ਬਾਦਲ ਵੱਲੋਂ ਕਿਸਾਨਾਂ ਦੇ ਮੁੱਦੇ ਨੂੰ ਸਿਆਸੀ ਰੰਗ ਨਾ ਦੇਣ ਦੀ ਕਾਂਗਰਸੀਆਂ ਨੂੰ ਅਪੀਲ
ਜਲੰਧਰ/ਚੰਡੀਗੜ੍ਹ, 30 ਅਪ੍ਰੈਲ- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸਮੱਸਿਆਵਾਂ ਵਿਚ ਘਿਰੇ ਹੋਏ ਕਿਸਾਨਾਂ ਦੀਆਂ ¦ਮੀ ਅਤੇ ਛੋਟੀ ਮਿਆਦ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਉਨ੍ਹਾਂ ਦੀ ਮੁੱਖ ਪ੍ਰਾਥਮਿਕਤਾ ਹੈ ਅਤੇ ਇਸ ਸੰਕਟ ਦੀ ਘੜੀ ਕਿਸਾਨੀ ਭਾਈਚਾਰੇ ਨੂੰ ਕਿਸੇ ਵੀ ਸੂਰਤ ਵਿਚ ਅਣਗੌਲੇ ਅਤੇ ਨਿਖੜੇ ਹੋਏ ਹੋਣ ਬਾਰੇ ਮਹਿਸੂਸ ਨਹੀਂ ਹੋਣ ਦਿੱਤਾ ਜਾਵੇਗਾ।ਮੁੱਖ ਮੰਤਰੀ ਨੇ ਕਾਂਗਰਸ ਸਣੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਸ ਨਾਜ਼ੁਕ ਮੁੱਦੇ ਉਤੇ ਸੌੜੀ ਸਿਆਸਤ ਤੋਂ ਉਪਰ ਉਠਣ ਦੀ ਅਪੀਲ ਕੀਤੀ ਹੈ। ਸ. ਬਾਦਲ ਕਾਂਗਰਸ ਦੇ ਆਗੂਆਂ ਤੋਂ ਯਾਦ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਆਪਣੇ ਨਿਵਾਸ ਸਥਾਨ ਉਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਆਪਣਾ ਦਿੱਲੀ ਦਾ ਦੌਰਾ ਅੱਧਵਾਟੇ ਛੱਡ ਕੇ ਵਿਰੋਧੀ ਧਿਰ ਦੇ ਵਿਧਾਇਕਾਂ ਦਾ ਨਿੱਜੀ ਤੌਰ ’ਤੇ ਸਵਾਗਤ ਕਰਨ ਵਾਸਤੇ ਆਪਣੇ ਨਿਵਾਸ ਸਥਾਨ ’ਤੇ ਆ ਗਏ। ਉਹ ਅੱਜ ਸਵੇਰੇ ਇੱਕ ਕਮਰਸ਼ੀਅਲ ਉਡਾਨ ਰਾਹੀਂ ਵਾਪਸ ਆਏ ਅਤੇ ਆਪਣੇ ਆਉਣ ਤੱਕ ਆਪਣੇ ਰਾਸ਼ਟਰੀ ਮਾਮਲਿਆਂ ਅਤੇ ਮੀਡੀਆ ਸਲਾਹਕਾਰ ਸ਼੍ਰੀ ਹਰਚਰਨ ਬੈਂਸ ਨੂੰ ਕਾਂਗਰਸੀ ਆਗੂਆਂ ਦਾ ਸਵਾਗਤ ਅਤੇ ਆਓ-ਭਗਤ ਕਰਨ ਵਾਸਤੇ ਤਾਇਨਾਤ ਕੀਤਾ। ਮੁੱਖ ਮੰਤਰੀ ਦੇ ਆਉਣ ਤੋਂ ਤਕਰੀਬਨ ਅੱਧਾ ਘੰਟਾ ਪਹਿਲਾਂ ਤੱਕ ਸ਼੍ਰੀ ਬੈਂਸ ਕਾਂਗਰਸ ਆਗੂਆਂ ਨਾਲ ਗੱਲਬਾਤ ’ਚ ਰੁਝੇ ਰਹੇ।
ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਕਿਸਾਨੀ ਨੂੰ ਦਰਪੇਸ਼ ਸਮੱਸਿਆਵਾਂ ਦੇ ਦੁਵੱਲੇ ਹੱਲ ਲਈ ਸੂਬਾ ਸਰਕਾਰ ਦੀ ਮਦੱਦ ਕਰਨੀ ਚਾਹੀਦੀ ਹੈ। ਸ. ਬਾਦਲ ਨੇ ਕਿਹਾ ਕਿ ਇਹ ਸਮਾਂ ਮੁਸੀਬਤਾਂ ਵਿਚ ਘਿਰੀ ਕਿਸਾਨੀ ਦੇ ਨਾਜ਼ੁਕ ਮੁੱਦੇ ਤੋਂ ਮੀਡੀਆ ਰਾਹੀਂ ਸਸਤੀ ਸ਼ੋਹਰਤ ਪ੍ਰਾਪਤ ਕਰਨ ਦਾ ਨਹੀਂ ਹੈ ਸਗੋਂ ਇਹ ਕਿਸਾਨਾਂ ਦੀ ਭਲਾਈ ਲਈ ਰਾਹ ਕੱਢਣ ਦਾ ਹੈ।
ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਬੇ-ਮੌਸਮੀ ਮੀਂਹ ਅਤੇ ਗੜੇਮਾਰੀ ਦੇ ਕਾਰਨ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਹੋਇਆ ਹੈ ਪਰ ਕਣਕ ਦੀ ਖਰੀਦ ਦੇ ਸਬੰਧ ਵਿਚ ਨਾਕਾਮ ਰਹਿਣ ਦਾ ਦੋਸ਼ ਸੂਬਾ ਸਰਕਾਰ ਸਿਰ ਮੜਣਾ ਠੀਕ ਨਹੀਂ ਹੈ। ਸ. ਬਾਦਲ ਨੇ ਕਿਹਾ ਕਿ ਉਹ ਪਹਿਲੇ ਦਿਨ ਤੋਂ ਹੀ ਪ੍ਰਧਾਨ ਮੰਤਰੀ ਸਣੇ ਕੇਂਦਰ ਦੇ ਸਬੰਧਤ ਮੰਤਰੀਆਂ ਨਾਲ ਲਗਾਤਾਰ ਸੰਪਰਕ ਵਿਚ ਹਨ।
ਮੰਡੀਆਂ ਵਿਚੋਂ ਕਣਕ ਦਾ ਇੱਕ-ਇੱਕ ਦਾਣਾ ਚੁੱਕਣ ਲਈ ਆਪਣੀ ਵਚਨਵੱਧਤਾ ਨੂੰ ਦੁਹਰਾਉਂਦੇ ਹੋਏ ਸ. ਬਾਦਲ ਨੇ ਕਿਹਾ ਕਿ ਸਮੁੱਚੀ ਖਰੀਦ ਪ੍ਰਕ੍ਰਿਆ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜ ਦਿੱਤਾ ਜਾਵੇਗਾ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਭੁਗਤਾਨ ਸਮੇਂ ਸਿਰ ਯਕੀਨੀ ਬਣਾਇਆ ਜਾਵੇਗਾ।
ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਤਹਿ ਦਿਲੋਂ ਮਹਿਸੂਸ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਇੱਕ ਪੜਾਅ ਉਤੇ ਸੂਬਾ ਸਰਕਾਰ ਨੇ ਕਣਕ ਦੇ ਭਾਅ ਵਿਚ ਕਟੌਤੀ ਦਾ ਸਮੁੱਚਾ ਬੋਝ ਆਪਣੇ ਸਿਰ ਲੈ ਲਿਆ ਸੀ ਪਰ ਅੰਤ ਵਿਚ ਕੇਂਦਰ ਸਰਕਾਰ ਨੇ ਕਣਕ ਦੇ ਮਿਆਰ ਉਤੇ ਕਟੌਤੀ ਦਾ ਬੋਝ ਆਪ ਸਹਿਣ ਕਰਨ ਵਾਸਤੇ ਪੰਜਾਬ ਸਰਕਾਰ ਦੀ ਮੰਗ ਪ੍ਰਵਾਨ ਕਰ ਲਈ। ਉਨ੍ਹਾਂ ਨੇ ਖੇਤੀ ਸੰਕਟ ਵਿਚੋਂ ਕਿਸਾਨੀ ਨੂੰ ਬਾਹਰ ਕਢੱਣ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਸਰਗਰਮ ਸਹਿਯੋਗ ਦੀ ਮੰਗ ਕੀਤੀ ਹੈ ਤਾਂ ਜੋ ਕਿਸਾਨਾਂ ਨੂੰ ਪੱਕੇ ਪੈਰੀ ਕੀਤਾ ਜਾ ਸਕੇ। ਇਸ ਟੀਚੇ ਦੀ ਪ੍ਰਾਪਤੀ ਦੇ ਵਾਸਤੇ ਸ. ਬਾਦਲ ਨੇ ਕਿਹਾ ਕਿ ਖੇਤੀਬਾੜੀ ਨੂੰ ਲਾਭਮੁਖੀ ਆਰਥਿਕ ਲੀਹਾਂ ਉਤੇ ਪੱਕੇ ਪੈਰੀ ਤੋਰੀ ਰੱਖਣ ਲਈ ਇੱਕ ਰਾਸ਼ਟਰੀ ਨੀਤੀ ਤਿਆਰ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਹੁਣ ਖੇਤੀਬਾੜੀ ਦਾ ਧੰਦਾ ਲਾਹੇਵੰਦ ਨਹੀਂ ਰਿਹਾ ਹੈ।
ਸ. ਬਾਦਲ ਨੇ ਇਹ ਵੀ ਦੱਸਿਆ ਕਿ ਮੌਜੂਦਾ ਹਾੜੀ ਦੇ ਸੀਜ਼ਨ ਦੌਰਾਨ 110 ਲੱਖ ਮੀਟਰਿਕ ਟਨ ਕਣਕ ਖਰੀਦੇ ਜਾਣ ਦੀ ਸੰਭਾਵਨਾ ਹੈ ਜਦਕਿ ਪਿਛਲੇ ਸਾਲ ਇਹ ਖਰੀਦ 119.31 ਲੱਖ ਮੀਟਰਿਕ ਟਨ ਸੀ। 29 ਅਪ੍ਰੈਲ, 2015 ਤੱਕ 70.31 ਲੱਖ ਮੀਟਰਿਕ ਟਨ ਕਣਕ ਮੰਡੀਆਂ ਵਿਚ ਪਹੁੰਚੀ ਹੈ ਜਿਸ ਵਿਚੋਂ 65.13 ਲੱਖ ਮੀਟਰਿਕ ਟਨ ਕਣਕ ਖਰੀਦੀ ਜਾ ਚੁੱਕੀ ਹੈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸ਼੍ਰੀ ਸੁਨੀਲ ਜਾਖੜ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਪਰਤਾਪ ਸਿੰਘ ਬਾਜਵਾ ਤੋਂ ਯਾਦ ਪੱਤਰ ਦੀ ਕਾਪੀ ਪ੍ਰਾਪਤ ਕੀਤੀ।
ਮੁੱਖ ਮੰਤਰੀ ਨਿਵਾਸ ਸਥਾਨ ਦੇ ਬਾਹਰ ਧਰਨੇ ’ਤੇ ਬੈਠੇ ਕਾਂਗਰਸ ਵਿਧਾਇਕਾਂ ਅਤੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਸਦਾ ਹੀ ਵਿਰੋਧੀ ਧਿਰ ਨੂੰ ਉਚ ਦਰਜਾ ਦਿੱਤਾ ਹੈ ਅਤੇ ਉਹ ਹਮੇਸ਼ਾ ਹੀ ਹਰ ਮਸਲੇ ਦਾ ਹੱਲ ਆਪਸੀ ਗੱਲਬਾਤ ਦੇ ਰਾਹੀਂ ਜਮਹੂਰੀ ਭਾਵਨਾ ਦੇ ਅਨੁਸਾਰ ਕੱਢਣ ਨੂੰ ਪਹਿਲ ਦਿੰਦੇ ਹਨ। ਉਨ੍ਹਾਂ ਨੇ ਧਰਨੇ ’ਤੇ ਬੈਠੇ ਆਗੂਆਂ ਨੂੰ ਅੰਦੋਲਨ ਦਾ ਰਾਹ ਛੱਡਣ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਅਤੇ ਨਿਵਾਸ ਸਥਾਨ ਦੇ ਦਰ ਹਮੇਸ਼ਾ ਹੀ ਉਨ੍ਹਾਂ ਲਈ ਖੁੱਲ੍ਹੇ ਹਨ ਅਤੇ ਉਹ ਜਦੋਂ ਵੀ ਚਾਹੁਣ ਸੂਬੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਨਾਲ ਸਬੰਧਤ ਮੁਦਿਆਂ ਉਪਰ ਸਿਹਤਮੰਦ ਵਿਚਾਰ ਵਟਾਂਦਰੇ ਲਈ ਆ ਸਕਦੇ ਹਨ।
ਇਸ ਮੌਕੇ ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੇ ਮੀਡੀਆ ਅਤੇ ਰਾਸ਼ਟਰੀ ਮਾਮਲਿਆਂ ਦੇ ਸਲਾਹਕਾਰ ਸ਼੍ਰੀ ਹਰਚਰਨ ਬੈਂਸ, ਉਨ੍ਹਾਂ ਦੇ ਪ੍ਰਮੁੱਖ ਸਕੱਤਰ ਸ਼੍ਰੀ ਐਸ.ਕੇ. ਸੰਧੂ, ਉਨ੍ਹਾਂ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਗਗਨਦੀਪ ਸਿੰਘ ਬਰਾੜ ਹਾਜ਼ਰ ਸਨ।