April 28, 2026 1:58 am

ਦਰਸ਼ਨ ਯਾਤਰਾ ਦਾ ਅੱਜ ਠਹਿਰਾਓ ਬਠਿੰਡਾ ਵਿਖੇ

ਤਲਵੰਡੀ ਸਾਬੋ (ਬਠਿੰਡਾ)- ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਉਪਰਾਲੇ ਸਦਕਾ ਪਟਿਆਲਾ ਤੋਂ ਪੂਰੇ ਜਾਹੋ-ਜਲਾਲ ਨਾਲ ਸ਼ੁਰੂ ਹੋਈ ਗੁਰੂ ਸਾਹਿਬਾਨ ਨਾਲ ਸਬੰਧਤ ਪਵਿੱਤਰ ਨਿਸ਼ਾਨੀਆਂ, ਸ਼ਸਤਰਾਂ ਤੇ ਵਸਤਰਾਂ ਦੀ ਧਾਰਮਿਕ ਦਰਸ਼ਨ ਯਾਤਰਾ ਪ੍ਰਤੀ ਸੰਗਤਾਂ ਦੇ ਭਾਰੀ ਉਤਸ਼ਾਹ, ਅਥਾਹ ਸ਼ਰਧਾ ਅਤੇ ਧਾਰਮਿਕ ਜ਼ਜਬੇ ਦਾ ਸਤਿਕਾਰ ਕਰਦਿਆਂ ਪਹਿਲਾਂ ਉਲੀਕੇ ਪ੍ਰੋਗਰਾਮ ਵਿੱਚ ਬਦਲਾਅ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੱਥੇਦਾਰ ਮੋਹਨ ਸਿੰਘ ਬੰਗੀ ਐਗਜ਼ੈਕਟਿਵ ਮੈਂਬਰ ਐਸ.ਜੀ.ਪੀ.ਸੀ. ਨੇ ਦੱਸਿਆ ਕਿ 10 ਮਈ ਨੂੰ ਧਾਰਮਿਕ ਦਰਸ਼ਨ ਯਾਤਰਾ ਦਾ ਠਹਿਰਾਓ ਬਠਿੰਡਾ ਦੇ ਗੁਰਦੁਆਰਾ ਹਾਜ਼ੀਰਤਨ ਸਾਹਿਬ ਵਿਖੇ ਹੋਵੇਗਾ। ਉਨ੍ਹਾਂ ਦੱਸਿਆ ਕਿ 10 ਮਈ ਨੂੰ ਹੁਣ ਇਹ ਯਾਤਰਾ ਸਵੇਰੇ 8.00 ਵਜੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਅਰਦਾਸ ਉਪਰੰਤ ਰਵਾਨਾ ਹੋਵੇਗੀ ਅਤੇ ਪਿੰਡ ਭਾਗੀਵਾਂਦਰ, ਜੀਵਨ ਸਿੰਘ ਵਾਲਾ, ਕੋਟਸ਼ਮੀਰ, ਕਟਾਰ ਸਿੰਘ ਵਾਲਾ, ਜੱਸੀ

ਪਓ ਵਾਲੀ ਤੋਂ ਮੱਤੀ ਦਾਸ ਨਗਰ ਰਾਹੀਂ ਬਠਿੰਡਾ ਸ਼ਹਿਰ ਦੇ ਫੌਜੀ ਚੌਕ, ਬੀਬੀ ਵਾਲਾ ਚੌਕ ਰੋਡ ਹੁੰਦੇ ਹੋਏ ਬਰਨਾਲਾ ਬਾਈਪਾਸ, ਰੋਜ਼ ਗਾਰਡਨ ਰੋਡ, ਗੋਨਿਆਣਾ ਰੋਡ, ਵਾਲਮੀਕ ਚੌਕ ਹੁੰਦੇ ਹੋਏ ਇਸ ਧਾਰਮਿਕ ਦਰਸ਼ਨ ਯਾਤਰਾ ਦਾ ਗੁਰਦੁਆਰਾ ਹਾਜ਼ੀਰਤਨ ਸਾਹਿਬ ਵਿਖੇ ਠਹਿਰਾਓ ਹੋਵੇਗਾ।
ਜਦ ਕਿ ਅਗਲੇ ਦਿਨ 11 ਮਈ ਨੂੰ ਇਹ ਯਾਤਰਾ ਅਰਦਾਸ ਉਪਰੰਤ ਮੁਲਤਾਨੀਆ ਰੋਡ ਹੁੰਦੇ ਹੋਏ ਬਠਿੰਡਾ-ਮਲੋਟ ਰੋਡ ਰਾਹੀਂ ਗਿੱਦੜਾਬਾਹਾ ਅਤੇ ਮਲੋਟ (ਜ਼ਿਲ੍ਹਾ ਮੁਕਤਸਰ ਸਾਹਿਬ) ਲਈ ਰਵਾਨਾ ਹੋਵੇਗੀ। ਉਨ੍ਹਾਂ ਦੱਸਿਆ ਕਿ 11 ਮਈ ਨੂੰ ਠਹਿਰਾਓ ਮਲੋਟ ਵਿਖੇ ਹੋਵੇਗਾ, ਜਦ ਕਿ 12 ਅਤੇ 13 ਮਈ ਨੂੰ ਠਹਿਰਾਓ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗਾ।

Send this to a friend