ਬਠਿੰਡਾ- ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸ਼੍ਰੀ ਗੁਰਪ੍ਰੀਤ ਸਿੰਘ ਮਲੂਕਾ ਨੇ ਦੱਸਿਆ ਕਿ ਪਹਿਲਾਂ ਵਾਲੇ ਸ਼ਡਿਊਲ ਮੁਤਾਬਕ ਹੀ ਖੇਤਰੀ ਸਾਰਸ ਮੇਲਾ 18 ਮਾਰਚ ਤੱਕ ਚੱਲੇਗਾ। ਉਨ੍ਹਾਂ ਦੱਸਿਆ ਕਿ ਭਾਵੇਂ ਇਲਾਕਾ ਵਾਸੀਆਂ ਦੀ ਪੁਰਜ਼ੋਰ ਮੰਗ ਸੀ ਕਿ ਮੇਲਾ ਕੁਝ ਦਿਨਾਂ ਲਈ ਹੋਰ ਵਧਾਇਆ ਜਾਵੇ, ਪਰ ਵੱਖ-ਵੱਖ ਰਾਜਾਂ ਦੇ ਪੁੱਜੇ ਕਲਾਕਾਰਾਂ ਦੀ ਹੋਈ ਰਿਜ਼ਰਵੇਸ਼ਨ ਕਾਰਨ ਅਤੇ ਮੌਸਮ ਦੀ ਖਰਾਬੀ ਕਾਰਨ ਇਹ ਮੇਲਾ ਹੋਰ ਵਧਾਇਆ ਨਹੀਂ ਜਾ ਸਕਦਾ। ਉਨ੍ਹਾਂ ਦੱਸਿਆ ਕਿ 18 ਮਾਰਚ ਨੂੰ ਸ਼ਾਮ 07:00 ਵਜੇ ਖੇਤਰੀ ਸਾਰਸ ਮੇਲੇ ਦੇ ਸਮਾਪਤੀ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ, ਪੰਜਾਬ ਸ਼੍ਰੀ ਸਿੰਕਦਰ ਸਿੰਘ ਮਲੂਕਾ ਵਿਸ਼ੇਸ਼ ਤੌਰ ’ਤੇ ਪੁੱਜਣਗੇ। ਉਨ੍ਹਾਂ ਦੱਸਿਆ ਕਿ 17 ਮਾਰਚ ਨੂੰ ਪੰਜਾਬੀ ਗਾਇਕ ਗੁਰਲੇਜ਼ ਅਖ਼ਤਰ ਅਤੇ ਕੁਲਵਿੰਦਰ ਕੈਲੀ ਵਲੋਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਜਾਵੇਗਾ, ਇਸ ਤੋਂ ਇਲਾਵਾ ਸ਼ਾਮ 04:00 ਵਜੇ ਤੋਂ 06:00ਵਜੇ ਤੱਕ ਮਸ਼ਹੂਰ ਜਾਦੂਗਰ ਸੰਜੇ ਸਰਤਾਜ ਵਲੋਂ ਜਾਦੂ ਦਾ ਜਲਵਾ ਵੀ ਬਿਖੇਰਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 18 ਮਾਰਚ ਨੂੰ ਮੇਲੇ ਦੇ ਸਮਾਪਤੀ ਸਮਾਰੋਹ ’ਤੇ ਉਘੇ ਪੰਜਾਬੀ ਗਾਇਕ ਬਲਵੀਰ ਸੂਫ਼ੀ ਆਪਣੇ ਫਨ ਦਾ ਮੁਜਾਹਰਾ ਕਰਨਗੇ।