ਸ਼ਾਹਕੋਟ, 23 ਫਰਵਰੀ (ਸੁਰਿਦਰ ਸਿੰਘ ਪਦਮ)- ਪਿੰਡ ਬੱਗਾ ਦੇ ਇੱਕ ਨੌਜਵਾਨ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਦਿਆਂ ਸ਼ਾਹਕੋਟ ਦੀ ਪੁਲੀਸ ਨੇ ਕਰੀਬ 28 ਦਿਨਾਂ ਬਾਅਦ ਮੁਲਜ਼ਮ ਮ੍ਰਿਤਕ ਦੀ ਪਤਨੀ ਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਡੀ ਐਸ ਪੀ ਸ਼ਾਹਕੋਟ ਮਨਦੀਪ ਸਿੰਘ ਨੇ ਆਪਣੇ ਦਫਤਰ ਵਿਖੇ ਬੁਲਾਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਦੱਸਿਆ ਕਿ 26 ਜਨਵਰੀ 2015 ਨੂੰ ਕਮਲਦੀਸ਼ ਉਰਫ ਲੱਡੂ ਵਾਸੀ ਬੱਗਾ ਦੇ ਹੋਏ ਕਤਲ ਦੀ ਕਾਤਲ ਮ੍ਰਿਤਕ ਦੀ ਪਤਨੀ ਅਤੇ ਉਸਦਾ ਪ੍ਰੇਮੀ ਹੀ ਨਿਕਲਿਆ। ਡੀ ਐਸ ਪੀ ਨੇ ਦੱਸਿਆ ਕਿ ਸੁਨੀਲ ਕੁਮਾਰ ਉਰਫ ਸਨੀ ਵਾਸੀ ਬੱਗਾ ਦੇ ਮ੍ਰਿਤਕ ਦੀ ਪਤਨੀ ਯੋਇਨਾ ਨਾਲ ਕਰੀਬ ਪਿਛਲੇ ਇੱਕ ਸਾਲ ਤੋਂ ਨਜਾਇਜ਼ ਸਬੰਧ ਚਲੇ ਆ ਰਹੇ ਸਨ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਪਤਨੀ ਤੇ ਉਸਦਾ ਪ੍ਰੇਮੀ ਮ੍ਰਿਤਕ ਨੂੰ ਆਪਣੇ ਰਸਤੇ ਦਾ ਰੋੜਾ ਸਮਝਦੇ ਸਨ। ਉਨ੍ਹਾਂ ਕਿਹਾ ਕਿ ਪੁੱਛ-ਗਿੱਛ ਦੌਰਾਨ ਮੁਲਜ਼ਿਮਾਂ ਨੇ ਮੰਨਿਆ ਕਿ ਕਰੀਬ ਇੱਕ ਮਹੀਨਾ ਪਹਿਲਾ ਵੀ
ਉਨ੍ਹਾਂ ਨੇ ਲੱਡੂ ਨੂੰ ਜ਼ਹਿਰ ਦੇ ਕੇ ਮਾਰਨ ਦੀ ਯੋਜਨਾ ਬਣਾਈ ਸੀ ਜੋ ਸਿਰੇ ਨਾ ਚੜ ਸਕੀ। ਉਨ੍ਹਾਂ ਕਿਹਾ ਮ੍ਰਿਤਕ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਣ ਭਾਰੀ ਕਰਜ਼ਈ ਸੀ। ਕਾਤਲ ਸਨੀ ਨੇ ਮ੍ਰਿਤਕ ਦੀ ਇਸ ਸਥਿਤੀ ਦਾ ਲਾਭ ਉਠਾਉਣ ਲਈ 26 ਜਨਵਰੀ ਨੂੰ ਮ੍ਰਿਤਕ ਨੂੰ ਰੁਪਏ ਉਧਾਰ ਲੈ ਕੇ ਦੇਣ ਦੇ ਬਹਾਨੇ
ਬੁਲਾ ਲਿਆ। ਪਿੰਡ ਬੱਗਾ ਤੋਂ ਸੁਨੀਲ ਕੁਮਾਰ ਉਰਫ ਸਨੀ ਆਪਣੇ ਪਿਤਾ ਜੈਮਸ ਮਸੀਹ ਦੇ ਛੋਟੋ ਹਾਥੀ ਵਿਚ ਮ੍ਰਿਤਕ ਨੂੰ ਬਿਠਾਕੇ ਸ਼ਾਹਕੋਟ ਲੈ ਆਇਆ। ਉਨ੍ਹਾਂ ਕਿਹਾ ਕਿ ਸ਼ਨੀ ਨੇ ਪੇਸਟਰੀ ਵਿਚ ਕੋਈ ਨਸ਼ੀਲੀ ਚੀਜ਼ ਪਾ ਕੇ ਲੱਡੂ ਨੂੰ ਖੁਆ ਦਿੱਤੀ। ਇਸ ਤੋਂ ਬਾਅਦ ਸਨੀ ਨੇ ਲੱਡੂ ਨੂੰ ਛੋਟੋ ਹਾਥੀ ਵਿਚ ਬਿਠਾਕੇ ਪਿੰਡ ਨੰਗਲ ਅੰਬੀਆਂ ਤੋਂ ਪਿੰਡ ਬੁਢਣਵਾਲ ਨੂੰ ਜ਼ਾਂਦੀ ਸੰਪਰਕ ਸੜਕ ਤੇ ਲੈ ਆਂਦਾ। ਸੁੰਨ-ਸਾਨ ਜਗਾ ਤੇ ਲਿਆ ਕੇ ਸੁਨੀਲ ਕੁਮਾਰ ਨੇ ਕਮਲਦੀਸ਼ ਨੂੰ ਛੋਟੋ ਹਾਥੀ ਵਿਚੋਂ ਥੱਲੇ ਸੁੱਟ ਕੇ ਮਫਲਰ ਨਾਲ ਉਸਦਾ ਗਲਾ ਘੁੱਟਕੇ ਉਸ ਨੂੰ ਮਾਰ ਦਿੱਤਾ। ਡੀ ਐਸ ਪੀ ਨੇ ਦੱਸਿਆ ਕਿ ਉਕਤ ਹੋਏ ਕਤਲ ਦਾ ਮੁਕੱਦਮਾ ਨੰਬਰ 19 ਦੀ ਧਾਰਾ 302 ਤਹਿਤ ਮਿਤੀ 27 ਜਨਵਰੀ ਨੂੰ ਨਾਮਾਲੂਮ ਵਿਅਕਤੀਆਂ ਦੇ ਖਿਲਾਫ ਦਰਜ਼ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੁਲੀਸ ਅਧਿਕਾਰੀਆਂ ਵੱਲੋਂ ਗਠਿਤ ਇੱਕ ਟੀਮ ਉਸ ਦਿਨ ਤੋਂ ਹੀ ਉਕਤ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਲਈ ਆਧਨਿਕ ਤਕਨੀਕ ਦੀ ਵਰਤੋਂ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਆਧੁਨਿਕ ਤਕਨੀਕ ਦੀ ਵਰਤੋਂ ਕਰਦਿਆ ਜ਼ਿਉਹੀ ਪੁਲੀਸ ਨੇ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਕਾਬੂ ਕਰਕੇ ਉਸ ਕੋਲੋਂ ਪੁੱਛ ਪੜਤਾਲ ਕੀਤੀ ਤਾਂ ਉਨ੍ਹਾਂ ਵੱਲੋਂ ਆਪਣਾ ਦੋਸ਼ ਕਬੂਲ ਕਰ ਲਿਆ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਪਤਨੀ ਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲੋਂ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਹੈ।



