Skip to content
Independent perspectives. Global stories.
BREAKING

ਕੌਣ ਹੋਵੇਗਾ ਬਠਿੰਡਾ ਦਾ ਮੇਅਰ?

Share this story

ਬਠਿੰਡਾ, 28 ਫਰਵਰੀ (ਅਮਰਜੀਤ ਸਿੰਘ ਸਿੱਧੂ / ਗੁਰਤੇਜ ਸਿੰਘ ਸਿੱਧੂ)- ਨਗਰ ਨਿਗਮ ਬਠਿੰਡਾ ਦੀ ਚੋਣ ਪਿੱਛੋਂ ਵੱਖ ਵੱਖ ਦਾਅਵੇਦਾਰਾਂ ਵੱਲੋਂ ਮੇਅਰ ਦੀ ਕੁਰਸੀ ਹਾਸਲ ਕਰਨ ਲਈ ਸਰਗਰਮੀਆਂ ਤੇਜ ਹੋ ਗਈਆਂ ਹਨ। ਸ਼ਹਿਰ ਦੇ ਕੁੱਲ੍ਹ ਪੰਜਾਹ ਵਾਰਡਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ 21 ਕੌਸਲਰ ਚੋਣ ਜਿੱਤੇ ਹਨ ਜਦੋਂਕਿ ਭਾਜਪਾ ਦੇ 8 ਕੌਸਲਰ ਹਨ। ਇਸ ਤੋਂ ਇਲਾਵਾ 11 ਅਜ਼ਾਦ ਅਤੇ ਕਾਂਗਰਸ ਪਾਰਟੀ ਦੇ 10 ਕੌਸਲਰ ਕਾਮਯਾਬ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਨੇ ਕਈ ਚੋਣਾਂ ਵਿੱਚ ਮੂਧੇ ਮੂੰਹ ਡਿੱਗਣ ਤੋਂ ਪਿੱਛੋਂ ਆਪਣੇ ਆਪ ਨੂੰ ਮੁੜ ਪੈਰਾਂ ਤੇ ਖੜ੍ਹਾ ਕੀਤਾ ਹੈ। ਮੇਅਰ ਬਨਣ ਦੀ ਦੌੜ ਵਿੱਚ ਸਭ ਤੋਂ ਵੱਧ ਚਰਚਿਤ ਦਾਅਵੇਦਾਰ ਸਾਬਕਾ ਮੇਅਰ ਬਲਜੀਤ ਸਿੰਘ ਬੀੇੜ ਬਹਿਮਣ ਹਨ। ਸਿਆਸੀ ਹਲਕਿਆਂ ਅਨੁਸਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਬੀੜ ਬਹਿਮਣ ਦੀ ਨੇੜਤਾ ਕਿਸੇ ਕੋਲੋ ਲੁਕੀ ਛੁਪੀ ਨਹੀਂ ਹੈ। ਮੁੱਖ ਮੰਤਰੀ ਨੇ ਜਦੋਂ ਵੀ ਕਦੇਂ ਰਾਤ ਰੁਕਣਾ ਹੋਵੇ ਤਾਂ ਉਹ ਬੀੜ ਬਹਿਮਣ ਦੇ ਘਰ ਹੀ

ਠਹਿਰਦੇ ਹਨ ਅਤੇ ਇਹ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ।  ਇਥੇ ਇਹ ਲਿਖਣਾਂ ਕੁਥਾਂ ਨਹੀਂ ਹੋਵੇਗਾ ਕਿ ਬਲਜੀਤ ਸਿੰਘ ਬੀੜ ਬਹਿਮਣ ਨੇ ਮੁੱਖ ਮੰਤਰੀ ਨਾਲ ਆਪਣੀ ਨੇੜਤਾ ਦਾ ਕਦੇਂ ਵੀ ਕੋਈ ਨਜਾਇਜ਼ ਫਾਇਦਾ ਨਹੀਂ ੳਠਾਇਆ ਅਤੇ ਹਮੇਸ਼ਾ ਆਪਣਾ ਦਾਮਨ ਸਾਫ ਰੱਖਿਆ ਹੈ। ਦੂਸਰੇ ਪਾਸੇ ਸ਼ਹਿਰੀ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਆਪਣੇ ਇੱਕ ਵਿਸਵਾਸ਼ਯੋਗ ਸਾਥੀ ਮਾਸਟਰ ਹਰਮੰਦਰ ਸਿੰਘ ਨੂੰ ਮੇਅਰ ਦੀ ਕੁਰਸੀ ਉਪਰ ਬਿਠਾਉਣ ਦੇ ਇਛੁੱਕ ਦੱਸੇ ਜਾਂਦੇ ਹਨ। ਮਾਸਟਰ ਹਰਮੰਦਰ ਸਿੰਘ ਜੋ ਦੂਸਰੀ ਵਾਰ ਕੌਸਲਰ ਚੁਣੇ ਗਏ ਹਨ, ਇੱਕ ਅਕਾਲੀ ਆਗੂ ਵਜੋਂ ਅਜੇ ਤੱਕ ਆਪਣਾ ਕੋਈ ਅਧਾਰ ਕਾਇਮ ਨਹੀਂ ਕਰ ਸਕੇ। ਉਹ ਸਰੂਪ ਚੰਦ ਸਿੰਗਲਾ ਦੇ ਨਾਲ ਹੀ ਹਰ ਥਾਂ ਪਰਛਾਵੇਂ ਵਾਂਗ ਵੇਖੇ ਜਾਦੇ ਹਨ। ਸੂਤਰਾਂ ਅਨੁਸਾਰ ਮਾਸਟਰ ਹਰਮੰਦਰ ਸਿੰਘ ਦੀ ਸਿੰਗਲਾ ਨਾਲ ਕਾਰੋਬਾਰੀ ਸਾਂਝ ਵੀ ਦੱਸੀ ਜਾ ਰਹੀ ਹੈ। ਦੂਜੀ ਵਾਰ ਕੌਸਲਰ ਬਣੇ ਮੇਅਰ ਦੇ ਤੀਸਰੇ ਉਮੀਦਵਾਰ ਨਿਰਮਲ ਸਿੰਘ ਸੰਧੂ ਹਨ ਜੋ ਨੌਜਵਾਨ ਵਰਗ ਦੇ ਕੋਟੇ ਵਿੱਚੋਂ ਮੇਅਰ ਦੀ ਕੁਰਸੀ ਉਪਰ ਆਪਣੀ ਦਾਅਵੇਦਾਰੀ ਜਤਾ ਰਹੇ ਹਨ। ਇਸ ਤੋਂ ਇਲਾਵਾ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਅਤੇ ਦੂਸਰੀ ਵਾਰ ਕੌਸਲਰ ਬਣੇ ਰਾਜਿੰਦਰ ਸਿੰਘ ਸਿੱਧੂ ਮੇਅਰ ਦੇ ਅਹੁਦੇ ਲਈ ਇੱਕ ਹੋਰ ਮਜਬੂਤ ਦਾਅਵੇਦਾਰ ਮੰਨੇ ਜਾ ਰਹੇ ਹਨ। ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ਾਂ ਤਹਿਤ ਪੁਲਿਸ ਕੇਸ ਦਰਜ਼ ਕਰਵਾਉਣ ਤੋਂ ਬਾਅਦ ਰਾਜਿੰਦਰ ਸਿੰਘ ਸਿੱਧੂ ਦੀ ਸਿੱਖ ਹਲਕਿਆਂ ਵਿੱਚ ਚੰਗੀ ਚਰਚਾ ਹੋਈ ਸੀ। ਇਹ ਵੱਖਰੀ ਗੱਲ ਹੈ ਕਿ ਸਮੇਂ ਦੇ ਬਦਲੇ ਹੋਏ ਸਿਆਸੀ ਹਲਾਤਾਂ ਦੇ ਚਲਦਿਆਂ ਬਾਦਲ ਸਰਕਾਰ ਦੇ ਇਸ਼ਾਰੇ ਤੇ ਪੁਲਿਸ ਨੇ ਇਹ ਕੇਸ ਵਾਪਿਸ ਲੈ ਲਿਆ ਹੈ। ਉਕਤ ਵੱਖ ਵੱਖ ਦਾਅਵੇਦਾਰਾਂ ਵੱਲੋਂ ਆਪਣੇ ਉੱਚ ਸਿਆਸੀ ਅਕਾਵਾਂ ਤੱਕ ਇਸ ਕੁਰਸੀ ਨੂੰ ਪ੍ਰਾਪਤ ਕਰਨ ਲਈ ਪਹੁੰਚ ਕੀਤੀ ਜਾ ਰਹੀ ਹੈ। ਪ੍ਰੰਤੂ ਆਖਰੀ ਫੈਸਲਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹੀ ਕਰਨਾ ਹੈ ਜਿੰਨ੍ਹਾਂ ਅਜੇ ਤੱਕ ਆਪਣੇ ਸੁਭਾਅ ਅਨੁਸਾਰ ਬੁੱਕਲ ਵਿੱਚ ਲਏ ਪੱਤੇ ਕਿਸੇ ਨੂੰ ਨਹੀਂ ਵਿਖਾਏ।

WRITTEN BY