ਚੰਡੀਗੜ੍ਹ, 28 ਅਪ੍ਰੈਲ (ਪੀ. ਟੀ.)- ਬੇਮੌਸਮੀ ਬਾਰਸ਼ ਦੇ ਕਾਰਨ ਖ਼ਰਾਬ ਹੋਈ ਫ਼ਸਲ ਦੇ ਮੁਆਵਜ਼ੇ ਤੇ ਨਮੀ ਵਾਲੀ ਫ਼ਸਲ ਦੀ ਖ਼ਰੀਦ ਨਾ ਹੋਣ ਦੇ ਕਾਰਨ ਪ੍ਰੇਸ਼ਾਨ ਕਿਸਾਨ ਦੋ ਦਿਨਾਂ ਤੋਂ ਰੇਲਵੇ ਟਰੈਕ ‘ਤੇ ਹੜਤਾਲ ਕਰਕੇ ਬੈਠੇ ਹੋਏ ਹਨ। ਕਿਸਾਨਾਂ ਵੱਲੋਂ ਰੇਲ ਦਾ ਚੱਕਾ ਜਾਮ ਕੀਤੇ ਜਾਣ ਦੇ ਕਾਰਨ ਅੰਮ੍ਰਿਤਸਰ ਦਿੱਲੀ ਤੇ ਰਾਜਸਥਾਨ ਰੇਲ ਰਸਤਾ ਪੂਰੀ ਤਰ੍ਹਾਂ ਰੁਕਿਆ ਹੋਇਆ ਹੈ। ਇਸ ਦੌਰਾਨ ਪੰਜਾਬ ਦੇ ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ ਤੇ ਕੇਂਦਰ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ਦੀ ਇਸ ਪ੍ਰੇਸ਼ਾਨੀ ਦਾ ਛੇਤੀ ਹੱਲ ਕੱਢਣਾ ਚਾਹੀਦਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਪ੍ਰੇਸ਼ਾਨੀ ਨੂੰ ਦੂਰ ਕਰਨ ‘ਚ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਦੇਰੀ ਨਾਲ ਪੰਜਾਬ ਸਰਕਾਰ ਵੀ ਅਸੰਤੁਸ਼ਟ ਹੈ ਤੇ ਆਸ ਕਰਦੀ ਹੈ ਕਿ ਛੇਤੀ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੁੱਦੇ ਵੱਲ ਧਿਆਨ ਦਿੰਦੇ ਹੋਏ ਇਸਨੂੰ ਛੇਤੀ ਹੀ ਹੱਲ ਕਰਨਗੇ, ਕਿਉਂਕਿ ਇਨ੍ਹਾਂ ਕਿਸਾਨਾਂ ਂ ਦੇ ਵੋਟ ਹਾਸਲ ਕਰ ਕੇ ਹੀ ਉਹ ਸੱਤਾ ‘ਚ ਆਏ ਹਨ।