April 26, 2026 4:28 pm

ਅੰਮ੍ਰਿਤਧਾਰੀ ਬੱਚੇ ਦੇ ਕੇਸ ਕਤਲ ਕਰਨ ਵਾਲੇ ਦੋਸ਼ੀਆਂ ਨੇ ਮੰਗੀ ਮੁਆਫ਼ੀ

ਜੰਡਿਆਲਾ ਗੁਰੂ, 1 ਮਈ (ਵਰੁਣ ਸੋਨੀ, ਖਾਲਸਾ)- ਬੀਤੇ ਦਿਨੀਂ ਸੋਸ਼ਲ ਮੀਡੀਆਂ ’ਤੇ ਇੱਕ ਫੋਟੋ ਦਾ ਸਿੱਖ ਵੀਰਾਂ ਵਿੱਚ ਆਦਾਨ ਪ੍ਰਦਾਨ ਹੋ ਰਿਹਾ ਸੀ ਅਤੇ ਬੇਨਤੀ ਕੀਤੀ ਜਾ ਰਹੀ ਸੀ ਕਿ ਇੱਕ ਛੋਟੇ ਅੰਮ੍ਰਿਤਧਾਰੀ ਬੱਚੇ ਦੇ ਕੇਸਾਂ ਦੀ ਬੇਅਦਬੀ ਕਰਨ ਵਾਲੇ ਤਿੰਨ ਲੜਕਿਆਂ ਨੂੰ ਲੱਭਿਆ ਜਾਵੇ। ਇਸ ਘਟਨਾ ਨੂੰ ਸਿੱਖ ਹਿਰਦਿਆਂ ਤਰਜ਼ਮਾਨੀ ਕਰਨ ਵਾਲੀ ‘ਪੰਜਾਬ ਟਾਇਮਜ਼’ ਅਖਬਾਰ ਨੇ ਪ੍ਰਕਾਸ਼ਿਤ ਕਰਕੇ ਦੋਸ਼ੀਆਂ ਨੂੰ ਫੜਨ ਵਿੱਚ ਹੋਰ ਵੀ ਸਹਾਇਤਾ ਕੀਤੀ, ਜਿਸ ਵਿੱਚ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਸਿੰਘਾਂ ਦੀਆਂ ਬਾਜ਼ ਅੱਖਾਂ ਤੋਂ ਇਹ ਦੋਸ਼ੀ ਬਚ ਨਹੀਂ ਸਕਦੇ। ਅੱਜ ਪਿੰਡ ਜਹਾਂਗੀਰ ਖੁਰਦ ਨੇੜੇ ਤਰਨਤਾਰਨ ਵਿੱਚ ਪਿਛਲੇ ਦਿਨੀਂ ਅੰਮ੍ਰਿਤਧਾਰੀ ਬੱਚੇ ਜਗਦੀਪ ਸਿੰਘ ਪੁੱਤਰ ਸਰਬਜੀਤ ਸਿੰਘ ਦੇ ਕੇਸਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਝਬਾਲ ਦੇ ਸਿੰਘਾਂ ਵੱਲੋਂ ਫੜ ਲਿਆ ਗਿਆ। ਇਨ੍ਹਾਂ ਚਾਰਾਂ ਦੋਸ਼ੀਆਂ ਨੇ ਪਿੰਡ ਦੇ ਮੋਹਤਬਰਾਂ, ਸਰਪੰਚ ਆਦਿ ਦੀ

ਹਾਜ਼ਰੀ ਵਿੱਚ ਬੱਚੇ ਅਤੇ ਉਸਦੇ ਪਰਿਵਾਰ ਕੋਲੋਂ ਪੈਰੀਂ ਹੱਥ ਲਗਾਕੇ ਮੁਆਫੀ ਮੰਗੀ ਅਤੇ ਇਹ ਪ੍ਰਣ ਕੀਤਾ ਕਿ ਉਹ ਅੱਜ ਤੋਂ ਬਾਅਦ ਅਜਿਹੀ ਕੋਈ ਵੀ ਗਲਤੀ ਨਹੀਂ ਕਰਨਗੇ। ਫੜੇ ਗਏ ਲੜਕਿਆਂ ਵਿੱਚ ਲਵਪ੍ਰੀਤ, ਮਨਜਿੰਦਰ ਸਿੰਘ, ਰਾਜਬੀਰ ਸਿੰਘ, ਲਵਜੀਤ ਸਿੰਘ ਸਾਰੇ ਵਾਸੀ ਪਿੰਡ ਜਹਾਂਗੀਰ ਖੁਰਦ ਸ਼ਾਮਿਲ ਹਨ। ਇਸ ਮੌਕੇ ਸਤਿਕਾਰ ਕਮੇਟੀ ਦੇ ਸਿੰਘਾਂ ਵਿੱਚ ਭਾਈ ਮਨਜੀਤ ਸਿੰਘ ਪ੍ਰਧਾਨ, ਦਿਲਬਾਗ ਸਿੰਘ ਮੀਤ ਪ੍ਰਧਾਨ, ਹਰਜਿੰਦਰ ਸਿੰਘ ਪੰਜਵੜ, ਕਸ਼ਮੀਰ ਸਿੰਘ, ਰਣਜੀਤ ਸਿੰਘ, ਕੰਵਲਜੀਤ ਸਿੰਘ ਵਨਖੇੜੀ, ਬਲਜਿੰਦਰ ਸਿੰਘ ਝਬਾਲ, ਜਗਬੀਰ ਸਿੰਘ ਤਰਨਤਾਰਨ ਅਤੇ ਸਤਪਾਲ ਸਿੰਘ ਪੰਡੋਰੀ ਆਦਿ ਹਾਜ਼ਰ ਸਨ। ਫੋਨ ’ਤੇ ਗੱਲਬਾਤ ਦੌਰਾਨ ਸਤਿਕਾਰ ਕਮੇਟੀ ਦੇ ਸਿੰਘਾਂ ਨੇ ਕਿਹਾ ਕਿ ਸਿੱਖ ਜਜ਼ਬਾਤਾਂ ਨਾਲ ਖੇਡਾਂ ਖੇਡਣ ਵਾਲਿਆਂ ਨੂੰ ਕਦੀ ਵੀ ਬਖਸ਼ਿਆ ਨਹੀਂ ਜਾਵੇਗਾ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਪ੍ਰਤੀ ਵੀ ਇਲਾਕੇ ਵਿੱਚ ਪੂਰੀ ਸੇਵਾ ਕੀਤੀ ਜਾ ਰਹੀ ਹੈ।

Send this to a friend