ਬਠਿੰਡਾ /ਤਲਵੰਡੀ ਸਾਬੋ , 9 ਮਈ (ਅਮਰਜੀਤ ਸਿੰਘ ਸਿੱਧੂ, ਇੰਦਰਜੀਤ ਨਥਾਣਾ)- ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਸਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਉਣ ਲਈ ਸ਼ੁਰੂ ਕੀਤੀ ਗਈ ਧਾਰਮਿਕ ਦਰਸ਼ਨ ਯਾਤਰਾ ਦੇ ਅੱਜ ਇਥੇ ਠਹਿਰਾਓ ਦੌਰਾਨ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਪੂਰਨ ਗੁਰ-ਮਰਿਆਦਾ ਨਾਲ ਇਨ੍ਹਾਂ ਧਾਰਮਿਕ ਨਿਸ਼ਾਨੀਆਂ ਦੇ ਦਰਸ਼ਨ ਕੀਤੇ। ਉਨ੍ਹਾਂ ਸਭ ਤੋਂ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਸਿਰੋਪਾਓ ਵੀ ਭੇਂਟ ਕੀਤਾ ਗਿਆ। ਗੁਰੂ ਸਾਹਿਬ ਦੀ ਹਜੂਰੀ ਵਿਚ ਪੂਰੀ ਮਗਨਤਾ ਨਾਲ ਅਰਦਾਸ ਕਰਨ ਉਪਰੰਤ ਬੀਬੀ ਬਾਦਲ ਵਿਸੇਸ਼ ਤੌਰ ’ਤੇ ਤਿਆਰ ਕੀਤੀ ਗਈ ਬੱਸ, ਜਿਸ ਵਿਚ ਪਵਿੱਤਰ ਨਿਸ਼ਾਨੀਆਂ ਸੁਸ਼ੋਭਿਤ ਹਨ, ਦੇ ਦਰਸ਼ਨਾਂ ਲਈ ਪੁੱਜੇ। ਕੇਂਦਰੀ ਫੂਡ
ਪ੍ਰੋਸੈਸਿੰਗ ਮੰਤਰੀ ਨੇ ਗੁਰੂ ਸਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਦਿਆਂ ਬੜੀ ਸ਼ਰਧਾ ਅਤੇ ਭਾਵਨਾ ਨਾਲ ਮੱਥਾ ਵੀ ਟੇਕਿਆ। ਇਸ ਮੌਕੇ ਉਨ੍ਹਾਂ ਨੇ ਇਸ ਧਾਰਮਿਕ ਦਰਸ਼ਨ ਯਾਤਰਾ ਵਿਚ ਸ਼ਾਮਿਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਵਿੱਤਰ ਤੇ ਦੁਰਲੱਭ ਨਿਸ਼ਾਨੀਆਂ, ਜਿਨ੍ਹਾਂ ਵਿਚ ਚੋਲਾ ਸਾਹਿਬ, ਹੱਥ ਲਿਖਤ ਬਾਣੀ, ਕੇਸ, ਕੰਘਾ ਤੇ ਦਸਤਾਰ, ਕਿਰਪਾਨਾਂ, ਸਾਢੇ ਤਿੰਨ ਇੰਚ ¦ਮੀ ਸਿਰੀ ਸਾਹਿਬ, 36 ਇੰਚ ¦ਮਾ ਲੱਕੜ ਦੇ ਦਸਤੇ ਵਾਲਾ ਬਰਛਾ ਅਤੇ ਦਸਮ ਪਾਤਸ਼ਾਹ ਦੇ ਤੀਰਾਂ ਦੇ ਦਰਸ਼ਨ ਕੀਤੇ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਵੀ ਕੀਤੀ।
ਜ਼ਿਕਰਯੋਗ ਹੈ ਇਸ ਮੌਕੇ ਦਰਸ਼ਨ ਕਰਨ ਆਈਆਂ ਸੰਗਤਾਂ ਨੇ ਗੁਰੂ ਸਾਹਿਬ ਜੀ ਦੇ ਜੈਕਾਰਿਆਂ ਨਾਲ ਪੂੁਰੇ ਵਾਤਾਵਰਣ ਨੂੰ ਗੁੰਜਾਇਮਾਨ ਕਰ ਦਿੱਤਾ। ਇਸ ਮੌਕੇ ਐਸ.ਡੀ.ਐਮ. ਤਲਵੰਡੀ ਸਾਬੋ ਸ੍ਰੀ ਵਿਨੀਤ ਕੁਮਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜੈਕਟਿਵ ਮੈਂਬਰ ਜੱਥੇਦਾਰ ਮੋਹਨ ਸਿੰਘ ਬੰਗੀ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਭਾਈ ਜਗਵੀਰ ਸਿੰਘ, ਉਪ ਮੁੱਖ ਮੰਤਰੀ ਦੇ ਓ.ਐਸ.ਡੀ. ਸ੍ਰੀ ਮਨੀਸ਼ ਕੁਮਾਰ ਅਤੇ ਸ੍ਰੀ ਹਰਿੰਦਰ ਸਿੰਘ ਸਰਾਂ, ਸਹਾਇਕ ਮੀਡੀਆ ਸਲਾਹਕਾਰ ਸ੍ਰੀ ਹਰਜਿੰਦਰ ਸਿੰਘ ਸਿੱਧੂ, ਸਾਬਕਾ ਵਿਧਾਇਕ ਸ. ਹਰਬੰਤ ਸਿੰਘ ਦਾਤੇਵਾਸ ਤੋਂ ਇਲਾਵਾ ਹੋਰ ਸਮਾਜਿਕ, ਧਾਰਮਿਕ ਅਤੇ ਸਿਆਸੀ ਸਖਸ਼ੀਅਤਾਂ ਹਾਜ਼ਰ ਸਨ।