ਬਠਿੰਡਾ, 20 ਮਾਰਚ (ਅਮਰਜੀਤ ਸਿੰਘ ਸਿੱਧੂ)- ਬਠਿੰਡਾ ’ਚ ਸ਼ਾਨੋ-ਸੌਕਤ ਨਾਲ ਠਾਠਾਂ ਮਾਰਦਾ ਸਾਰਸ ਮੇਲੇ ਦੀ ਸਫਲਤਾ ਦਾ ਸਿਹਰਾ ਡਿਊਟੀ ਦੇਣ ਵਾਲੇ ਕਰਮਚਾਰੀਆਂ, ਬਠਿੰਡਾ ਵਾਸੀਆਂ ਅਤੇ ਬਠਿੰਡਾ ਦੇ ਮੀਡੀਆ ਨੂੰ ਜਾਂਦਾ ਹੈ। ਇਨ੍ਹਾਂ ਸਾਰੇ ਲੋਕਾਂ ਦੇ ਯੋਗਦਾਨ ਤੋਂ ਬਿਨਾਂ ਇਸ ਮੇਲੇ ਦੀ ਕਲਪਨਾ ਕਰਨਾ ਵੀ ਮੁਮਕਿਨ ਨਹੀਂ ਸੀ, ਇਸ ਗੱਲ ਦਾ ਪ੍ਰਗਟਾਵਾ ਅੱਜ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ, ਸ਼੍ਰ. ਗੁਰਪ੍ਰੀਤ ਸਿੰਘ ਮਲੂਕਾ ਨੇ ਖਾਸ ਤੌਰ ’ਤੇ ਬੁਲਾਈ ਗਈ ਇਕ ਬੈਠਕ ਵਿਚ ਕੀਤਾ। ਸ਼੍ਰੀ ਮਲੂਕਾ ਨੇ ਕਿਹਾ ਕਿ ਉਨ੍ਹਾਂ ਪੰਜਾਬ ਸਰਕਾਰ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ਼੍ਰੀ ਸਿਕੰਦਰ ਸਿੰਘ ਮਲੂਕਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਕਿ ਉਨ੍ਹਾਂ ਭਾਰਤ ਸਰਕਾਰ ਤੋਂ ਇਹ ਮੇਲਾ ਬਠਿੰਡਾ ਵਿਖੇ 6 ਸਾਲ ਤੋਂ ਬਾਅਦ ਹੀ ਕਰਵਾਇਆ ਗਿਆ। ਸ਼ਾਂਤੀ ਪੂਰਨ ਸਮਾਪਤ ਹੋਏ ਇਸ ਰੰਗਾ ਰੰਗ ਮੇਲੇ ’ਚ ਕੰਮ ਕਰਨ ਵਾਲੇ ਅਫ਼ਸਰਾਂ ਅਤੇ ਕਰਮਚਾਰੀਆਂ ਦੀ ਇਸ ਬੈਠਕ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਭਾਰਤ ਦੇ ਵੱਖ-ਵੱਖ ਰੰਗ ਇਸ ਮੇਲੇ ’ਚ ਦੇਖਣ ਨੂੰ ਮਿਲੇ। ਬੈਠਕ ’ਚ ਮੌਜੂਦ ਲੋਕਾਂ ਨੂੰ ਵਧਾਈ ਦਿੰਦਿਆ ਉਨ੍ਹਾਂ ਕਿਹਾ ਕਿ 25 ਸੂਬਿਆਂ ਤੋਂ 617 ਦਸਤਕਾਰ ਅਤੇ 370 ਕਲਾਕਾਰ ਇਸ ਮੇਲੇ ਦੀ ਸ਼ਾਨ ਬਣੇ। ਇਸ ਮੌਕੇ ’ਤੇ ਬੋਲਦਿਆਂ ਡਿਪਟੀ ਡਾਇਰੈਕਟਰ ਪੇਂਡੂ ਵਿਕਾਸ ਅਤੇ
ਪੰਚਾਇਤ ਵਿਭਾਗ ਸ਼੍ਰੀਮਤੀ ਪਰਮਪਾਲ ਕੌਰ ਮਲੂਕਾ ਨੇ ਮੇਲੇ ਦੌਰਾਨ ਪੰਚਾਇਤ ਸਕੱਤਰ ਗੁਰਜੀਵਨ ਸਿੰਘ ਦੁਆਰਾ ਮਰਹੂਮ ਕੋਲਕਾਤਾ ਦੇ ਮੁਬਾਰਕ ਅਲੀ ਦੇ ਸਮਾਨ ਨੂੰ ਵੇਚ ਕੇ ਉਸ ਦੀ ਵਿਧਵਾ ਨੂੰ ਪੈਸੇ ਭੇਜਣ ਦੇ ਕੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਗੁਰਜੀਵਨ ਦੇ ਇਸ ਯਤਨਾਂ ਸਦਕਾ ਪੰਜਾਬੀਆਂ ਨੇ ਬਾਹਰਲੇ ਸੂਬਿਆਂ ਤੋਂ ਆਏ ਲੋਕਾਂ ਦੇ ਮਨਾਂ ਵਿੱਚ ਆਪਣੀ ਥਾਂ ਬਣਾ ਲਈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ 12 ਰੋਜ਼ਾ ਮੇਲੇ ’ਚ ਕਰੀਬ 2 ਕਰੋੜ, 73 ਲੱਖ, 74 ਹਜ਼ਾਰ 425 ਰੁਪਏ ਦੀ ਵਿਕਰੀ ਰਿਕਾਰਡ ਕੀਤੀ ਗਈ। ਉਨ੍ਹਾਂ ਕਿਹਾ ਕਿ 3 ਲੱਖ ਦੇ ਕਰੀਬ ਟਿਕਟਾਂ ਵਿਕਣ ਨਾਲ ਕਰੀਬ 6 ਲੱਖ ਤੋਂ ਵੱਧ ਜਨਤਾ ਵਲੋਂ ਮੇਲੇ ਦਾ ਆਨੰਦ ਮਾਣਿਆ ਗਿਆ ਹੈ, ਕਿਉਂਕਿ 10 ਸਾਲ ਤੱਕ ਦੇ ਬੱਚੇ ਅਤੇ ਅਧਿਆਪਕਾਂ ਨਾਲ ਆਉਣ ਵਾਲੇ ਵਿਦਿਆਰਥੀਆਂ ਦੀ ਐਂਟਰੀ ਬਿਲਕੁੱਲ ਮੁਫ਼ਤ ਸੀ। ਇਸ ਮੌਕੇ ’ਤੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪ੍ਰਸੰਸਾ ਪੱਤਰ ਵੰਡੇ ਗਏ। ਇਸ ਮੌਕੇ ’ਤੇ ਡੀ.ਈ.ਓ.ਸੈਕੰਡਰੀ ਸ਼੍ਰੀਮਤੀ ਅਮਰਜੀਤ ਕੌਰ ਕੋਟਫੱਤਾ, ਡੀਡੀਪੀਓ ਸ਼੍ਰੀ ਰਜਿੰਦਰ ਬੱਤਰਾ, ਮਾਲਵਾ ਹੈਰੀਟੇਜ ਫਾਊਂਡੇਸ਼ਨ ਦੇ ਹਰਵਿੰਦਰ ਸਿੰਘ ਖਾਲਸਾ ਅਤੇ ਹੋਰ ਲੋਕ ਮੌਜੂਦ ਸਨ।