38 ਮਿੰਟ ’ਚ 9 ਵਾਰ ਆਏ ਝਟਕੇ, ਭੁਚਾਲ ਦੀ ਤੀਬਰਤਾ 7.9 ਮਾਪੀ, ਐਮਰਜੈਂਸੀ ਦਾ ਐਲਾਨ
ਕਾਠਮਾਂਡੂ, 25 ਅਪ੍ਰੈਲ- ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਵਿੱਚ ਅੱਜ ਭੁਚਾਲ ਦੇ ਤੇਜ਼ ਝਟਕਿਆਂ ਨੇ ਭਾਰੀ ਕਹਿਰ ਮਚਾਇਆ। ਇਸ ਤਬਾਹੀ ਨਾਲ ਹੁਣ ਤੱਕ 1000 ਤੋਂ ਵਧ ਮੌਤਾਂ ਦੀ ਇਤਲਾਹ ਹੈ। ਭੁਚਾਲ ਦੇ ਬਾਅਦ ਨੇਪਾਲ ਸਰਕਾਰ ਨੇ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਹੈ। ਮੌਤਾਂ ਦੀ ਗਿਣਤੀ ਕਿਤੇ ਵਧ ਹੋ ਸਕਦੀ ਹੈ। ਢਹਿ-ਢੇਰੀ ਹੋਈਆਂ ਇਮਾਰਤਾਂ ਵਿੱਚ ਨੇਪਾਲ ਦਾ ਕੁਤਬ ਮਿਨਾਰ ਕਹੇ ਜਾਣ ਵਾਲਾ ਭੀਮ ਸੈਨ ਟਾਵਰ ਵੀ ਸ਼ਾਮਿਲ ਹੈ। ਹੁਣ ਤੱਕ ਇਸ ਟਾਵਰ ’ਚੋਂ 180 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ ਕਾਠਮਾਂਡੂ ਸਥਿਤ ਭਾਰਤੀ ਦੂਤਾਵਾਸ ਨੂੰ ਵੀ ਨੁਕਸਾਨ ਪੁੱਜਾ ਹੈ। ਇਹ ਵੀ ਰਿਪੋਰਟ ਹੈ
ਕਿ ਭਾਰਤੀ ਦੂਤਾਵਾਸ ਦੇ ਇੱਕ ਅਧਿਕਾਰੀ ਦੀ ਪਤਨੀ ਦੀ ਵੀ ਮੌਤ ਹੋਈ ਹੈ। ਭੁਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 7.9 ਮਾਪੀ ਗਈ ਹੈ। ਇੱਕ ਹੋਰ ਰਿਪੋਰਟ ਅਨੁਸਾਰ ਮਾਊਂਟ ਐਵਰੇਸਟ ਦੀਆਂ ਪਹਾੜੀਆਂ ਉੱਤੇ ਇਸ ਦੌਰਾਨ ਬਰਫ ਦੇ ਤੋਦੇ ਡਿੱਗਣ ਨਾਲ 18 ਵਿਅਕਤੀਆਂ ਦੀ ਮੌਤ ਹੋ ਗਈ ਹੈ।
ਲਗਾਤਾਰ ਆ ਰਹੀਆਂ ਰਿਪੋਰਟਾਂ ਵਿੱਚ ਮੌਤਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਹਾਲੇ ਵੀ ਬਹੁਤ ਸਾਰੇ ਲੋਕਾਂ ਦੇ ਮਲਬੇ ਹੇਠ ਦੱਬੇ ਜਾਣ ਦਾ ਸ਼ੱਕ ਹੈ। ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ ’ਤੇ ਜਾਰੀ ਹਨ। ਇਸ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਵਾਇਆ ਹੈ। ਭਾਰਤ ਨੇ ਨੇਪਾਲ ਦੇ ਲਈ ਹਰਕੂਲੀਸ ਸੀ-130 ਜੇ ਜਹਾਜ਼ ਨੂੰ ਰਾਹਤ ਸਮੱਗਰੀ ਅਤੇ ਐਨ ਡੀ ਆਰ ਐਫ ਦੀਆਂ 15 ਟੀਮਾਂ ਨੂੰ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਏਅਰ ਫੋਰਸ ਦੀ ਰੈਪਿਡ ਐਕਸ਼ਨ ਮੈਡੀਕਲ ਟੀਮ ਨੂੰ ਆਧੁਨਿਕ ਜਹਾਜ਼ ਗਲੋਬ ਮਾਸਟਰ ਸੀ-17 ਰਾਹੀਂ ਰਵਾਨਾ ਕੀਤਾ ਹੈ।
ਪੂਰੇ ਨੇਪਾਲ ਵਿੱਚ ਮੋਬਾਇਲ ਸੇਵਾਵਾਂ ਠੱਪ ਹੋ ਗਈਆਂ ਹਨ। ਨੇਪਾਲ ਵਿੱਚ ਭੁਚਾਲ ਦਾ ਪਹਿਲਾ ਝਟਕਾ ਸਵੇਰੇ ਤਕਰੀਬਨ 11.40 ਵਜੇ ਆਇਆ ਜਦਕਿ ਦੂਸਰਾ ਝਟਕਾ ਦੁਪਹਿਰ 12.17 ਵਜੇ ਫਿਰ ਮਹਿਸੂਸ ਕੀਤਾ ਗਿਆ। ਕਾਠਮਾਂਡੂ ਜਾਣ ਵਾਲੀਆਂ ਕਈ ਉਡਾਨਾਂ ਨੂੰ ਭਾਰਤ ਵਾਲੇ ਪਾਸੇ ਡਾਈਵਰਟ ਕੀਤਾ ਗਿਆ ਹੈ।
ਦੱਸਿਆ ਜਾਂਦਾ ਹੈ ਕਿ ਨੇਪਾਲ ਵਿੱਚ ਅਜਿਹਾ ਭਿਆਨਕ ਭੁਚਾਲ 81 ਸਾਲ ਬਾਅਦ ਆਇਆ ਹੈ। ਇਸ ਤੋਂ ਪਹਿਲਾਂ ਨੇਪਾਲ ਵਿੱਚ ਇਸ ਕਿਸਮ ਦਾ ਭੁਚਾਲ 1934 ਵਿੱਚ ਆਇਆ ਸੀ, ਜਿਸ ਵਿੱਚ ਤਕਰੀਬਨ 8000 ਵਿਅਕਤੀਆਂ ਦੀ ਜਾਨ ਗਈ ਸੀ। ਰਿਕਟਰ ਪੈਮਾਨੇ ਉੱਤੇ ਇਸ ਭੁਚਾਲ ਦੀ ਤੀਬਰਤਾ 8.4 ਮਾਪੀ ਗਈ ਸੀ। ਦਰਅਸਲ ਹਿਮਾਲਿਆ ਦੀ ਗੋਦ ਵਿੱਚ ਸਮਾਇਆ ਪੂਰਾ ਨੇਪਾਲ ਭੁਚਾਲ ਦੇ ਫਾਲਟ ਜ਼ੋਨ ਵਿੱਚ ਪੈਂਦਾ ਹੈ।