ਫੌਜੀ ਵਰਦੀਧਾਰੀ ਦੋਨੋਂ ਹਮਲਾਵਰ 6 ਘੰਟੇ ਚੱਲੇ ਮੁਕਾਬਲੇ ’ਚ ਮਾਰੇ ਗਏ
ਕਠੂਆ (ਜੰਮੂ), 20 ਮਾਰਚ (ਪੀ. ਟੀ. ਲਾਇਵ)- ਅੱਜ ਤੜਕੇ ਸਵੇਰੇ ਭਾਰਤੀ ਫੌਜ ਦੀਆਂ ਵਰਦੀਆਂ ਪਹਿਨੀ 2 ਅੱਤਵਾਦੀਆਂ ਨੇ, ਜਿਹੜੇ ਕੌਮਾਂਤਰੀ ਸਰਹੱਦ ਪਾਰ ਕਰਕੇ ਭਾਰਤ ਅੰਦਰ ਦਾਖਲ ਹੋਏ ਸਨ, ਇੱਕ ਜੀਪ ਨੂੰ ਅਗਵਾਅ ਕਰਨ ਬਾਅਦ ਜੰਮੂ ਦੇ ਜ਼ਿਲ੍ਹਾ ਕਠੂਆ ’ਚ ਪੈਂਦੇ ਰਾਜਬਾਗ ਥਾਣੇ ਉੱਪਰ ਹਮਲਾ ਕੀਤਾ। ਇਸ ਹਮਲੇ ਵਿੱਚ 3 ਪੁਲਿਸ ਮੁਲਾਜ਼ਮ ਅਤੇ ਇੱਕ ਆਮ ਨਾਗਰਿਕ ਮਾਰਿਆ ਗਿਆ। ਜੰਮੂ-ਕਸ਼ਮੀਰ ਵਿੱਚ ਇਸ ਮਹੀਨੇ ਪੀਡੀਪੀ-ਭਾਜਪਾ ਗਠਜੋੜ ਸਰਕਾਰ ਦੇ ਬਣਨ ਬਾਅਦ ਸੂਬੇ ਵਿੱਚ ਇਹ ਪਹਿਲਾ ਅੱਤਵਾਦੀ ਹਮਲਾ ਹੈ।ਬਾਅਦ ਵਿੱਚ ਸੁਰੱਖਿਆ ਫੋਰਸਾਂ ਨਾਲ 6 ਘੰਟੇ ਚੱਲੇ ਗਹਿਗੱਚ ਮੁਕਾਬਲੇ ਵਿੱਚ ਦੋਨੋ ਅੱਤਵਾਦੀ ਮਾਰੇ ਗਏ।ਪ੍ਰਾਪਤ ਰਿਪੋਰਟਾਂ ਅਨੁਸਾਰ, ਸਰਹੱਦ ਤੋਂ 15 ਕਿਲੋਮੀਟਰ ਦੂਰ ਰਾਜਬਾਗ ਥਾਣੇ ਉੱਪਰ ਸਵੇਰੇ ਸ
ਵਾ 6 ਵਜੇ ਦੇ ਕਰੀਬ ਫਾਇਰਿੰਗ ਕਰਦੇ ਹੋਏ 2 ਅੱਤਵਾਦੀ ਦਾਖਲ ਹੋਏ। ਇਸ ਦੌਰਾਨ ਜੰਮੂ-ਕਸ਼ਮੀਰ ਪੁਲਿਸ ਦਾ ਇੱਕ ਜਵਾਨ ਅਤੇ ਸੀਆਰਪੀਐਫ ਦੇ 2 ਜਵਾਨ ਮਾਰੇ ਗਏ। ਸਮਝਿਆ ਜਾਂਦਾ ਹੈ ਕਿ ਦੋਨੋ ਅੱਤਵਾਦੀਆਂ ਨੇ ਹਮਲਾ ਕਰਨ ਤੋਂ 30 ਮਿੰਟ ਪਹਿਲਾਂ ਸਰਹੱਦ ਪਾਰ ਤੋਂ ਭਾਰਤ ਅੰਦਰ ਪ੍ਰਵੇਸ਼ ਕੀਤਾ, ਜਿਸ ਬਾਅਦ ਉਨ੍ਹਾਂ ਨੇ ਇੱਕ ਡਰਾਇਵਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਅਤੇ ਉਸ ਤੋਂ ਜੀਪ ਖੋਹ ਲਈ। ਦੱਸਿਆ ਜਾਂਦਾ ਹੈ ਕਿ ਜਿਸ ਵੇਲੇ ਥਾਣੇ ਉੱਪਰ ਹਮਲਾ ਕੀਤਾ ਗਿਆ ਉਸ ਵੇਲੇ ਥਾਣੇ ਅੰਦਰ 25 ਪੁਲਿਸ ਮੁਲਾਜ਼ਮ ਅਤੇ ਸੀਆਰਪੀਐਫ ਦੇ ਜਵਾਨ ਮੌਜੂਦ ਸਨ, ਜਿਨ੍ਹਾਂ ’ਚੋਂ ਕੁਝ ਨੇ ਥਾਣੇ ਦੀ ਛੱਤ ਉੱਤੇ ਪੁਜੀਸ਼ਨਾਂ ਲੈ ਕੇ ਮੁਕਾਬਲਾ ਕੀਤਾ। ਬਾਅਦ ਵਿੱਚ ਫੌਜੀ ਦਸਤਿਆਂ, ਸੀਆਰਪੀਐਫ ਅਤੇ ਪੁਲਿਸ ਵੱਲੋਂ ਚਲਾਏ ਗਏ ਸਾਂਝੇ ਆਪ੍ਰੇਸ਼ਨ ਵਿੱਚ ਥਾਣੇ ਅੰਦਰ ਮੌਜੂਦ ਬਾਕੀ ਦੇ ਜਵਾਨਾਂ ਨੂੰ ਬਾਹਰ ਕੱਢਿਆ ਗਿਆ। ਦੋਨੋਂ ਅੱਤਵਾਦੀ ਥਾਣੇ ਦੇ ਇੱਕ ਕਮਰੇ ਅੰਦਰ ਲੁਕੇ ਹੋਏ ਸਨ, ਜਿੱਥੋਂ ਉਹ ਸੁਰੱਖਿਆ ਫੋਰਸਾਂ ਉੱਪਰ ਫਾਇਰਿੰਗ ਕਰ ਰਹੇ ਸਨ। ਦੋਨਾਂ ਅੱਤਵਾਦੀਆਂ ਦੇ ਖਾਤਮੇ ਬਾਅਦ ਮੁਕਾਬਲਾ ਬਾਅਦ ਦੁਪਹਿਰ ਸਮਾਪਤ ਹੋਇਆ।