ਪਿੰਡ ਦੇਵੀਦਾਸਪੁਰਾ ਰੇਲਵੇ ਲਾਈਨਾਂ ’ਤੇ ਹਜ਼ਾਰਾਂ ਕਿਸਾਨਾਂ ਨੇ ਲਗਾਇਆ ਧਰਨਾ
ਜੰਡਿਆਲਾ ਗੁਰੂ, 27 ਅਪ੍ਰੈਲ- ਕੇਂਦਰ ਤੇ ਸੂਬਾ ਸਰਕਾਰ ਵਲੋਂ ਖੁੱਲੀ ਮੰਡੀ ਨੀਤੀ ਤਹਿਤ ਕਣਕ ਖ੍ਰੀਦਣ ਤੋਂ ਵੱਟਿਆ ਜਾ ਰਿਹਾ ਪਾਸਾ, ਮੰਡੀਆਂ ਵਿੱਚ ਰੁਲ ਰਿਹਾ ਕਿਸਾਨ ਅਤੇ ਉਹਨਾਂ ਦੀ ਲੱਖਾਂ ਟਨ ਕਣਕ, ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ, ਕਿਸਾਨੀ ਕਿਤੇ ਦੇ ਗੰਭੀਰ ਸੰਕਟ ਦੀਆਂ ਨਿਸ਼ਾਨੀਆਂ ਹਨ, ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਪਿੰਡ ਦੇਵੀਦਾਸਪੁਰਾ ਰੇਲਵੇ ਫਾਟਕ ’ਤੇ ਸੂਬੇ ਦੀਆਂ 17 ਕਿਸਾਨ ਜਥੇਬੰਦੀਆਂ, ਭਾਰਤੀ ਕਿਸਾਨ ਯੂਨੀਅਨ (ਏਕਤਾ) ਤੇ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਕਿਸਾਨਾਂ ਨੇ ਰੇਲ ਆਵਾਜਾਈ ਠੱਪ ਕੀਤੀ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਹ ਧਰਨਾ ਕੱਲ੍ਹ ਵੀ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਮੌਕੇ ਧਰਨੇ ’ਤੇ ਬੈਠੇ ਹਜ਼ਾਰਾਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਸਵਿੰਦਰ ਸਿੰਘ,
ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਹੀਰਾ ਸਿੰਘ ਚੱਕ ਸਿਕੰਦਰ ਨੇ ਕਿਹਾ ਕਿ ਖੁੱਲੀ ਮੰਡੀ ਦੀ ਨੀਤੀ ਤਹਿਤ ਮੰਡੀਆਂ ਦੇ ਪ੍ਰਬੰਧ ਨੂੰ ਵੱਡੇ ਘਰਾਣਿਆਂ ਦੇ ਹਵਾਲੇ ਕਰਨ ਨਾਲ ਕੇਂਦਰ ਅਤੇ ਸੂਬਾ ਸਰਕਾਰਾਂ ਕਣਕ ਦੀ ਖ੍ਰੀਦ ਕਰਨ ਤੋਂ ਭੱਜ ਰਹੀਆਂ ਹਨ। ਪੰਜਾਬ ਭਰ ਵਿੱਚ ਲੱਖਾਂ ਟਨ ਕਣਕ ਖੁੱਲੇ ਅਸਮਾਨਾਂ ਥੱਲੇ ਮੰਡੀਆਂ ਵਿੱਚ ਪਈ ਰੁੱਲ ਰਹੀ ਹੈ ਅਤੇ ਦਰਜਨਾਂ ਦੇ ਕਰੀਬ ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। ਕੇਂਦਰ ਸਰਕਾਰ ਵਲੋਂ 10.88 ਪੈਸੇ ਦਾ ਲਗਾਇਆ ਜਾ ਰਿਹਾ ਕੱਟ ਅਤੇ ਕਈ ਹੋਰ ਸ਼ਰਤਾਂ ਲਗਾਕੇ ਕਿਸਾਨੀ ਦੇ ਕਾਰੋਬਾਰ ਨੂੰ ਤਬਾਹ ਕੀਤਾ ਜਾ ਰਿਹਾ ਹੈ। ਵੱਖ ਵੱਖ ਕਿਸਾਨ ਆਗੂਆਂ ਨੇ ਅਪਨੇ ਸੰਬੋਧਨ ਵਿੱਚ ਮੰਗ ਕੀਤੀ ਕਿ ਪੰਜਾਬ ਭਰ ਵਿੱਚੋਂ ਕਣਕ ਦੀ ਖ੍ਰੀਦ ਬਿਨਾਂ ਕਿਸੇ ਕੁਆਲਟੀ ਕੱਟ ਤੋਂ ਕੀਤੀ ਜਾਵੇ, ਕਣਕ ਦੇ ਝਾੜ ਨੂੰ ਦੇਖਦੇ ਹੋਏ 500 ਰੁਪਏ ਕਵਿੰਟਲ ਬੋਨਸ ਦਿੱਤਾ ਜਾਵੇ, ਕਣਕ ਦਾ ਮੁਆਵਜਾ 35000 ਰੁਪਏ ਏਕੜ ਮੰਨਕੇ ਦਿੱਤਾ ਜਾਵੇ, ਗਰੀਬਾਂ ਨੂੰ ਪੰਜ ਪੰਜ ਕਵਿੰਟਲ ਕਣਕ, ਖੁਦਕੁਸ਼ੀ ਕੀਤੇ ਕਿਸਾਨ ਭਰਾਵਾਂ ਨੂੰ ਪੰਜ ਪੰਜ ਲੱਖ ਮੁਆਵਜਾ, ਨੋਕਰੀ ਅਤੇ ਕਿਸਾਨ ਮਜਦੂਰਾਂ ਦਾ ਸਮੁੱਚਾ ਕਰਜਾ ਮਾਫ ਕੀਤਾ ਜਾਵੇ। ਦੁਪਹਿਰ ਕਰੀਬ 12 ਵਜੇ ਤੋਂ ਧਰਨਾਕਾਰੀਆਂ ਦੇ ਲਗਾਤਾਰ ਚੱਲ ਰਹੇ ਧਰਨੇ ਤੋਂ ਅੰਮ੍ਰਿਤਸਰ ਦਿੱਲੀ ਰੇਲ ਮਾਰਗ ਪੂਰੀ ਤਰ੍ਹਾਂ ਠੱਪ ਹੋ ਗਿਆ ਸੀ ਜਿਸ ਕਾਰਨ ਦਿੱਲੀ ਤੋਂ ਆ ਰਹੀਆਂ ਕਈ ਰੇਲ ਗੱਡੀਆਂ ਨੂੰ ਪਿਛੇ ਹੀ ਰੋਕ ਦਿੱਤਾ ਗਿਆ। ਪਿੰਡ ਦੇਵੀਦਾਸਪੁਰਾ ਰੋਕੀ ਹੋਈ ਰੇਲ ਦੇ ਯਾਤਰੀ ਕਾਫੀ ਪ੍ਰੇਸ਼ਾਨ ਹੋ ਰਹੇ ਸਨ। ਕਿਸਾਨਾਂ ਦਾ ਧਰਨਾ ਪਹਿਲਾਂ ਗਹਿਰੀ ਮੰਡੀ ਲੱਗਣ ਦਾ ਅਨੁਮਾਨ ਸੀ ਜਿਥੇ ਪੁਲਿਸ ਪ੍ਰਸ਼ਾਸ਼ਨ ਵਲੋਂ ਕਿਸਾਨਾਂ ਨੂੰ ਰੋਕਣ ਲਈ ਪੂਰੀ ਤਿਆਰੀ ਸੀ ਪਰ ਐਨ ਮੋਕੇ ਤੇ ਪਿੰਡ ਦੇਵੀਦਾਸਪੁਰਾ ਰੇਲਵੇ ਫਾਟਕ ਵੱਲ ਕਿਸਾਨਾਂ ਵਲੋਂ ਕੂਚ ਕਰ ਦਿੱਤਾ ਗਿਆ। ਕੜਕਦੀ ਧੁੱਪ ਵਿੱਚ ਬੈਠੇ ਕਿਸਾਨਾਂ ਲਈ ਚਾਹ, ਪਾਣੀ, ਲੰਗਰ ਦਾ ਪੂਰਾ ਇੰਤਜਾਮ ਕੀਤਾ ਗਿਆ ਸੀ। ਜੰਡਿਆਲਾ ਗੁਰੂ ਤੋਂ ਆੜਤੀ ਐਸੁਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਕੰਗ ਦੀ ਅਗਵਾਈ ਹੇਠ ਅਨਾਜ ਮੰਡੀ ਦੇ ਸਾਰੇ ਆੜ੍ਹਤੀ ਵੀ ਪਹੁੰਚੇ ਹੋਏ ਸਨ। ਮੋਕੇ ਉੱਪਰ ਐਸ ਡੀ ਐਮ ਰੋਹਿਤ ਗੁਪਤਾ, ਐਸ ਐਸ ਪੀ ਜਸਦੀਪ ਸਿੰਘ ਅੰਮ੍ਰਿਤਸਰ ਦਿਹਾਤੀ, ਐਸ ਪੀ ਆਈ ਮਨੋਹਰ ਲਾਲ, ਡੀ ਐਸ ਪੀ ਹੈੱਡਕੁਆਟਰ ਯੁਗਰਾਜ ਸਿੰਘ, ਡੀ ਐਸ ਪੀ ਜੰਡਿਆਲਾ ਭਗਵੰਤ ਸਿੰਘ, ਡੀ ਐਸ ਪੀ ਮੈਡਮ ਅਮਨਦੀਪ ਕੋਰ, ਐਸ ਐਚ ਉ ਜੰਡਿਆਲਾ ਕਮਲਜੀਤ ਸਿੰਘ ਤੋਂ ਇਲਾਵਾ ਪੂਰੀ ਅੰਮ੍ਰਿਤਸਰ ਜਿਲ੍ਹੇ ਦੇ ਵੱਖ ਵੱਖ ਥਾਣਿਆਂ ਤੋਂ ਭਾਰੀ ਪੁਲਿਸ ਫੋਰਸ ਪਹੁੰਚੀ ਹੋਈ ਸੀ। ਖਬਰ ਲਿਖੇ ਜਾਣ ਤਕ ਧਰਨਾ ਅਜੇ ਜਾਰੀ ਸੀ।