ਪੱਖੋ ਕਲਾਂ (ਬਰਨਾਲਾ), 21 ਅਪ੍ਰੈਲ (ਇੰਦਰਜੀਤ)- ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਦੇ ਸੂਝਵਾਨ ਅਤੇ ਮਿਹਨਤੀ ਸਟਾਫ ਮੈਂਬਰ ਸ੍ਰੀਮਤੀ ਮੀਨਾ ਰਾਣੀ ਜੋ ਕਿ 19 ਅਪ੍ਰੈਲ ਦਿਨ ਐਤਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਦੀ ਆਤਮਿਕ ਸ਼ਾਂਤੀ ਲਈ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸਟਾਫ਼ ਵੱਲੋਂ 2 ਮਿੰਟ ਦਾ ਮੋਨ ਧਾਰ ਕੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸੰਸਥਾ ਦੇ ਪ੍ਰਧਾਨ ਸੰਤ ਚਰਨਪੁਰੀ ਜੀ ਅਤੇ ਪ੍ਰਬੰਧਕੀ ਟਰੱਸਟੀ ਸ. ਰਵਿੰਦਰਜੀਤ ਸਿੰਘ ਬਿੰਦੀ ਨੇ ਕਿਹਾ ਕਿ ਸ੍ਰੀਮਤੀ ਮੀਨਾ ਰਾਣੀ ਜੋ ਕਿ ਬਹੁਤ ਹੀ ਮਿਹਨਤੀ ਅਤੇ ਹੋਣਹਾਰ ਅਧਿਆਪਕ ਸਨ, ਜਿਨ੍ਹਾਂ ਦੀ ਕਮੀ ਸਾਡੀ ਸੰਸਥਾ ਨੂੰ ਹਮੇਸ਼ਾ ਲਈ ਰਹੇਗੀ। ਜ਼ਿਕਰਯੋਗ ਹੈ ਕਿ ਸ੍ਰੀਮਤੀ ਮੀਨਾ ਰਾਣੀ ਜੀ ਦੀ ਯਾਦ ਵਿੱਚ ਸਕੂਲ ਵਿਖੇ 20 ਅਤੇ 21 ਅਪ੍ਰੈਲ ਨੂੰ ਛੁੱਟੀ ਕਰ ਦਿੱਤੀ ਗਈ ਸੀ।