ਚੰਡੀਗੜ੍ਹ, 20 ਅਪ੍ਰੈਲ (ਪੀ. ਟੀ.)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਪੰਜਾਬ ਵਾਸੀਆਂ ਨੂੰ ਪਵਿੱਤਰ ਭਗਵਾਨ ਪਰਸ਼ੂ ਰਾਮ ਜੈਅੰਤੀ ਦੀ ਵਧਾਈ ਦਿੱਤੀ ਹੈ। ਆਪਣੇ ਸੰਦੇਸ਼ ਵਿੱਚ ਸ. ਬਾਦਲ ਨੇ ਲੋਕਾਂ ਨੂੰ ਭਗਵਾਨ ਪਰਸ਼ੂ ਰਾਮ ਵੱਲੋਂ ਕਾਇਮ ਕੀਤੇ ਆਦਰਸ਼ਾਂ ਤੋਂ ਸੇਧ ਲੈਣ ਦਾ ਸੱਦਾ ਦਿੱਤਾ ਤਾਂ ਜੋ ਨਿਆਂ ਅਤੇ ਬਰਾਬਰੀ ਵਾਲਾ ਸਮਾਜ ਸਿਰਜਿਆ ਜਾ ਸਕੇ। ਉਨ੍ਹਾਂ ਆਖਿਆ ਕਿ ਭਗਵਾਨ ਪਰਸ਼ੂ ਰਾਮ ਜੀ ਨੇ ਧਰਮ ਦੇ ਮੁਢਲੇ ਸਿਧਾਂਤਾਂ ਸੱਚ, ਦਿਆ, ਪਿਆਰ ਅਤੇ ਆਪਸੀ ਭਾਈਚਾਰੇ ’ਤੇ ਪਹਿਰਾ ਦਿੱਤਾ। ਸ. ਬਾਦਲ ਨੇ ਕਿਹਾ ਕਿ ਭਗਵਾਨ ਪਰਸ਼ੂ ਰਾਮ ਜੀ ਦਾ ਜੀਵਨ ਤੇ ਵਿਚਾਰਧਾਰਾ ਸਾਨੂੰ ਦ੍ਰਿੜ੍ਹ ਨਿਸ਼ਚੇ ਨਾਲ ਅਨਿਆਂ ਵਿਰੁੱਧ ਆਵਾਜ਼ ਉਠਾਉਣ ਲਈ ਪ੍ਰੇਰਦੀ ਹੈ। ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਪਵਿੱਤਰ ਦਿਹਾੜੇ ਨੂੰ ਜਾਤ, ਰੰਗ, ਨਸਲ ਅਤੇ ਧਾਰਮਿਕ ਭੇਦਭਾਵ ਤੋਂ ਉਪਰ ਉਠ ਕੇ ਮਨਾਉਣ।
ਪੰਜਾਬ ਦੇ ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਵੀ ਅੱਜ ਭਗਵਾਨ ਪਰਸ਼ੂਰਾਮ ਜੈਯੰਤੀ ਦੀ ਪੂਰਵ ਸੰਧਿਆ ਤੇ ਪੰਜਾਬ ਦੇ ਲੋਕਾਂ ਨੂੰ ਹਾਰਦਿਕ ਵਧਾਈ ਦਿੱਤੀ ਹੈ। ਇਸ ਮੌਕੇ ਆਪਣੇ ਇਕ ਸੰਦੇਸ਼ ਵਿੱਚ ਸ. ਬਾਦਲ ਨੇ ਕਿਹਾ ਕਿ ਭਗਵਾਨ ਪਰਸ਼ੂਰਾਮ, ਭਗਵਾਨ ਵਿਸ਼ਨੂੰ ਜੀ ਦੇ 6ਵੇਂ ਅਵਤਾਰ ਸਨ ਜਿਨ੍ਹਾਂ ਨੇ ਧਰਤੀ ਤੇ ਤਾਕਤਵਰਾਂ ਦੀਆਂ ਵਧੀਕੀਆਂ ਵਿਰੁੱਧ ਲੜਨ ਲਈ ਜਨਮ ਲਿਆ ਸੀ। ਉਨ੍ਹਾਂ ਕਿਹਾ ਕਿ ਭਗਵਾਨ ਪਰਸ਼ੂਰਾਮ ਜੀ ਨੇ ਦੁਨੀਆਂ ਅੰਦਰ ਕਮਜੋਰ ਅਤੇ ਲਿਤਾੜੇ ਹੋਏ ਲੋਕਾਂ ਦੀ ਰਾਖੀ ਲਈ ਭਗਤੀ ਅਤੇ ਸ਼ਕਤੀ ਦਾ ਸੁਮੇਲ ਕੀਤਾ।
ਮਾਲ ਅਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ, ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਖੇਤੀਬਾੜੀ ਮੰਤਰੀ ਸ. ਤੋਤਾ ਸਿੰਘ ਨੇ ਵੀ ਭਗਵਾਨ ਪਰਸ਼ੂਰਾਮ ਜਯੰਤੀ ’ਤੇ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ ਹੈ।