April 25, 2026 3:27 am

ਜ਼ਿਲ੍ਹਾ ਸੰਗਰੂਰ ’ਚ ਬਣਨ ਵਾਲੇ 10 ਪਸ਼ੂ ਹਸਪਤਾਲਾਂ ਦਾ ਕੰਮ 80 ਫ਼ੀਸਦੀ ਹੋਇਆ ਮੁਕੰਮਲ : ਗਰਗ

ਸੰਗਰੂਰ, 22 ਅਪ੍ਰੈਲ (ਦੀਪਕ ਗਰੋਵਰ)- ਪਸ਼ੂਆਂ ਨੂੰ ਬਿਮਾਰੀਆਂ ਤੋਂ ਨਿਜ਼ਾਤ ਦਿਵਾਉਣ ਅਤੇ ਪਸ਼ੂ ਪਾਲਕਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਲਈ ਬਹੁਤੀ ਦੂਰੀ ਤੈਅ ਨਾ ਕਰਨੀ ਪਵੇ ਨੂੰ ਧਿਆਨ ’ਚ ਰੱਖ ਕੇ ਜ਼ਿਲ੍ਹੇ ਅੰਦਰ 10 ਪਸ਼ੂ ਹਸਪਤਾਲਾ ਦੀ ਉਸਾਰੀ ਦਾ ਕੰਮ ਜੰਗੀ ਪੱਧਰ ’ਤੇ ਚਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੰਸਦੀ ਸਕੱਤਰ ਸ੍ਰੀ ਪਰਕਾਸ਼ ਚੰਦ ਗਰਗ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਾਬਾਰਡ ਦੀ ਸਹਾਇਤਾ ਨਾਲ ਘਰਾਚੋ, ਲੌਂਗੋਵਾਲ, ਨਮੋਲ, ਸੇਰੋ, ਢੱਢਰੀਆ, ਛਾਜਲੀ, ਕੌਹਰੀਆ, ਚੱਠਾ ਨੱਨਹੇੜਾ ਅਤੇ ਖਨੋਰੀਕਲਾਂ ਵਿਖੇ ਪੰਚਾਇਤੀ ਰਾਜ ਤੇ ਪੇਂਡੂ ਵਿਕਾਸ ਵੱਲੋਂ ਪਸ਼ੂ ਹਸਪਤਾਲ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਸ੍ਰੀ ਗਰਗ ਨੇ ਦੱਸਿਆ ਕਿ ਜ਼ਿਲ੍ਹੇ ’ਚ ਬਣਨ ਵਾਲੇ ਇਹਨਾਂ ਪਸ਼ੂ ਹਸਪਤਾਲਾਂ ਦੇ ਕਰੀਬ 1 ਕਰੋੜ 95 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ, ਜਿਸ ਤਹਿਤ 1 ਬਿਲਡਿੰਗ ’ਤੇ ਤਕਰੀਬਨ 19.50 ਲੱਖ ਰੁਪਏ ਖਰਚਾ ਆਵੇਗਾ। ਉਨ੍ਹਾਂ ਦੱਸਿਆ ਕਿ

ਹਸਪਤਾਲਾਂ ਦੀ ਉਸਾਰੀ ਦਾ 75 ਤੋਂ 80 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਿਆ ਹੈ। ਇਹਨਾਂ ਹਸਪਤਾਲਾਂ ਦੇ ਬਣਨ ਨਾਲ 33 ਪਿੰਡਾਂ ਨੂੰ ਵੱਡੇ ਪੱਧਰ ਤੇ ਲਾਭ ਮਿਲੇਗਾ ਅਤੇ ਪਸ਼ੂਆਂ ਦੇ ਮਾਹਿਰ ਡਾਕਟਰਾਂ ਵੱਲੋਂ ਇਲਾਜ ਸੰਭਵ ਹੋਣ ਨਾਲ ਪਸ਼ੂ ਪਾਲਕਾਂ ਨੂੰ ਸਸਤੀਆਂ ਦਰਾਂ ਤੇ ਪਸ਼ੂਆਂ ਦੀਆਂ ਦਵਾਈਆ ਅਤੇ ਵੈਕਸ਼ੀਨ ਦੇ ਟੀਕੇ ਲਗਾਉਣ ਵਿੱਚ ਅਸਾਨੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 54 ਲੱਖ ਰੁਪਏ ਦੀ ਲਾਗਤ ਨਾਲ ਧੂਰੀ ਵਿਖੇ ਤਹਿਸ਼ੀਲ ਪੱਧਰ ਦਾ ਪਸ਼ੂ ਹਸਪਤਾਲ ਬਣ ਕੇ ਲਗਭਗ ਤਿਆਰ ਹੋ ਚੁੱਕਿਆ ਹੈ ਜਿਸਨੂੰ ਜਲਦ ਹੀ ਪਸ਼ੂ ਪਾਲਕਾਂ ਦੀ ਸੁਵਿਧਾ ਲਈ ਚਾਲੂ ਕਰ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਪਸ਼ੂ ਪਾਲਣ ਦੇ ਕਿੱਤੇ ਤੋਂ ਉਤਸ਼ਾਹਿਤ ਕਰਨ ਲਈ ਸਮੇਂ ਸਮੇਂ ਤੇ ਪਸ਼ੂ ਪਾਲਣ ਵਿਭਾਗ ਵੱਲੋਂ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ। ਇਹਨਾਂ ਜਾਗਰੂਕਤਾ ਕੈਂਪਾਂ ਦਾ ਮੰਤਵ ਲੋਕਾਂ ਨੂੰ ਪਸ਼ੂਆਂ ਦੀ ਦੇਖਰੇਖ ਦੀ ਸਚੁੱਜੀ ਜਾਣਕਾਰੀ ਮੁਹੱਈਆ ਕਰਵਾਉਣਾ ਹੁੰਦਾ ਹੈ। ਪੰਜਾਬ ਸਰਕਾਰ ਵੱਲੋਂ ਹਰੇਕ ਸਾਲ ਜ਼ਿਲ੍ਹਾ ਪੱਧਰ ’ਤੇ ਪਸ਼ੂ ਮੇਲਿਆ ਦਾ ਆਯੋਜਨ ਕਰਵਾ ਕੇ ਪਸ਼ੂ ਪਾਲਕਾਂ ਨੂੰ 5 ਲੱਖ ਰੁਪਏ ਇਨਾਮ ਅਤੇ ਸਨਮਾਨ ਦਿੱਤਾ ਜਾਂਦਾ ਹੈ, ਤਾਂ ਜੋ ਪਸ਼ੂ ਪਾਲਕ ਅਜਿਹੀਆਂ ਗਤਿਵਿਧੀਆਂ ਤੋਂ ਪ੍ਰਭਾਵਿਤ ਹੋ ਕੇ ਵੱਧ ਤੋਂ ਵੱਧ ਪਸ਼ੂ ਪਾਲਣ ਦੇ ਕਿੱਤੇ ਅਪਨਾਉਣ ਅਤੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਣ।

Send this to a friend