April 25, 2026 3:27 am

ਅੱਗ ਲੱਗਣ ਨਾਲ 9 ਏਕੜ ਕਣਕ ਤੇ 4 ਏਕੜ ਨਾੜ ਸੜ ਕੇ ਸੁਆਹ

ਪੰਜਗਰਾਈਂ ਕਲਾਂ, 22 ਅਪ੍ਰੈਲ (ਬਲਕਾਰ ਸਿੰਘ ਚੌਹਾਨ)- ਅੱਜ ਸਥਾਨਕ ਪਿੰਡ ਤੋਂ ਦੇਵੀ ਵਾਲਾ ਨੂੰ ਜਾਣ ਵਾਲੀ ਸੰਪਰਕ ਸੜਕ ’ਤੇ ਨੀਵੀਆਂ ਤਾਰਾਂ ਨਾਲ਼ ਕੰਬਾਇਨ ਲੱਗਣ ਤੇ ਪੈਦਾ ਹੋਈ ਅੱਗ ਨੇ 9 ਏਕੜ ਕਣਕ ਤੇ 4 ਏਕੜ ਨਾੜ ਸੜ ਕੇ ਸੁਆਹ ਕਰ ਦਿੱਤੀ। ਮੌਕੇ ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਿਸਾਨ ਗੁਰਮੇਲ ਸਿੰਘ ਆਪਣੇ ਖੇਤ ’ਚ ਕੰਬਾਇਨ ਨਾਲ਼ ਕਣਕ ਦੀ ਕਟਾਈ ਕਰ ਰਿਹਾ ਸੀ ਤਾਂ ਖੇਤ ਵਿਚਕਾਰ ਦੀ ਲੰਘਦੇ ਸ਼ਹਿਰੀ ਫੀਡਰ ਦੀਆਂ ਨੀਵੀਆਂ ਤਾਰਾਂ ਕੰਬਾਇਨ ਨਾਲ਼  ਲੱਗ ਜਾਣ ਤੇ ਪੈਦਾ ਹੋਈਆਂ ਚੰਗਿਆੜੀ ਨਾਲ਼ ਕਣਕ ਨੂੰ ਅੱਗ ਲੱਗ ਗਈ ਜੋ ਦੇਖਦਿਆਂ-ਦੇਖਦਿਆਂ ਹੀ ਭਿਆਨਕ ਲਪਟਾਂ ਦਾ ਰੂਪ ਧਾਰਨ ਕਰ ਗਈ। ਜਿਸ ਨਾਲ਼ ਗੁਰਮੇਲ ਸਿੰਘ ਦੀ 1 ਏਕੜ, ਗੁਰਮੀਤ ਸਿੰਘ ਪੁੱਤਰ ਮੱਘਰ ਸਿੰਘ ਦੀ 7 ਏਕੜ, ਗੁਰਦੀਪ ਸਿੰਘ ਪੁੱਤਰ ਬਲਵੀਰ ਸਿੰਘ ਦੀ ਲਗਪਗ 1 ਏਕੜ ਕਣਕ ਸੜ ਗਈ ਤੇ ਨੈਬ ਸਿੰਘ ਪੁੱਤਰ ਚੜ੍ਹ ਸਿੰਘ ਦਾ 2 ਏਕੜ, ਚੜ੍ਹ ਸਿੰਘ ਦਾ ਲਗਪਗ 2 ਏਕੜ ਨਾੜ ਸੜ ਗਿਆ। ਅੱਗ

ਲੱਗਣ ਦਾ ਪਤਾ ਲੱਗਣ ਤੇ ਭਾਰੀ ਗਿਣਤੀ ’ਚ ਪੁੱਜੇ ਪਿੰਡ ਵਾਸੀਆਂ ਨੇ ਟਰੈਕਟਰਾਂ ਤੇ ਫਾਇਰ ਬ੍ਰਿਗੇਡ ਦੀ ਸਹਾਇਤਾ ਨਾਲ਼ ਅੱਗ ਤੇ ਬੜੀ ਮੁਸ਼ਕਿਲ ਨਾਲ਼ ਕਾਬੂ ਪਾਇਆ। ਇਸ ਸਮੇਂ ਸੋਹਣ ਸਿੰਘ ਗਿੱਲ ਸਪਰੇਅ ਕੰਪਨੀ ਪੰਜਗਰਾਈ ਕਲਾਂ ਦੇ ਵਰਕਰਾ ਨੇ ਅੱਗ ਬਝਾਉਣ ਵਿਚ ਵਿਸ਼ੇਸ਼ ਮਦਦ ਕੀਤੀ। ਇਸ ਘਟਨਾ ਸਬੰਧੀ ਕਿਸਾਨਾਂ ਦਾ ਨਾਲ਼ ਹਮਦਰਦੀ ਦਾ ਇਜ਼ਹਾਰ ਕਰਦਿਆਂ ਯੂਥ ਅਕਾਲੀ ਆਗੂ ਸਤਿਨਾਮ ਸਿੰਘ ਬਰਾੜ, ਬਲਾਕ ਸੰਮਤੀ ਮੈਂਬਰ ਦਲ ਸਿੰਘ, ਯੂਥ ਅਕਾਲੀ ਆਗੂ ਸ਼ਿਵਰਾਜ ਸਿੰਘ ਗਿੱਲ, ਬੱਬਲੀ ਗਿੱਲ, ਜਸਪਾਲ ਸਿੰਘ ਪੰਜਗਰਾਈਂ, ਆਪ ਦੇ ਸੀਨੀਅਰ ਆਗੂ ਨਛੱਤਰ ਸਿੰਘ ਬਰਾੜ, ਰਾਜਵਿੰਦਰ ਸਿੰਘ ਭਲੂਰੀਆ, ਜਸਵਿੰਦਰ ਸਿੰਘ ਗਿੱਲ, ਨੇ ਪੰਜਾਬ ਦੇ ਮੁੱਖ ਮੰਤਰੀ ਪਾਸੋਂ ਪੀੜ੍ਹਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਪੁਰਜ਼ੋਰ ਮੰਗ ਕੀਤੀ ਹੈ।

Send this to a friend