Skip to content
Independent perspectives. Global stories.
BREAKING

ਪੰਜਾਬ ਪੁਲਿਸ ਨੇ ਨਸ਼ਿਆਂ ਵਿਰੁੱਧ ਜੰਗ ਵਿੱਚ ਲੋਕਾਂ ਨੂੰ ਲਿਆ ਨਾਲ- ਸਲਾਹਕਾਰ ਕਮੇਟੀਆਂ ਦਾ ਗਠਨ

Share this story

ਡੀ.ਜੀ.ਪੀ. ਸ਼ਰਮਾ ਵੱਲੋਂ ਪੁਲਿਸ ਅਤੇ ਲੋਕਾਂ ਵਿਚਾਲੇ ਸਾਂਝ ਨੂੰ ਮਜ਼ਬੂਤ ਕਰਨ ’ਤੇ ਜ਼ੋਰ
Page-1_03 ਜਲੰਧਰ/ਚੰਡੀਗੜ੍ਹ, 1 ਮਾਰਚ- ਪੰਜਾਬ ਪੁਲੀਸ ਨੇ ਨਸ਼ਿਆਂ ਵਿਰੁੱਧ ਜੰਗ ਨੂੰ ਪਿੰਡ ਪੱਧਰ ’ਤੇ ਲੋਕਾਂ ਦੇ ਭਰਪੂਰ ਸਹਿਯੋਗ ਸਦਕਾ, ਲੋਕਾਂ ਦੀ ਆਪਣੀ ਮੁਹਿੰਮ ਬਣਾਉਣ ਵੱਲ ਵੱਡੀ ਪੇਸ਼ਕਦਮੀ ਕੀਤੀ ਹੈ। ਇਸ ਮੰਤਵ ਲਈ ਰਾਜ ਭਰ ਵਿੱਚ ਥਾਣਾ ਪੱਧਰ ’ਤੇ ਚੱਲ ਰਹੇ ਸਾਂਝ ਕੇਂਦਰਾਂ ਲਈ ਗੈਰ-ਸਰਕਾਰੀ ਸੰਗਠਨਾਂ, ਬੁੱਧੀਜੀਵੀਆਂ, ਸਮਾਜ ਸੇਵੀਆਂ ਅਤੇ ਹੋਰਨਾਂ ਪੇਸ਼ੇਵਰ ਵਿਅਕਤੀਆਂ ’ਤੇ ਅਧਾਰਿਤ ਸਥਾਨਕ ਪੱਧਰੀ ਸਲਾਹਕਾਰੀ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀਆਂ ਨਸ਼ਿਆਂ ਤੋਂ ਇਲਾਵਾ ਔਰਤਾਂ ਦੀ ਸੁਰੱਖਿਆ, ਆਵਾਜਾਈ ਅਤੇ ਅਵਾਰਾ ਪਸ਼ੂਆਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਵੀ ਸਥਾਨਕ ਪੱਧਰ ’ਤੇ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਨਗੀਆਂ। ਇੱਥੇ ਪੁਲੀਸ ਮੁੱਖ ਦਫ਼ਤਰ ਵਿਖੇ ਐਸ.ਪੀ./ਡੀ.ਐਸ.ਪੀ. ਪੱਧਰ ਦੇ ਜ਼ਿਲ੍ਹਾਂ

ਕਮਿਊਨਿਟੀ ਪੁਲੀਸ ਅਧਿਕਾਰੀਆਂ ਦੀ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਐਸ.ਕੇ. ਸ਼ਰਮਾ ਡੀ.ਜੀ.ਪੀ. ਕਮਿਊਨਿਟੀ ਪੁਲਿਸਿੰਗ ਨੇ ਆਮ ਲੋਕਾਂ ਨਾਲ ਵਧੇਰੇ ਸੁਚਾਰੂ ਤਾਲਮੇਲ ਅਤੇ ਉਨ੍ਹਾਂ ਦਾ ਸਹਿਯੋਗ ਲੈਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਇਸ ਦਿਸ਼ਾ ਵਿੱਚ ਲਏ ਗਏ ਇੱਕ ਹਾਲੀਆ ਕਦਮ ਤਹਿਤ ਸਾਂਝ ਸਲਾਹਕਾਰ ਬੋਰਡਾਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 35 ਹਜ਼ਾਰ ਤੋਂ ਵਧੇਰੇ ਵਿਅਕਤੀਆਂ ਨੂੰ ਸਾਂਝ ਕੇਂਦਰਾਂ ਨਾਲ ਜੋੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਂਝ ਕਮੇਟੀਆਂ ਅਤੇ ਸਾਂਝ ਸਲਾਹਕਾਰ ਬੋਰਡਾਂ ਦੇ ਮੈਂਬਰਾਂ ਲਈ ਇੱਕ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਛੇਤੀ ਹੀ ਸ਼ੁਰੂ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਵੱਧ ਤੋਂ ਵੱਧ ਲੋਕਾਂ ਨੂੰ ਸਾਂਝ ਪਹਿਲਕਦਮੀਆਂ ਨਾਲ ਜੋੜ ਸਕਣ। ਸ੍ਰੀ ਸ਼ਰਮਾ ਨੇ ਕਿਹਾ ਕਿ ਸਾਂਝ ਕੇਂਦਰ ਲੋਕਾਂ ਨੂੰ ਪੁਲੀਸ ਸੇਵਾਵਾਂ ਨਿਰਧਾਰਿਤ ਸਮੇਂ ਅੰਦਰ, ਸਨਮਾਨਯੋਗ ਢੰਗ ਨਾਲ ਪ੍ਰਦਾਨ ਕਰਨ ਅਤੇ ਝਗੜਿਆਂ ਦੇ ਨਿਵਾਰਣ ਲਈ ਪੁਲੀਸ ਅਤੇ ਲੋਕਾਂ ਦੀ ਸਾਂਝ ਦਾ ਇੱਕ ਮੰਚ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇਨ੍ਹਾਂ ਸਾਂਝ ਕੇਂਦਰਾਂ ’ਤੇ 40 ਲੱਖ ਤੋਂ ਵੱਧ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ ਅਤੇ ਕਈ ਹਜ਼ਾਰ ਤੋਂ ਵੱਧ ਝਗੜਿਆਂ ਦਾ ਨਿਪਟਾਰਾ ਵੀ ਕੀਤਾ ਗਿਆ ਹੈ। ਮੀਟਿੰਗ ਦੇ ਆਰੰਭ ਵਿੱਚ ਸਾਂਝ ਬਾਰੇ ਇੱਕ ਵਿਸ਼ੇਸ਼ ਪੇਸ਼ਕਾਰੀ ਦਿੱਤੀ ਗਈ, ਜਿਸ ਵਿੱਚ ਸਾਂਝ ਸਾਫ਼ਟਵੇਅਰ ਦੀ ਜ਼ੋਨਲ ਆਈ. ਜੀ., ਰੇਂਜ ਡੀ.ਆਈ.ਜੀ., ਪੁਲੀਸ ਕਮਿਸ਼ਨਰਾਂ/ਜ਼ਿਲ੍ਹਾ ਪੁਲੀਸ ਮੁਖੀਆਂ, ਵੱਖ-ਵੱਖ ਸਾਂਝ ਕੇਂਦਰਾਂ ਅਤੇ ਮੁੱਖ ਦਫ਼ਤਰ ਵਿਖੇ ਕਮਿਊਨਿਟੀ ਪੁਲਿਸਿੰਗ ਵਿੰਗ ਨੂੰ ਆਪਸ ਵਿੱਚ ਜੋੜਨ ਦੀ ਸਮਰੱਥਾ ਬਾਰੇ ਵੇਰਵੇ ਦਿੱਤੇ ਗਏ। ਮੀਟਿੰਗ ਵਿੱਚ ਜ਼ਿਲ੍ਹਾ ਕਮਿਊਨਿਟੀ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸਾਂਝ ਕੇਂਦਰਾਂ ਵਿਖੇ, ਸਾਂਝ ਕਮੇਟੀਆਂ ਦੇ ਮੈਂਬਰਾਂ ਅਤੇ ਹੋਰਨਾਂ ਖੇਤਰਾਂ ਦੇ ਮਾਹਿਰਾਂ ਦੀ ਮਦਦ ਨਾਲ ਲੋਕਾਂ ਅੰਦਰ ਆਪਣੇ ਹੱਕਾਂ ਪ੍ਰਤੀ, ਔਰਤਾਂ ਅਤੇ ਬੱਚਿਆਂ ’ਤੇ ਜੁਰਮਾਂ ਸਬੰਧੀ ਕਾਨੂੰਨਾਂ, ਨਸ਼ਿਆਂ ਦੀ ਸਮੱਸਿਆ ਅਤੇ ਆਵਾਜਾਈ ਨਿਯਮਾਂ ਬਾਰੇ, ਵੱਖ-ਵੱਖ ਸਕੂਲਾਂ- ਕਾਲਜਾਂ ਅਤੇ ਹੋਰਨਾਂ ਜਨਤਕ ਥਾਂਵਾਂ ’ਤੇ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਸਾਂਝ ਕਮੇਟੀਆਂ ਅਤੇ ਬੋਰਡਾਂ ਦੇ ਮੈਂਬਰਾਂ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਸਥਾਨਕ ਪੱਧਰ ’ਤੇ ਲਾਗੂ ਕਰਨ ਲਈ ਅੰਤਰ-ਵਿਭਾਗੀ ਤਾਲਮੇਲ ਪੈਦਾ ਕੀਤਾ ਜਾਵੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਵੀ ਗੱਲ ਜੋਰ ਦੇ ਕੇ ਕਹੀ ਕਿ ਉਹ ਲੋਕਾਂ ਅਤੇ ਪੁਲੀਸ ਦਰਮਿਆਨ ਸਾਂਝ ਨੂੰ ਮਜ਼ਬੂਤ ਕਰਨ, ਜਿਸ ਨਾਲ ਨਾ ਕੇਵਲ ਵਧੇਰੇ ਪਾਰਦਰਸ਼ਤਾ, ਜੁਆਬਦੇਹੀ ਅਤੇ ਬੇਹਤਰ ਨਾਗਰਿਕ ਸੰਤੁਸ਼ਟੀ ਪੈਦਾ ਹੋਵੇ ਬਲਕਿ ਇਸ ਨਾਲ ਪੁਲੀਸ ਦੀ ਸਾਖ ਵਿੱਚ ਵੀ ਵਾਧਾ ਹੋਵੇ। ਇੱਥੇ ਇਹ ਜ਼ਿਕਰਯੋਗ ਹੈ ਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਰਾਜ ਹੈ, ਜਿੱਥੇ ਪੁਲੀਸ ਨਾਲ ਸਬੰਧਤ ਸਿਵਲ ਸੇਵਾਵਾਂ, ਲੋਕਾਂ ਨੂੰ ਕਾਰਪੋਰੇਟ ਮਾਹੌਲ ਵਿੱਚ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

WRITTEN BY