ਫਾਜ਼ਿਲਕਾ, 19 ਫਰਵਰੀ (ਪਵਨ ਧੂੜਿਆ)- ਸਿਹਤ ਵਿਭਾਗ ਅਧੀਨ ਐਨਆਰਐਚਐਮ ਵਿੱਚ ਸਾਲ 2000 ਤੋਂ ਹੁਣ ਤੱਕ ਕੰਮ ਕਰ ਰਹੇ ਕ੍ਰਮਚਾਰੀਆਂ ਨੇ ਪੰਜਾਬ ਸਰਕਾਰ ਵਿਰੁੱਧ ਮੋਰਚਾ ਖੋਲ੍ਹਦੇ ਹੋਏ 19 ਫਰਵਰੀ ਨੂੰ ਅਕਾਲੀ ਭਾਜਪਾ ਸਰਕਾਰ ਵੱਲੋਂ ਵਾਰ-ਵਾਰ ਵਾਅਦਾ ਕਰਕੇ ਮੁੱਕਰ ਜਾਣ ਵਾਲੀ ਨੀਤੀ ਨੂੰ ਲੋਕ ਉਜਾਗਰ ਕਰਨ ਲਈ ਸ਼ਹਿਰ ਵਿੱਚ ਦੁਕਾਨਾਂ ਅਤੇ ਘਰ-ਘਰ ਜਾ ਕੇ ਪਰਚੇ ਵੰਡੇ ਅਤੇ ਭਾਰੀ ਇਕੱਠ ਦੇ ਰੂਪ ਵਿੱਚ ਰੋਸ ਰੈਲੀ ਕੀਤੀ ।ਜਾਣਕਾਰੀ ਦਿੰਦਿਆਂ ਯੂਨੀਅਨ ਆਗੂਆਂ ਨੇ ਦੱਸਿਆ ਕਿ ਇਸ ਰੋਸ ਦੀ ਸ਼ੁਰੂਆਤ 17 ਫਰਵਰੀ ਨੂੰ ਧੂਰੀ ਜ਼ਿਲ੍ਹਾ ਬਰਨਾਲਾ ਤੋਂ ਕੀਤੀ ਗਈ ਹੈ ਅਤੇ ਲਗਾਤਾਰ ਪੰਜਾਬ ਦੇ ਹਰ ਇੱਕ ਸ਼ਹਿਰ ਵਿੱਚ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ । ਯੂਨੀਅਨ ਦੇ ਵੱਖ-ਵੱਖ ਆਹੁਦੇਦਾਰਾਂ ਨੇ ਅਕਾਲੀ-ਭਾਜਪਾ ਸਰਕਾਰ ਵੱਲੋਂ ਸਿਹਤ ਵਿਭਾਗ ਦੇ ਕ੍ਰਮਚਾਰੀਆਂ ਨੂੰ ਅਣਦੇਖਿਆਂ ਕਰਦੇ ਹੋਏ ਨਿਗੁਣੀਆਂ ਤਨਖਾਹਾਂ ਦੇਕੇ ਉਨ੍ਹਾਂ ਦਾ
ਸ਼ੋਸ਼ਣ ਕੀਤੇ ਜਾਣ ਦੇ ਦੋਸ਼ ਲਗਾਏ। ਜਿਸਦੇ ਕਰਕੇ ਕ੍ਰਮਚਾਰੀ ਰੋਜ਼ ਰੋਜ਼ ਬੋਝ ਹੇਠਾਂ ਦੱਬੇ ਜਾ ਰਹੇ ਹਨ । ਬੁਲਾਰਿਆਂ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਝੂਠੇ ਵਾਅਦੇ ਕਰਕੇ ਵੋਟਾਂ ਇਕੱਠੀਆਂ ਕਰ ਰਹੀ ਹੈ। ਇਹ ਵੀ ਜਿਕਰਯੋਗ ਹੈ ਕਿ ਅਕਾਲੀ-ਭਾਜਪਾ ਸਰਕਾਰ ਰਾਜ ਵਿੱਚ ਪਿਛਲੇ 8 ਸਾਲਾਂ ਤੋਂ ਹੈ । ਆਗੂਆਂ ਨੇ ਦੱਸਿਆ ਕਿ ਭਾਜਪਾ ਦੇ ਸਤਪਾਲ ਗੋਸਾਈ ਅਤੇ ਮਦਨ ਮੋਹਨ ਮਿੱਤਲ ਨੇ ਸਿਹਤ ਮੰਤਰੀ ਦੇ ਅਹੁਦੇ ਤੇ ਹੁੰਦੇ ਹੋਏ ਕਿਸੇ ਵੀ ਮੰਗ ਦੇ ਵੱਲ ਧਿਆਨ ਨਹੀਂ ਦਿੱਤਾ । ਜਦਕਿ ਸਿਹਤ ਮੰਤਰੀ ਸੁਰਜੀਤ ਜਿਆਣੀ ਵੀ ਭਾਜਪਾ ਦੇ ਹੀ ਹਨ, ਐਨਆਰਐਚਐਮ ਕ੍ਰਮਚਾਰੀਆਂ ਕਾਰਨ ਹੀ ਪੰਜਾਬ ਵਿੱਚ ਮਾਂ ਅਤੇ ਬੱਚਿਆਂ ਦੀ ਮੌਤ ਦਰ ਵਿੱਚ ਕਮੀ ਆਈ ਹੈ ਜਦਕਿ ਇਸਦਾ ਸਿਹਰਾ ਸਰਕਾਰ ਆਪਣੇ ਸਿਰ ਲੈ ਰਹੀ ਹੈ । ਕ੍ਰਮਚਾਰੀਆਂ ਨੂੰ ਪੇ ਸਕੇਲ ਦੇਣ ਲਈ ਪੰਜਾਬ ਕੈਬਨਿਟ ਵਿਚ ਫੈਸਲਾ ਵੀ ਹੋ ਚੁੱਕਿਆ ਹੈ, ਪਰ ਉਨ੍ਹਾਂ ਉੱਤੇ ਲਾਗੂ ਨਹੀਂ ਕੀਤਾ ਜਾ ਰਿਹਾ । ਇਸ ਮੌਕੇ ਪ੍ਰਧਾਨ ਮਨੋਜ ਕੁਮਾਰ ਟਾਂਕ, ਬਿਮਲਾ ਦੇਵੀ, ਰੀਟਾ ਦੇਵੀ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ ਅਤੇ ਸ਼ਹਿਰ ਦੇ ਸੂਝਵਾਨ ਵੋਟਰਾਂ ਨੂੰ ਅਪੀਲ ਕੀਤੀ ਕਿ ਅਕਾਲੀ-ਭਾਜਪਾ ਸਰਕਾਰ ਦੇ ਝੂਠੇ ਵਾਅਦਿਆਂ ਵਿੱਚ ਨਾ ਆਉਣ, ਕਿਉਂਕਿ ਇਸ ਸਰਕਾਰ ਨੇ ਪਿਛਲੇ 8 ਸਾਲਾਂ ਪੰਜਾਬ ਦੇ ਸਿਹਤ ਵਿਭਾਗ ਅਧੀਨ ਐਨਆਰਐਚਐਮ ਵਿੱਚ ਨੌਕਰੀ ਕਰ ਰਹੇ ਹਜਾਰਾਂ ਪਰਿਵਾਰਾਂ ਨੂੰ ਕੁੱਝ ਨਹੀਂ ਦਿਤਾ ਤੇ ਸਰਕਾਰ ਲੋਕਾਂ ਨੂੰ ਕੀ ਦੇਵੇਗੀ। ਉਹ ਆਪਣੀ ਵੋਟ ਸੋਚ ਸਮਝ ਕੇ ਕਿਸੇ ਹੋਰ ਉਮੀਦਵਾਰ ਨੂੰ ਪਾਉਣ।



