April 15, 2026 8:42 pm

2 ਲੱਖ ਤੋਂ ਵੱਧ ਟਿਕਟਾਂ ਦੀ ਵਿਕਰੀ ਨਾਲ ਸੰਗਰੂਰ ਦਾ ਰਿਕਾਰਡ ਟੁੱਟਾ : ਮਲੂਕਾ

image ਬਠਿੰਡਾ, 16 ਮਾਰਚ (ਗੁਰਤੇਜ ਸਿੱਧੂ, ਅਮਰਜੀਤ ਸਿੱਧੂ, ਇੰਦਰਜੀਤ ਨਥਾਣਾ)- ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ, ਪੰਜਾਬ ਸ੍ਰ. ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਬਠਿੰਡਾ ਵਿਖੇ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਅਗਵਾਈ ਵਿਚ ਚੱਲ ਰਿਹਾ ਖੇਤਰੀ ਸਾਰਸ ਮੇਲਾ ਪੁਰਾਣੇ ਰਿਕਾਰਡ ਤੋੜਕੇ ਨਵੇਂ ਰਿਕਾਰਡ ਬਣਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੰਗਰੂਰ ਵਿਖੇ ਖੇਤਰੀ ਸਾਰਸ ਮੇਲੇ ਦੌਰਾਨ 2 ਲੱਖ ਦੇ ਕਰੀਬ ਟਿਕਟਾਂ ਵਿਕੀਆਂ ਸਨ, ਜਦਕਿ ਬਠਿੰਡਾ ਵਿਖੇ ਅੱਜ 10ਵੇਂ ਦਿਨ ਤੱਕ 2 ਲੱਖ 30 ਹਜ਼ਾਰ ਦੇ ਕਰੀਬ ਟਿਕਟਾਂ ਵਿਕ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਅਗਲੇ ਦਿਨਾਂ ਤੱਕ ਇਹ ਟਿਕਟਾਂ 3 ਲੱਖ ਦੇ ਅੰਕੜੇ ਤੋਂ ਵੀ ਵੱਧ ਵਿਕਣ ਦੀ ਆਸ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬਠਿੰਡਾ ਜ਼ਿਲ੍ਹੇ ਸਮੇਤ

ਬਾਕੀ ਜ਼ਿਲ੍ਹਿਆਂ ਦੇ ਲੋਕ ਅਤੇ ਐਨ.ਆਰ.ਆਈਜ਼ ਵੀ ਇਸ ਮੇਲੇ ਦਾ ਆਨੰਦ ਮਾਣ ਰਹੇ ਹਨ। ਸ੍ਰ. ਮਲੂਕਾ ਨੇ ਦੱਸਿਆ ਕਿ ਸੂਬਾ ਸਰਕਾਰ ਦੀ ਪਹਿਲਕਦਮੀ ਸਦਕਾ ਹੱਥ ਦੇ ਹੁਨਰ ਨੂੰ ਉਤਸ਼ਾਹਿਤ ਕਰਨ ਲਈ ਲਗਾਏ ਜਾ ਰਹੇ ਖੇਤਰੀ ਸਾਰਸ ਮੇਲਿਆਂ ਦੌਰਾਨ ਸ਼ਿਲਪਕਾਰ ਆਪਣੀਆਂ ਵੱਡੇ ਪੱਧਰ ’ਤੇ ਵਸਤਾਂ ਵੇਚਕੇ ਆਪਣੀ ਆਰਥਿਕ ਹਾਲਤ ਹੋਰ ਸੁਧਾਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬਠਿੰਡਾ ਵਿਖੇ ਪੰਜਾਬ ਸਮੇਤ ਵੱਖ-ਵੱਖ ਰਾਜਾਂ ਤੋਂ ਕਰੀਬ 620 ਸ਼ਿਲਪਕਾਰ ਪਹੁੰਚੇ ਹਨ ਅਤੇ ਇਨ੍ਹਾਂ ਸ਼ਿਲਪਕਾਰਾਂ ਨੇ ਮੇਲੇ ਦੇ 9ਵੇਂ ਦਿਨ ਤੱਕ 1 ਕਰੋੜ, 64 ਲੱਖ, 50 ਹਜ਼ਾਰ 310 ਰੁਪਏ ਦੀ ਸੇਲ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਸ਼ਿਲਪਕਾਰ ਆਪਣੇ ਹੱਥ ਦੇ ਹੁਨਰ ਮੁਤਾਬਕ ਆਪਣੀਆਂ ਵਸਤਾਂ ਵੇਚ ਰਹੇ ਹਨ ਅਤੇ ਉਨ੍ਹਾਂ ਨੂੰ ਚੰਗਾ ਹੁੰਗਾਰਾ ਵੀ ਮਿਲ ਰਿਹਾ ਹੈ। ਸ੍ਰ. ਮਲੂਕਾ ਨੇ ਦੱਸਿਆ ਕਿ ਬਾਕੀ ਰਾਜਾਂ ਤੋਂ ਇਲਾਵਾ ਪੰਜਾਬ ਦੇ ਉਦਮੀ ਵਿਅਕਤੀ ਵੀ ਸੂਬਾ ਸਰਕਾਰ ਵਲੋਂ ਸਹਾਇਕ ਧੰਦਿਆਂ ਨੂੰ ਪ੍ਰਫੁੱਲਤ ਕਰਨ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਹਾ ਲੈ ਕੇ ਇਸ ਮੇਲੇ ਦੌਰਾਨ ਆਪਣੀਆਂ ਵਸਤਾਂ ਵੇਚ ਰਹੇ ਹਨ। ਉਨ੍ਹਾਂ ਦੱਸਿਆ ਕਿ ਮੱਖੀ ਪਾਲਣ ਦੇ ਧੰਦੇ ਅਪਣਾਕੇ ਕਈ ਵਿਅਕਤੀ ਮੱਖੀਆਂ ਦਾ ਸ਼ਹਿਦ ਵੇਚਣ ਦੇ ਨਾਲ-ਨਾਲ ਹਲਦੀ, ਆਚਾਰ, ਮੁਰੱਬਾ ਅਤੇ ਔਰਤਾਂ ਵਲੋਂ ਹੱਥ ਨਾਲ ਕੱਢੀ ਕਢਾਈ ਵਾਲੇ ਸੂਟ ਵੀ ਵੇਚੇ ਜਾ ਰਹੇ ਹਨ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਫਸਲੀ ਚੱਕਰ ਵਿਚੋਂ ਨਿਕਲਕੇ ਵੱਧ ਤੋਂ ਵੱਧ ਸਹਾਇਕ ਧੰਦੇ ਅਪਣਾਕੇ ਸਰਕਾਰੀ ਸਹੂਲਤਾਂ ਅਤੇ ਸਕੀਮਾਂ ਦਾ ਫਾਇਦਾ ਚੁੱਕਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਦੀ ਆਰਥਿਕ ਹਾਲਤ ਸੁਧਰ ਸਕੇ। ਉਨ੍ਹਾਂ ਕਿਹਾ ਕਿ ਲੋੜਵੰਦ ਲੜਕੀਆਂ ਨੂੰ ਵੀ ਸਿਲਾਈ ਕਢਾਈ ਦਾ ਹੁਨਰ ਸਿੱਖਣ ਦੀ ਲੋੜ ਹੈ, ਤਾਂ ਕਿ ਉਹ ਆਪਣੇ ਪਰਿਵਾਰ ਦੀ ਆਰਥਿਕਤਤਾ ਵਿਚ ਯੋਗਦਾਨ ਪਾ ਸਕਣ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ, ਪੰਜਾਬ ਨੇ ਦੱਸਿਆ ਕਿ ਖੇਤਰੀ ਸਾਰਸ ਮੇਲੇ ਦੇ 9ਵੇਂ ਦਿਨ ਹੀ 45 ਹਜ਼ਾਰ ਟਿਕਟਾਂ ਵਿਕੀਆਂ ਹਨ, ਜਿਸ ਸਦਕਾ ਬੱਚਿਆਂ ਸਮੇਤ ਇਸ ਦਿਨ ਕਰੀਬ 1 ਲੱਖ ਵਿਅਕਤੀ ਇਕ ਦਿਨ ਵਿਚ ਹੀ ਮੇਲੇ ਦਾ ਆਨੰਦ ਲੈ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸੰਗਰੂਰ ਵਿਚ ਲੱਗੇ 200 ਸਟਾਲਾਂ ਦੇ ਮੁਕਾਬਲੇ ਇਥੇ 250 ਸਟਾਲ ਹਨ ਅਤੇ ਇਸ ਤੋਂ ਇਲਾਵਾ ਮੇਲੇ ਵਿਚ ਵੱਖ-ਵੱਖ ਕਲਾਕਾਰਾਂ ਰਾਹੀਂ ਉਨ੍ਹਾਂ ਦੇ ਸਭਿੱਆਚਾਰ ਬਾਰੇ ਪਤਾ ਲੱਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੇਲੇ ਵਿਚ 10 ਸਾਲ ਤੱਕ ਦੇ ਬੱਚਿਆਂ ਤੋਂ ਇਲਾਵਾ ਅਧਿਆਪਕਾਂ ਨਾਲ ਆਉਣ ਵਾਲੇ ਵਿਦਿਆਰਥੀਆਂ ਦੀ ਐਂਟਰੀ ਬਿਲਕੁੱਲ ਮੁਫ਼ਤ ਹੈ। ਉਨ੍ਹਾਂ ਦੱਸਿਆ ਕਿ ਬਾਕੀਆਂ ਲਈ ਟਿਕਟ ਸਿਰਫ 10 ਰੁਪਏ ਹੀ ਰੱਖੀ ਗਈ ਹੈ, ਤਾਂ ਜੋ ਕੋਈ ਵੀ ਵਿਅਕਤੀ ਆਸਾਨੀ ਨਾਲ ਮੇਲੇ ਦਾ ਆਨੰਦ ਲੈ ਸਕੇ।

Send this to a friend