ਨਵੀਂ ਦਿੱਲੀ, 1 ਮਈ (ਪੀ. ਟੀ.)- ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਸਰਕਾਰ ਕਾਲਾ ਧਨ ਬਿਲ ‘ਤੇ ਸੰਸਦ ‘ਚ ਅਗਲੇ ਹਫ਼ਤੇ ਬਹਿਸ ਕਰਾਏਗੀ। ਇਸ ਬਿਲ ਦਾ ਉਦੇਸ਼ ਭਾਰਤੀਆਂ ਵਲੋਂ ਵਿਦੇਸ਼ਾਂ ‘ਚ ਜਮਾਂ ਕਰਾਏ ਗਏ ਕਾਲੇ ਧਨ ਤੇ ਜਾਇਦਾਦਾਂ ਦੀ ਬਿਮਾਰੀ ਨਾਲ ਪ੍ਰਭਾਵੀ ਢੰਗ ਨਾਲ ਨਿਪਟਣਾ ਹੈ। ਈ.ਡੀ ਵਲੋਂ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਜੇਤਲੀ ਨੇ ਕਿਹਾ ਕਿ ਉਹ ਵਿਦੇਸ਼ਾਂ ‘ਚ ਜਮਾਂ ਅਣਐਲਾਨੇ ਧਨ ,ਸੰਪਤੀ ‘ਤੇ ਕਰਾਧਾਨ ਸਬੰਧੀ ਬਿਲ ਨੂੰ ਅਗਲੇ ਹਫਤੇ ਸੰਸਦ ‘ਚ ਬਹਿਸ ਕਰਾਉਣ ਲਈ ਰੱਖਣਾ ਚਾਹੁੰਦੇ ਹਨ। ਗੌਰਤਲਬ ਹੈ ਕਿ ਸਰਕਾਰ ਨੇ ਅਣਐਲਾਨੇ ਵਿਦੇਸ਼ੀ ਧਨ ਤੇ ਜਾਇਦਾਦ (ਕਰਾਧਾਨ) ਬਿਲ 2015 ਨੂੰ ਮਾਰਚ ‘ਚ ਪੇਸ਼ ਕੀਤਾ ਸੀ। ਇਸ ‘ਚ ਕਸੂਰਵਾਰ ਲੋਕਾਂ ‘ਤੇ ਭਾਰੀ ਜੁਰਮਾਨੇ ਤੇ 10 ਸਾਲ ਤੱਕ ਦੀ ਕੈਦ ਦੀ ਸਜ਼ਾ ਦੀ ਵਿਵਸਥਾ ਹੈ।