ਨਵੀਂ ਦਿੱਲੀ, 23 ਫਰਵਰੀ (ਪੀ. ਟੀ. ਲਾਇਵ)- ਜ਼ਮੀਨ ਪ੍ਰਾਪਤੀ ਆਰਡੀਨੈਂਸ ਕਾਨੂੰਨ ਵਿੱਚ ਸੋਧ ਦੇ ਮੁੱਦੇ ਉੱਤੇ ਦਿੱਲੀ ਦੇ ਜੰਤਰਮੰਤਰ ਉੱਤੇ ਦੋ ਦਿਨ ਤੋਂ ਭੁੱਖ ਹੜਤਾਲ ’ਤੇ ਬੈਠੇ ਅੰਨਾ ਹਜ਼ਾਰੇ ਨੇ ਮਹਾਰਾਸ਼ਟਰ ਭਵਨ ਵਿੱਚ ਅੱਜ ਆਪਣੇ ਪੁਰਾਣੇ ਸਹਿਯੋਗੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਕੇਜਰੀਵਾਲ ਨਾਲ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਮੌਜੂਦ ਸਨ।ਅੰਨਾ ਅਤੇ ਕੇਜਰੀਵਾਲ ਦਰਮਿਆਨ ਮੁਲਾਕਾਤ ਦੇ ਬਾਅਦ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਸ੍ਰੀ ਕੇਜਰੀਵਾਲ ਕੱਲ੍ਹ ਮੰਗਲਵਾਰ ਨੂੰ ਅੰਨਾ ਦੇ ਨਾਲ ਮੰਚ ਸਾਂਝਾ ਕਰਨਗੇ। ਇਸ ਤੋਂ ਪਹਿਲਾਂ ਸ੍ਰੀ ਕੇਜਰੀਵਾਲ ਨੇ ਅੰਨਾ ਹਜ਼ਾਰੇ ਦੇ ਅੰਦੋਲਨ ਦਾ ਹਿੱਸਾ ਬਣਨ ਦੀ ਇੱਛਾ ਜਤਾਈ ਸੀ। ਦੂਜੇ ਪਾਸੇ ਅੰਨਾ ਨੇ ਕਿਹਾ ਸੀ ਕਿ ਉਹ
ਕੇਜਰੀਵਾਲ, ਰਾਹੁਲ ਗਾਂਧੀ ਜਾਂ ਕਿਸੇ ਹੋਰ ਸਿਆਸੀ ਆਗੂ ਦੇ ਨਾਲ ਮੰਚ ਸਾਂਝਾ ਨਹੀਂ ਕਰਨਗੇ।ਜ਼ਿਕਰਯੋਗ ਹੈ ਕਿ ਅੰਨਾ ਅਤੇ ਕੇਜਰੀਵਾਲ ਦੇ ਵਿਚਾਲੇ ਆਖਰੀ ਮੁਲਾਕਾਤ ਰਾਲੇਗਣ ਸਿੱਧੀ ਵਿੱਚ ਉਸ ਵੇਲੇ ਹੋਈ ਸੀ ਜਦ ਕੇਜਰੀਵਾਲ ਨੇ ਨਵੀਂ ਪਾਰਟੀ ਬਣਾ ਕੇ ਸਿਆਸਤ ਵਿੱਚ ਕਦਮ ਰੱਖਿਆ ਸੀ। ਸਿਆਸਤ ਤੋਂ ਦੂਰ ਰਹਿਣ ਵਾਲੇ ਅੰਨਾ ਨੇ ਉਸ ਵੇਲੇ ਕੇਜਰੀਵਾਲ ਨੂੰ ਆਪਣਾ ਨਾਂਅ ਅਤੇ ਤਸਵੀਰ ਤੱਕ ਨਾ ਇਸਤੇਮਾਲ ਕਰਨ ਦੀ ਹਦਾਇਤ ਤੱਕ ਕਰ ਦਿੱਤੀ ਸੀ। ਹੁਣ ਜਦਕਿ ਕੇਜਰੀਵਾਲ ਦੂਸਰੀ ਵਾਰ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਉੱਤੇ ਬਿਰਾਜਮਾਨ ਹੋਏ ਹਨ ਤਾਂ ਅੰਨਾ ਦੇ ਰੁਖ ਵਿੱਚ ਕੇਜਰੀਵਾਲ ਪ੍ਰਤੀ ਕਾਫੀ ਨਰਮੀ ਦੇਖਣ ਨੂੰ ਮਿਲੀ ਹੈ।
ਇਸ ਦੌਰਾਨ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਉਹ ਵੀ ਥੋੜੀ ਦੇਰ ਦੇ ਲਈ ਅੰਨਾ ਦੇ ਨਾਲ ਮੰਚ ਸਾਂਜਾ ਕਰਨਗੇ। ਸਿਸੋਦੀਆ ਨੇ ਕਿਹਾ ਕਿ ਅੰਨਾ ਮੇਰੇ ਪਿਤਾ ਸਮਾਨ ਹਨ ਅਤੇ ਜ਼ਮੀਨ ਪ੍ਰਾਪਤੀ ਆਰਡੀਨੈਂਸ ਦੇ ਵਿਰੁੱਧ ਲੜਾਈ ਵਿੱਚ ਆਮ ਆਦਮੀ ਪਾਰਟੀ ਉਨ੍ਹਾਂ ਦੇ ਨਾਲ ਖੜੀ ਹੈ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ਵਿੱਚ ਸਰਕਾਰ ਜ਼ਮੀਨ ਕਾਨੂੰਨ ਵਿੱਚ ਬਦਲਾਅ ਕਰਦੇ ਹੋਏ ਨਵਾਂ ਆਰਡੀਨੈਂਸ ਲੈ ਕੇ ਆਈ ਸੀ। ਇਨ੍ਹਾਂ ਤਬਦੀਲੀਆਂ ਵਿੱਚ ਪੰਜ ਖੇਤਰ ਉਦਯੋਗਿਕ ਕੋਰੀਡੋਰ, ਪੀਪੀਪੀ ਪ੍ਰੋਜੈਕਟਸ, ਪੇਂਡੂ ਸਹੂਲਤਾਂ, ਕਿਫਾਇਤੀ ਰਿਹਾਇਸ਼ ਅਤੇ ਰੱਖਿਆ ਦੇ ਲਈ ਸਹਿਮਤੀ ਦੀ ਸ਼ਰਤ ਨੂੰ ਵੀ ਹਟਾ ਦਿੱਤਾ ਗਿਆ ਸੀ।



