ਚੰਡੀਗੜ੍ਹ 24 ਫਰਵਰੀ (ਪੀ. ਟੀ.)- ਵਿਜੀਲੈਂਸ ਬਿਊਰੋ ਨੇ ਅੱਜ ਲੋਕ ਨਿਰਮਾਣ ਵਿਭਾਗ ਦੇ ਇਕ ਜੂਨੀਅਰ ਇੰਜੀਨਿਅਰ (ਜੇ ਈ) ਨੂੰ 4500 ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਇਕ ਅਧਿਕਾਰਿਤ ਬੁਲਾਰੇ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਵਿਚ ਕੰਮ ਕਰਦੇ ਜੇ ਈ ਪ੍ਰਮੋਦ ਕੁਮਾਰ ਨੂੰ ਰਿਲਾਇੰਸ ਟੈਲੀਕਾਮ ਦੇ ਕਲਸਟਰ ਮੈਨੇਜਰ ਘਨਸ਼ਾਮ ਭਾਰਦਵਾਜ ਦੀ ਸ਼ਿਕਾਇਤ ’ਤੇ ਫੜਿਆ ਗਿਆ। ਸ਼ਿਕਾਇਤ ਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਕੀਤੀ ਸੀ ਕਿ ਪਟਿਆਲਾ ਦੇ ਸੈਂਟਰਲ ਵਰਕਸ ਡਿਵੀਜ਼ਨ ਵਿਖੇ ਤੈਨਾਤ ਲੋਕ ਨਿਰਮਾਣ ਵਿਭਾਗ ਦੇ ਜੇ ਈ ਪ੍ਰਮੋਦ ਕੁਮਾਰ ਵਲੋਂ ਜ਼ੀਰਕਪੁਰ-ਪਟਿਆਲਾ ਰਾਜਮਾਰਗ ਦੇ ਨਾਲ ਉਨ੍ਹਾਂ ਨੂੰ ਟੋਏ ਪੁੱਟਣ ਦੀ ਇਜ਼ਾਜਤ ਦੇਣ ਬਦਲੇ 4500 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਵਿਜੀਲੈਂਸ ਬਿਊਰੋ, ਪਟਿਆਲਾ ਦੀ ਇਕ ਟੀਮ, ਜਿਸਦੀ ਪ੍ਰਧਾਨਗੀ ਡੀਐਸਪੀ ਕੇ ਡੀ ਸ਼ਰਮਾ ਕਰ ਰਹੇ ਸਨ, ਨੇ ਸੂਹ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਪ੍ਰਮੋਦ ਕੁਮਾਰ ਨੂੰ ਸ਼ਿਕਾਇਤ ਕਰਤਾ ਪਾਸੋਂ 4500 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕਰ ਲਿਆ।



