ ਨੇਪਾਲੀ ਕਮਿਊਨਿਟੀ ਨਾਲ ਚੱਟਾਨ ਦੀ ਤਰ੍ਹਾਂ ਖੜ੍ਹਾ ਹੈ ਅਤੇ ਨੇਪਾਲ ਨੂੰ ਮੁੜ ਉਸਾਰਨ ਲਈ ਯੋਗਦਾਨ ਪਾ ਰਿਹਾ ਹੈ। ਅਸੀਂ ਦੁਖ ਦੀ ਘੜੀ ਵਿੱਚ ਇਨ੍ਹਾਂ ਦੇ ਨਾਲ ਖੜ੍ਹੇ ਹਾਂ ਅਤੇ ਹਰ ਸਹਾਇਤਾ

ਲਈ ਹਾਮੀਦਾਰ ਹਾਂ। ਜਸਦੀਪ ਸਿੰਘ ਜੱਸੀ ਚੇਅਰਮੈਨ ਸਾਊਥ ਏਸ਼ੀਅਨ ਕਮਿਊਨਿਟੀ ਨੇ ਕਿਹਾ ਕਿ ਸਿੱਖ ਹਮੇਸ਼ਾ ਹੀ ਹਰ ਦੁਖ ਦੀ ਘੜੀ ਵਿੱਚ ਹਰੇਕ ਕਮਿਊਨਿਟੀ ਨਾਲ ਸਹਾਇਤਾ ਵਜੋਂ ਅੱਗੇ ਆਉਂਦਾ ਹੈ ਜਿਸ ਕਰਕੇ ਗੁਰੂ ਘਰਾਂ ਵੱਲੋਂ ਮਾਲੀ ਮਦਦ ਵੀ ਦਿੱਤੀ ਜਾ ਰਹੀ ਹੈ ਅਤੇ ਲੰਗਰ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਮੋਮਬੱਤੀਆਂ ਦੇ ਸਮਾਗਮ ਰਾਹੀਂ ਸਮੂਹ ਨੇਪਾਲ ਕਮਿਊਨਿਟੀ ਦੇ ਦੁਖ ਵਿੱਚ ਅਸੀਂ ਸ਼ਰੀਕ ਹਾਂ ਅਤੇ ਅਰਦਾਸ ਕਰਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਇਸ ਮੌਕੇ ਕੰਵਲਜੀਤ ਸਿੰਘ ਸੋਨੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਸਮੁੱਚੇ ਨੇਪਾਲ ਦੀ ਬਣਤਰ ਨੂੰ ਬਹਾਲ ਕਰਨ ਲਈ ਪ੍ਰੋਗਰਾਮ ਉਲੀਕਿਆ ਹੈ ਤਾਂ ਜੋ ਨੇਪਾਲ ਮੁੜ ਆਪਣੇ ਬਲਬੂਤੇ ’ਤੇ ਖੜਾ ਹੋ ਸਕੇ। ਅਸੀਂ ਨੇਪਾਲੀ ਭਰਾਵਾਂ ਦੀ ਤਨੋਂ-ਮਨੋਂ ਮਦਦ ਲਈ ਅੱਜ ਹਾਜ਼ਰ ਹੋਏ ਹਾਂ ਅਤੇ ਇਨ੍ਹਾਂ ਦੀ ਦੁਖ ਦੀ ਘੜੀ ਵਿੱਚ ਸ਼ਾਮਲ ਹੋ ਕੇ ਹੌਸਲੇ ਦੇ ਹਾਮੀ ਹਾਂ।
ਹਰਜੀਤ ਸਿੰਘ ਹੁੰਦਲ ਸੀਨੀਅਰ ਅਕਾਲੀ ਨੇਤਾ ਅਮਰੀਕਾ ਨੇ ਕਿਹਾ ਕਿ ਅਸੀਂ ਪੰਜਾਬੀ ਅਜਿਹੇ ਦੁਖ ਦੇ ਮੌਕੇ ’ਤੇ ਸਹਾਇਤਾ ਵਜੋਂ ਨਿਤਰੇ ਹਾਂ ਅਤੇ ਦਿਨ-ਪ੍ਰਤੀਦਿਨ ਇਨ੍ਹਾਂ ਦੀ ਮਦਦ ਮੋਢੇ ਨਾਲ ਮੋਢਾ ਜੋੜ ਕੇ ਕਰ ਰਹੇ ਹਾਂ ਅਤੇ ਨੇਪਾਲ ਨੂੰ ਮੁੜ ਉਸਾਰਨ ਵਿੱਚ ਮਦਦ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅੱਮਰੀਕਾ ਦੇ ਗੁਰੂਘਰਾਂ ਤੋਂ ਲਗਾਤਾਰ ਮਾਲੀ ਸਹਾਇਤਾ ਪਹੁੰਚਾਈ ਜਾ ਰਹੀ ਹੈ। ਅੱਜ ਅਸੀਂ ਦੁਖ ਦੀ ਘੜੀ ਵਿੱਚ ਸ਼ਾਮਿਲ ਹੋ ਕੇ ਵਿਸ਼ਵਾਸ ਦਿਵਾਉਂਦੇ ਹਾਂ ਕਿ ਸਮੁੱਚਾ ਅਕਾਲੀ ਦਲ ਇਨ੍ਹਾਂ ਨੂੰ ਹਰ ਪੱਖੋਂ ਸਹਾਇਤਾ ਕਰਦਾ ਰਹੇਗਾ।
ਡਾ. ਸੁਰਿੰਦਰ ਗਿੱਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦੀ ਦੁਖਦਾਈ ਘੜੀ ਵਿੱਚ ਇਹ ਇਕੱਠ ਮੂੰਹ ਬੋਲਦੀ ਤਸਵੀਰ ਹੈ ਕਿ ਨੇਪਾਲੀ ਕਮਿਊਨਿਟੀ ਲਈ ਦ੍ਰਿੜ ਵਿਸ਼ਵਾਸ ਦਾ ਪ੍ਰਤੀਕ ਹਰੇਕ ਪੰਜਾਬੀ ਇਨ੍ਹਾਂ ਦੀ ਹਿਮਾਇਤ ਤੇ ਦਿਲੋਂ ਹਮਦਰਦੀ ਕਰਦਾ ਹੈ ਅਤੇ ਮਾਲੀ ਮਦਦ ਲਈ ਯੋਗਦਾਨ ਦਾ ਹਾਮੀ ਬਣਿਆ ਹੈ। ਬਿਲਾਲ ਅਲੀ ਸਟੇਟ ਅਟਾਰਨੀ ਆਫਿਸ ਤੋਂ ਆ ਕੇ ਹਾਜ਼ਰ ਹੋਏ ਅਤੇ ਨੇਪਾਲੀ ਭਰਾਵਾਂ ਦੇ ਦੁੱਖ ਵਿੱਚ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਅਸੀਂ ਉਨਾਂ ਚਿਰ ਨਹੀਂ ਬੈਠਾਂਗੇ ਜਿੰਨਾ ਚਿਰ ਨੇਪਾਲ ਮੁੜ ਆਮ ਵਾਂਗ ਨਾ ਉਸਰ ਜਾਵੇ। ਵਿਸ਼ਨੂ ਗੁਰਮ ਵੱਲੋਂ ਆਯੋਜਿਤ ਇਹ ਸਮਾਗਮ ਨੇਪਾਲੀਆਂ ਲਈ ਸਰੋਤ ਵਜੋਂ ਸਾਬਿਤ ਹੋਇਆ। ਭਾਰਤ, ਕੂਲ, ਵਿਕਰਾਂਤ ਅਤੇ ਬਾਕਾ ਸੰਸਥਾਵਾਂ ਵੱਲੋਂ ਨੇਪਾਲੀ ਭੁਚਾਲ ਪੀੜਤਾਂ ਦੀ ਤੇਰਵੀਂ ਮਨਾ ਕੇ ਸਾਊਥ ਏਸ਼ੀਅਨ ਕਮਿਊਨਿਟੀ ਦੀ ਹਮਾਇਤ ਨਾਲ ਨੇਪਾਲ ਨੂੰ ਮੁੜ ਸੁਰਜੀਤ ਕਰਨ ਦਾ ਵਚਨ ਦੁਹਰਾ ਕੇ ਇਸ ਸਮਾਗਮ ਪ੍ਰਤੀ ਸ਼ਰਧਾ ਭੇਟ ਕੀਤੀ।

Send this to a friend