April 27, 2026 12:48 pm

ਪੰਜਾਬ ਸਰਕਾਰ ਦੇ ਅਧਿਕਾਰੀਆਂ ਦਾ ਅੰਗਰੇਜ਼ੀ ਮੋਹ ਬਰਕਰਾਰ, ਵੈੱਬਸਾਈਟਾਂ ਅਜੇ ਵੀ ਅੰਗਰੇਜ਼ੀ ’ਚ

ਬਠਿੰਡਾ, 6 ਮਈ (ਅਮਰਜੀਤ ਸਿੰਘ ਸਿੱਧੂ)- ਪੰਜਾਬ ਸਰਕਾਰ ਵੱਲੋਂ ਭਾਵੇਂ ਰਾਜ ਅੰਦਰਲੇ ਸਰਕਾਰੀ ਦਫ਼ਤਰਾਂ ’ਚ ਪੰਜਾਬੀ ਭਾਸ਼ਾ ਲਾਗੂ ਕਰਨ ਦੇ ਦਾਅਵੇ ਕੀਤਾ ਜਾ ਰਹੇ ਹਨ, ਪਰ ਅਸਲ ਸੱਚਾਈ ਇਸਤੋਂ ਕੋਹਾਂ ਦੂਰ ਹੈ। ਸਰਕਾਰੀ ਦਫ਼ਤਰਾਂ ’ਚ ਪੰਜਾਬੀ ਲਾਗੂ ਕਰਨ ਵਿੱਚ ਸਭ ਤੋਂ ਵਧੇਰੇ ਅੜਿੱਕਾ ਰਾਜ ਦੀ ਅਫਸਰਸ਼ਾਹੀ ਬਣੀ ਹੋਈ ਹੈ। ਪੰਜਾਬ ਦੇ ਕਈ ਸਰਕਾਰੀ ਵਿਭਾਗਾਂ ਦੀਆਂ ਅੰਗਰੇਜ਼ੀ ਵਿੱਚ ਚਲ ਰਹੀਆਂ ਵੈਬਸਾਈਟਾਂ ਸਰਕਾਰ ਦੇ ਪੰਜਾਬੀ ਭਾਸ਼ਾ ਲਾਗੂ ਕਰਨ ਦੇ ਦਾਅਵਿਆਂ ਦਾ ਮੂੰਹ ਚਿੜਾ ਰਹੀਆਂ ਹਨ। ਭਾਵੇਂ ਵਿਭਾਗਾਂ ਦੀਆਂ ਅਜਿਹੀਆਂ ਵੈਬਸਾਈਟਾਂ ਉਪਰ ਕਈ ਅਹਿਮ ਜਾਣਕਾਰੀਆਂ ਦਿੱਤੀਆਂ ਗਈਆਂ ਹਨ, ਪਰ ਅੰਗਰੇਜ਼ੀ ਵਿੱਚ ਹੋਣ ਕਾਰਨ ਆਮ ਪੇਂਡੂ ਲੋਕ ਇਨ੍ਹਾਂ ਦਾ ਫਾਇਦਾ ਨਹੀਂ ਉਠਾ ਸਕਦੇ। ਜੇਕਰ ਪੰਜਾਬ ਦੇ ਖੇਤੀਬਾੜੀ ਵਿਭਾਗ ਦੀ ਗੱਲ ਕਰੀਏ ਤਾਂ ਇਸ ਦੀ ਵੈਬਸਾਈਟ ਅਜੇ ਵੀ ਅੰਗਰੇਜ਼ੀ ਵਿੱਚ ਚੱਲ ਰਹੀ ਹੈ। ਵੈਬਸਾਈਟ ਦੇ ਸੱਜੇ ਹੱਥ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ,

ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਦੀਆਂ ਤਸਵੀਰਾਂ ਲਾ ਕੇ ਅੰਗਰੇਜ਼ੀ ਵਿੱਚ ਸੁਨੇਹਾ ਲਿਖਿਆ ਹੋਇਆ ਹੈ। ਪੜ੍ਹੇ ਲਿਖੇ ਕਿਸਾਨ ਤਾਂ ਭਾਵੇਂ ਅੰਗਰੇਜ਼ੀ ਵਾਲੀ ਵੈਬਸਾਈਟ ਤੋਂ ਜਾਣਕਾਰੀ ਹਾਸਲ ਕਰ ਰਹੇ ਹਨ, ਪਰ ਪੇਂਡੂ ਤੇ ਘੱਟ ਪੜ੍ਹੇ ਲਿਖੇ ਵਰਗ ਨੂੰ ਖੇਤੀਬਾੜੀ ਵਿਭਾਗ ਦੀ ਪੰਜਾਬੀ ਵਿੱਚ ਵੈਬਸਾਈਟ ਨਾ ਹੋਣ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੇਤੀਬਾੜੀ ਵਿਭਾਗ ਦੀ ਅੰਗਰੇਜ਼ੀ ਵਾਲੀ ਵੈਬਸਾਈਟ ਭਾਵੇਂ ਕਾਫੀ ਜਾਣਕਾਰੀਆਂ ਭਰਪੂਰ ਹੈ, ਪਰ ਪੇਂਡੂ ਕਿਸਾਨਾਂ ਨੂੰ ਇਸ ਦਾ ਕੋਈ ਲਾਭ ਨਹੀਂ ਹੋ ਰਿਹਾ। ਸਿਹਤ ਵਿਭਾਗ ਤੇ ਸਮਾਜਿਕ ਸੁਰੱਖਿਆ ਵਿਭਾਗ ਦੀਆਂ ਵੈਬਸਾਈਟਾਂ ਵੀ ਅੰਗਰੇਜ਼ੀ ਵਿਚ ਚੱਲ ਰਹੀਆਂ ਹਨ। ਵਿਭਾਗ ਵੱਲੋਂ ਕੈਂਸਰ ਪੀੜਤ ਲਈ ਆਰਥਿਕ ਸਹਾਇਤਾ ਲੈਣ ਖ਼ਾਤਰ ਵੈਬਸਾਈਟ ’ਤੇ ਪਾਏ ਪ੍ਰੋਫਾਰਮੇ ਵੀ ਅੰਗਰੇਜ਼ੀ ਵਿੱਚ ਹਨ, ਜਿਸ ਕਾਰਨ ਘੱਟ ਪੜ੍ਹੇ ਲਿਖੇ ਤੇ ਪਿੰਡਾਂ ਦੇ ਲੋਕਾਂ ਨੂੰ ਇਸ ਦਾ ਕੋਈ ਫਾਇਦਾ ਨਹੀਂ ਹੋ ਰਿਹਾ। ਇਸ ਤਰ੍ਹਾਂ ਟਰਾਂਸਪੋਰਟ ਵਿਭਾਗ ਤੇ ਪੰਜਾਬ ਪੁਲਸ ਸਣੇ ਹੋਰ ਬਹੁਤ ਸਾਰੇ ਸਰਕਾਰੀ ਵਿਭਾਗ ਦੁਆਰਾ ਆਪਣੀਆਂ ਵੈਬਸਾਈਟਾਂ ਅੰਗਰੇਜ਼ੀ ’ਚ ਚਲਾਈਆਂ ਜਾ ਰਹੀਆਂ ਹਨ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਪੰਜਾਬੀ ਲਾਗੂ ਕਰਨ ’ਚ ਕਿੰਨੀ ਕੁ ਗੰਭੀਰ ਹੈ।
ਪੰਜਾਬੀ ਪ੍ਰੇਮੀ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਦੇ ਪੰਜਾਬੀ ਭਾਸ਼ਾ ਲਾਗੂ ਕਰਨ ਦੇ ਹੁਕਮ ਅਜੇ ਤੱਕ ਹਵਾ ’ਚ ਲਟਕ ਰਹੇ ਹਨ। ਬਹੁਤੇ ਸਰਕਾਰੀ ਦਫ਼ਤਰਾਂ ’ਚ ਕੰਮ ਕਾਜ ਅੰਗਰੇਜ਼ੀ ’ਚ ਹੋ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਤੌਰ ’ਤੇ ਫ਼ਾਰਮਾਂ ਦਾ ਠੇਕਾ ਦਿੱਤੇ ਜਾਣ ਦੇ ਬਾਵਜੂਦ ਟਰਾਂਸਪੋਰਟ ਵਿਭਾਗ ਤੋਂ ਇਲਾਵਾ ਹੋਰਨਾਂ ਸਰਕਾਰੀ ਦਫ਼ਤਰਾਂ ਅੰਦਰ ਵਰਤੇ ਜਾਣ ਵਾਲੇ ਪ੍ਰੋਫਾਰਮਾ ਅੰਗਰੇਜ਼ੀ ਭਾਸਾ ’ਚ ਛਪੇ ਹੋਏ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਸੂਬੇ ਅੰਦਰ ਦਰਜਨਾਂ ਅਜਿਹੇ ਆਈ.ਏ.ਐਸ. ਤੇ ਆਈ.ਪੀ.ਐਸ. ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਹਨ, ਜਿਨ੍ਹਾਂ ਨੂੰ ਪੰਜਾਬੀ ਪੜ੍ਹਨੀ-ਲਿਖਣੀ ਨਹੀਂ ਆਉਂਦੀ।

Send this to a friend