ਸੁਨਾਮ, 22 ਫਰਵਰੀ (ਰਾਕੇਸ਼ ਜਿੰਦਲ) – ਅੱਜ ਸਵੇਰੇ ਪੰਜਾਬ ਟਾਈਮਜ਼ ਦੇ ਅਖਵਾਰ ਅਤੇ ਇਸਦੀਆਂ ਕੁਝ ਫੋਟੋ ਸਟੈਟ ਕਾਪੀਆਂ ਕਰਵਾ ਕੇ ਆਸ਼ੀਸ਼ ਕੁਮਾਰ ਪੁੱਤਰ ਅਸ਼ੋਕ ਕੁਮਾਰ ਹਰ ਰੋਜ਼ ਦੀ ਤਰ੍ਹਾਂ ਸਵੇਰੇ ਘਰ-ਘਰ ਅਖਵਾਰ ਵੰਡ ਰਿਹਾ ਸੀ। ਜਦੋਂ ਇਹ ਅਖਵਾਰ ਵੰਡ ਰਿਹਾ ਸੀ, ਤਾਂ ਵਾਰਡ ਨੰ: 12 ਤੋਂ ਉਮੀਦਵਾਰ ਬਘੀਰਥ ਗੀਰਾ ਦੇ ਸਮਰਥਕਾਂ ਨੇ ਉਸ ਨੂੰ ਫੜ ਲਿਆ ਅਤੇ ਬਿਠਾ ਕੇ ਧਮਕਾਉਣ ਲੱਗੇ। ਇਹ ਗਰੀਬ ਮਜਦੂਰ ਕਾਫੀ ਡਰ ਗਿਆ। ਉਸ ਤੋਂ ਬਾਅਦ ਇਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਤੋਂ ਫੋਨ ਕਰਵਾ ਕੇ ਇਸ ਦੇ ਮਾਮੇ ਆਨੰਦ ਕੁਮਾਰ ਨੂੰ ਸੂਚਨਾ ਦਿੱਤੀ ਗਈ ਕਿ ਤੁਹਾਡਾ ਭਾਣਜਾ ਥਾਣੇ ਵਿਚ ਹੈ। ਜਦੋਂ ਥਾਣੇ ਵਿਚ ਆਨੰਦ ਕੁਮਾਰ ਜੀ ਪਹੁੰਚੇ, ਤਾਂ ਉਨ੍ਹਾਂ ਨੇ ਕਿਹਾ ਕਿ ਇੱਥੇ ਤਾਂ ਕੋਈ ਨਹੀਂ ਆਇਆ। ਫਿਰ ਉਮੀਦਵਾਰ ਦੇ ਲੜਕੇ ਜੀਤੂ ਨਾਲ ਫੋਨ ਉਪਰ ਗੱਲ ਕੀਤੀ ਗਈ, ਤਾਂ ਉਸ ਨੇ ਕਿਹਾ ਕਿ ਇਹ ਸਾਡੇ ਕਬਜੇ ਵਿਚ ਹੈ, ਇਸ ਨੂੰ ਅਸੀਂ ਪੁਲਿਸ ਤੋਂ ਕੁੱਟ ਮਾਰ ਕਰਵਾਵਾਂਗੇ ਅਤੇ ਅਸੀਂ ਖੁਦ ਵੀ ਇਸ ਦੀ ਕੁੱਟ ਮਾਰ ਕਰਾਂਗੇ, ਤਾਂ ਕੁਝ ਪੰਤਵੰਤੇ ਸੱਜਣ ਅਨਾਜ ਮੰਡੀ ਪੁਲਿਸ ਚੌਕੀ ਵਿਚ ਪਹੁੰਚੇ, ਤਾਂ ਉਥੇ ਆਸ਼ੀਸ਼ ਕੁਮਾਰ ਪੁਲਿਸ ਚੌਕੀ ਵਿਚ ਬੈਠਾ ਸੀ। ਜਦੋਂ ਐਸ.ਐਚ.ਓ. ਸਿਟੀ ਨੇ ਆ ਕੇ ਇਸ ਮਾਮਲੇ ਦੀ ਪੜਤਾਲ ਕੀਤੀ, ਤਾਂ ਉਨ੍ਹਾਂ ਨੇ ਬਘੀਰਥ ਗੀਰੇ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਸ
ਨੂੰ ਹਦਾਇਤ ਕੀਤੀ ਕਿ ਅੱਗੇ ਨੂੰ ਅਜਿਹਾ ਕੰਮ ਨਾ ਕੀਤਾ ਜਾਵੇ ਅਤੇ ਆਸ਼ੀਸ਼ ਕੁਮਾਰ ਨੂੰ ਬਾ ਇੱਜਤ ਛੱਡ ਦਿੱਤਾ ਗਿਆ। ਇਸ ਤੋਂ ਜਾਹਰ ਹੁੰਦਾ ਹੈ ਕਿ ਇਹ ਉਮੀਦਵਾਰ ਬੌਖਲਾਹਟ ਵਿਚ ਆ ਕੇ ਗਰੀਬਾਂ ਦੀ ਰੋਜੀ ਰੋਟੀ ਉਪਰ ਵੀ ਲੱਤ ਮਾਰਨ ਲੱਗ ਪਿਆ ਹੈ। ਇਸ ਦੀਆਂ ਹੋਰ ਵੀ ਕਾਫੀ ਮਿਸਾਲਾਂ ਮਿਲਦੀਆਂ ਹਨ; ਜਿਵੇਂ ਵਾਰਡ ਨੰ: 12 ਦੇ ਨੇੜੇ ਰੋਜ਼ ਗਾਰਡਨ ਬਣਿਆ ਹੋਇਆ ਹੈ, ਉਸਦੀ ਦੇਖ-ਰੇਖ ਦਾ ਠੇਕਾ ਲਗਭਗ 50-60 ਹਜਾਰ ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਬਘੀਰਥ ਰਾਏ ਗੀਰਾ ਨੇ ਆਪਣੇ ਨਜਦੀਕੀ ਵਿਅਕਤੀਆਂ ਦੇ ਨਾਂ ’ਤੇ ਲਿਆ ਹੋਇਆ ਹੈ। ਉਹ ਕੋਈ ਕੰਮ ਨਹੀਂ ਕਰ ਰਹੇ। ਰਾਵਿੰਦਰ ਗੋਇਲ ਨੇ ਦੱਸਿਆ ਕਿ ਇਸ ਗਾਰਡਨ ਦੇ ਰੱਖ-ਰਖਾਵ ਲਈ ਇਕ 25 ਮੈਂਬਰੀ ਕਮੇਟੀ ਬਣੀ ਹੁੰਦੀ ਹੈ, ਜੋ ਪ੍ਰਤੀ ਮਹੀਨਾ ਪ੍ਰਤੀ ਮੈਂਬਰ ਦਿੰਦੇ ਹਨ, ਉਹ ਕਮੇਟੀ ਵਾਲੇ ਖੁਦ ਹੀ ਇਸ ਦੀ ਦੇਖ-ਰੇਖ ਕਰਦੇ ਹਨ। ਕਮੇਟੀ ਵਾਲਿਆਂ ਨੇ ਜੋ ਠੇਕਾ ਦਿੱਤਾ ਹੋਇਆ ਹੈ, ਇਹ ਅਤੇ ਇਸ ਦਾ ਨਜਦੀਕੀ ਠੇਕੇਦਾਰ ਹੀ ਹੜੱਪ ਕਰ ਜਾਂਦਾ ਹੈ। ਇਸ ਵਾਰਡ ਵਿਚ ਕੁਝ ਸਮਾਂ ਪਹਿਲਾਂ ਅੰਡਰਗਰਾਊਂਡ ਪਾਈਪਾਂ ਪਾਈਆਂ ਗਈਆਂ ਸਨ, ਜੋ ਮੋਟੀਆਂ ਕਮੀਸ਼ਨਾਂ ਲੈ ਕੇ ਹੜੱਪ ਕਰ ਗਏ। ਘਟੀਆ ਮਟੀਰੀਅਲ ਦੀਆਂ ਪਾਈਪਾਂ ਲੀਕ ਹੋਣ ਕਰਕੇ ਲੋਕਾਂ ਦੇ ਘਰਾਂ ਨੂੰ ਕਾਫੀ ਨੁਕਸਾਨ ਹੋਇਆ। ਹੁਣ ਚੋਣ ਜਾਬਤੇ ਦੀ ਪਰਵਾਹ ਨਾ ਕਰਦੇ ਹੋਏ ਵੋਟਾਂ ਦੇ ਸਮੇਂ ਪਾਈਪਾਂ ਬਾਹਰ ਦੀ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸਦੇ ਮੋਟੇ ਬਿਲ ਬਣਾਏ ਜਾਣ ਦਾ ਖਦਸ਼ਾ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਦੇ ਇਕ ਦੁਕਾਨ ’ਤੇ ਕੰਮ ਕਰਦੇ ਕਰਮ ਚੰਦ ਦੇ ਨਾਂ ਉਪਰ ਮਿੱਟੀ ਦੇ ਤੇਲ ਦਾ ਡਿਪੂ ਲੈ ਕੇ ਗਰੀਬ ਆਦਮੀਆਂ ਨੂੰ ਤੇਲ ਨਹੀਂ ਵੰਡਿਆ ਜਾਂਦਾ। ਸਰਕਾਰ ਵੱਲੋਂ ਤੇਲ ਉਪਰ ਦਿੱਤੀ ਜਾਂਦੀ ਸਬਸਿਡੀ ਇਹ ਹੜੱਪ ਕਰ ਰਿਹਾ ਹੈ। ਸ਼ਹਿਰ ਵਾਸੀਆਂ ਨੂੰ ਇਸ ਨੇ ਆਪਣੀ ਪ੍ਰਧਾਨਗੀ ਵਿਚ ਇਕ ਬਹੁਤ ਵੱਡਾ ਤੋਹਫਾ ਦਿੱਤਾ, ਇਸ ਦੀ ਪ੍ਰਧਾਨਗੀ ਤੋਂ ਪਹਿਲਾਂ ਸੀਵਰੇਜ਼ ਦੇ ਬਿਲ 15 ਰੁਪਏ ਪ੍ਰਤੀ ਮਹੀਨਾ ਸੀ, ਜੋ ਵਧਾ ਕੇ 175 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ। ਵਾਟਰ ਸਪਲਾਈ ਦਾ ਬਿਲ 50 ਰੁਪਏ ਪ੍ਰਤੀ ਮਹੀਨਾ ਸੀ, ਜੋ 172 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ। ਹੁਣ ਇਹ ਬਿਲ ਪਿਛਲੀਆਂ ਤਰੀਕਾਂ ਤੋਂ ਹੀ ਲਾਗੂ ਕਰ ਦਿੱਤੇ ਗਏ ਹਨ, ਜੋ ਆਮ ਜਨਤਾ ਉਪਰ ਇਕ ਬਹੁਤ ਵੱਡਾ ਬੋਝ ਬਣ ਗਏ ਹਨ। ਇਸ ਸਾਰੇ ਮਸਲੇ ਦੀ ਉਚ ਅਧਿਕਾਰੀਆਂ ਤੋਂ ਜਾਂਚ ਕਰਵਾ ਕੇ ਜੋ ਪੈਸੇ ਇਸ ਨੇ ਵਿਕਾਸ ਦੇ ਨਾਂ ’ਤੇ ਹੜੱਪੇ ਹਨ, ਉਸ ਦੀ ਵਸੂਲੀ ਕਰਕੇ ਸਰਕਾਰੀ ਖਜਾਨੇ ਵਿਚ ਜਮ੍ਹਾਂ ਕਰਵਾਏ ਜਾਣ, ਤਾਂ ਜੋ ਆਉਣ ਵਾਲੇ ਐਮ.ਸੀਜ਼. ਨੂੰ ਅਤੇ ਸਿਆਸੀ ਲੀਡਰਾਂ ਨੂੰ ਸਬਕ ਮਿਲ ਸਕੇ ਅਤੇ ਦੇਸ਼ ਦਾ ਸਹੀ ਵਿਕਾਸ ਹੋ ਸਕੇ। ਇਸ ਨਾਲ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਦਾ ਅਤੇ ਸ਼੍ਰੀ ਨਰਿੰਦਰ ਮੋਦੀ ਦਾ ਸਵੱਛ ਭਾਰਤ ਬਣਾਉਣ ਦਾ ਸੁਪਨਾ ਵੀ ਸਾਕਾਰ ਹੋ ਸਕੇ।



