ਫ਼ਤਹਿਗੜ੍ਹ ਸਾਹਿਬ, 4 ਮਾਰਚ (ਪੀ. ਟੀ.)- ਜਦੋਂ ਵੀ ਕੋਈ ਘੱਟ ਗਿਣਤੀਆਂ ਦੇ ਹੱਕਾਂ ਅਤੇ ਆਪਣੀ ਕੌਮੀਅਤ ਬਾਰੇ ਗੱਲ ਕਰਦਾ ਹੈ ਤਾਂ ਸਮੁੱਚੇ ਹਿੰਦੂਤਵ ਪੱਖੀ ਆਗੂ ਇਕ-ਜੁੱਟ ਹੋ ਕੇ, ਇਸ ਗੱਲ ਦੇ ਵਿਰੋਧ ਵਿਚ ਖੜ੍ਹ ਜਾਂਦੇ ਹਨ । ਮੁਫ਼ਤੀ ਮੁਹੰਮਦ ਸਈਅਦ ਵੱਲੋਂ ਆਪਣੀ ਕੌਮ ਦੇ ਹੱਕ ਵਿਚ ਦਿੱਤੇ ਬਿਆਨਾਂ ਤੋਂ ਬਾਅਦ ਜੋ ਹਿੰਦੂਤਵੀ ਲੋਕ ਬੁਖਲਾਹਟ ਵਿਚ ਆਏ ਹਨ, ਹਿੰਦ ਦੀ ਪਾਰਲੀਮੈਂਟ ਵਿਚ ਜੋ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਇਸ ਗੱਲ ਬਦਲੇ ਆਪਣੀ ਫੜਾਸ ਕੱਢੀ, ਇਹ ਗੱਲ ਇਸ ਦੀ ਗਵਾਹੀ ਭਰਦੀ ਹੈ ਕਿ ਬਹੁਗਿਣਤੀ ਆਗੂ ਘੱਟ ਗਿਣਤੀਆਂ ਦੇ ਹਮੇਸ਼ਾਂ ਹੀ ਖਿਲਾਫ਼ ਰਹੇ ਹਨ ਅਤੇ ਅੱਜ ਵੀ ਹਨ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਦੇ ਨਾਂਮ ਆਪਣੇ ਨਿੱਜੀ ਸਹਾਇਕ ਗੁਰਜੰਟ ਸਿੰਘ ਕੱਟੂ ਰਾਹੀ ਜਾਰੀ ਬਿਆਨ ਵਿਚ ਕਰਦਿਆ ਕਿਹਾ ਕਿ ਜੇਕਰ ਜਨਾਬ ਮੁਫ਼ਤੀ ਮੁਹੰਮਦ ਸਈਅਦ ਨੇ ਆਪਣੇ ਹੀਰੋ (ਸ਼ਹੀਦ) ਜਨਾਬ
ਅਫ਼ਜਲ ਗੁਰੂ ਦੀਆਂ ਮ੍ਰਿਤਕ ਅਸਥੀਆਂ ਨੂੰ ਮੁਸਲਿਮ ਕੌਮ ਦੇ ਸਪੁਰਦ ਕਰਨ ਦੀ ਮੰਗ ਕੀਤੀ ਹੈ ਅਤੇ ਪਿਛਲੇ ਸਮੇਂ ਦੌਰਾਨ ਜੰਮੂ-ਕਸ਼ਮੀਰ ਵਿਚ ਹੋਈਆ ਅਸੈਬਲੀ ਚੋਣਾਂ ਵਿਚ ਪਾਕਿਸਤਾਨ ਹਕੂਮਤ ਅਤੇ ਹੁਰੀਅਤ ਦੇ ਸਹਿਯੋਗ ਦੀ ਗੱਲ ਆਖ ਦਿੱਤੀ, ਤਾਂ ਫਿਰ ਇਸ ਵਿਚ ਕੀ ਗਲਤ ਆਖ ਦਿੱਤਾ ਹੈ? ਇਸ ਗੱਲ ਬਦਲੇ ਸੈਟਰ ਹਕੂਮਤ ਵੱਲੋ ਅੱਗ-ਬਬੂਲਾ ਹੋ ਉ¤ਠਣਾ ਇਹ ਸਿੱਧ ਕਰਦਾ ਹੈ ਕਿ ਇਸ ਦੇਸ਼ ਅੰਦਰ ਘੱਟ ਗਿਣਤੀਆਂ ਦੇ ਹਿੱਤ ਸੁਰੱਖਿਅਤ ਨਹੀਂ । ਸ. ਮਾਨ ਨੇ ਕਿਹਾ ਕਿ ਜਨਾਬ ਮੁਫ਼ਤੀ ਮੁਹੰਮਦ ਸਈਅਦ ਜਨਾਬ ਅਫ਼ਜਲ ਗੁਰੂ ਦੀਆਂ ਅਸਥੀਆਂ ਨੂੰ ਪ੍ਰਾਪਤ ਕਰਨ ਲਈ ਸੁਪਰੀਮ ਕੋਰਟ ਵਿਚ ਵੀ ਰਿਟ-ਪਟੀਸ਼ਨ ਦਾਇਰ ਕਰਨ, ਕਿਉਂਕਿ ਜਨਾਬ ਅਫ਼ਜਲ ਗੁਰੂ ਦੇ ਪਰਿਵਾਰਿਕ ਮੈਬਰਾਂ ਅਤੇ ਮੁਸਲਿਮ ਕੌਮ ਨੂੰ ਆਪਣੇ ਹੀਰੋਜ਼ (ਸ਼ਹੀਦਾਂ) ਦੀਆਂ ਸਾਰੀਆਂ ਵਸਤੂਆਂ (ਯਾਦ-ਨਿਸ਼ਾਨੀਆਂ) ਪ੍ਰਾਪਤ ਕਰਨ ਦਾ ਸੰਵਿਧਾਨਿਕ ਹੱਕ ਹਾਸਲ ਹੈ।



