ਚੰਡੀਗੜ੍ਹ, 15 ਫਰਵਰੀ (ਨਾਗਪਾਲ)- ਨਵੰਬਰ 1984 ਨੂੰ ਹਰਿਆਣੇ ਵਿੱਚ ਕਤਲ ਕੀਤੇ ਸਿੱਖਾਂ ਦੇ ਕੇਸ ਲੜ ਰਹੀ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸਨ ਸਿੰਘ ਘੋਲੀਆ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਗਠਿਤ ਕੀਤੀ ਐਸ. ਆਈ.ਟੀ. ਦਾ ਸੁਆਗਤ ਹੈ, ਜੇ ਉਹ ਆਪ ਸਿੱਖਾਂ ਦੇ ਕਾਤਲਾਂ ਦਾ ਖੁਰਾ ਖੋਜ ਲੱਭ ਕੇ ਉਹਨਾਂ ਨੂੰ ਫਾਂਸੀ ਦੇ ਤਖਤੇ ਤੱਕ ਪਹੁੰਚਾਏ । ਉਹਨਾ ਕਿਹਾ ਕਿ ਨਵੰਬਰ 1984 ਨੂੰ ਵੀਹ ਤੋਂ ਵੱਧ ਰਾਜਾਂ ਵਿੱਚ ਹਜਾਰਾ ਸਿੱਖਾਂ ਦਾ ਸਮੂਹਿਕ ਕਤਲੇਆਮ ਹੋਇਆ । ਪੀੜਤਾਂ ਦਾ ਦੁੱਖ ਤਾਂ ਹੀ ਘਟ ਸਕਦਾ ਹੈ ਜੇ ਸਰਕਾਰ ਦੋਸ਼ੀਆਂ ਨੂੰ ਸਖਤ ਸਜਾਵਾਂ ਦਿਲਵਾਏ ਅਤੇ ਸਰਕਾਰ ਦੁਆਰਾ ਗਠਿਤ ਐਸ.ਆਈ.ਟੀ. ਆਪਣੀਆਂ ਟੀਮਾਂ ਬਣਾ ਕੇ ਹਰੇਕ ਘਟਨਾਕ੍ਰਮ ਵਾਲੀ ਜਗਾ ਤੇ ਆਪ ਜਾ ਕੇ ਦੋਸ਼ੀਆਂ ਦੀ ਨਿਸਾਨਦੇਹੀ ਕਰ ਕੇ ਉਹਨਾਂ ਨੂੰ ਫਾਂਸੀ ਦੇ ਤਖਤੇ ਤੱਕ ਪਹੁੰਚਾਵੇ ਨਹੀਂ ਤਾਂ ਇਸ ਖਾਨਾ ਪੂਰਤੀ ਦਾ ਵੀ ਕੋਈ ਫਾਇਦਾ ਨਹੀਂ ਹੈ । ਉਹਨਾਂ ਕਿ ਹੋਦ
ਚਿੱਲੜ ਦੇ ਕੇਸ ਦੀ ਪੈਰਵਾਈ ਲਈ ਹਰਿਆਣਾ ਸਰਕਾਰ ਵਲੋਂ 2011 ਵਿੱਚ ਬਣਾਏ ਗਰਗ ਕਮਿਸ਼ਨ ਦਾ ਸਮਾ ਵੀ ਛੇ ਮਹੀਨੇ ਹੀ ਮੁਕੱਰਰ ਕੀਤਾ ਗਿਆ ਸੀ , ਪਰ ਹੁਣ ਤੱਕ ਗਰਗ ਕਮਿਸਨ ਦੇ ਮੈਂਬਰ ਤਨਖਾਹ ਦੇ ਰੂਪ ਵਿੱਚ ਸਰਕਾਰ ਤੋਂ ਕਰੋੜਾ ਰੁਪੈ ਲੈ ਚੁੱਕੇ ਪਰ ਪੀੜਤਾਂ ਨੂੰ ਇੰਨਸਾਫ ਦੇ ਨਾਮ ਤੇ ਸਿਰਫ ਤਰੀਕਾਂ ਹੀ ਮਿਲ਼ ਰਹੀਆਂ ਹਨ । ਉਹਨਾਂ ਕਿਹਾ ਕਿ ਉਹਨਾ ਦੀ ਟੀਮ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ਼ ਐਸ.ਆਈ.ਟੀ. ਨੂੰ ਭਾਰਤ ਦੇ ਵੱਖ-ਵੱਖ ਰਾਜਾ ਵਿੱਚ ਕਤਲ ਕੀਤੇ ਸਿੱਖਾਂ ਦੀ ਨਿਸ਼ਾਨ ਦੇਹੀ ਕਰਕੇ ਲਿਸਟ ਦੇਵੇਗੀ ਉਹਨਾਂ ਪੀੜਤਾ ਨੂੰ ਅਪੀਲ ਕੀਤੀ ਕਿ ਉਹ ਨਵੰਬਰ 1984 ਵਿੱਚ ਕਤਲ ਕੀਤੇ ਪਰਿਵਾਰਾਂ ਦੀ ਸੂਚੀ ਅਤੇ ਜਰੂਰੀ ਦਸਤਾਵੇਜ ਉਹਨਾਂ ਦੀ ਟੀਮ ਨੂੰ ਜਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਣ ਤਾਂ ਜੋ ਉਹਨਾਂ ਦੀ ਅਵਾਜ ਨੂੰ ਸਾਝੇ ਪਲੇਟਪਾਰਮ ਤੋਂ ਉਠਾਇਆ ਜਾਵੇ ।ਉਹਨਾਂ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਸਬੰਧੀ ਫੌਰੀ ਤੌਰ ਤੇ ਨੋਟੀਫਿਕੇਸ਼ਨ ਜਾਰੀ ਕਰੇ ਅਤੇ ਇਸ ਦੀ ਹਰੇਕ ਰਾਜ ਵਿੱਚ ਸਾਖਾ ਬਣਾਈ ਜਾਵੇ ਤਾਂ ਜੋ ਪੀੜਤ ਅਸਾਨੀ ਨਾਲ਼ ਇਸ ਤੱਕ ਪਹੁੰਚ ਕਰ ਸਕਣ । ਉਹਨਾ ਅੱਗੇ ਕਿਹਾ ਕਿ ਉਹਨਾ ਦੀ ਲੜਾਈ ਸ੍ਰੋਮਣੀ ਕਮੇਟੀ ਦੇ ਸਹਿਯੋਗ ਨਾਲ਼ ਇੰਨਸਾਫ ਦੀ ਪ੍ਰਾਪਤੀ ਤੱਕ ਜਾਰੀ ਰਹੇਗੀ ।ਇਸ ਮੌਕੇ ਉਹਨਾਂ ਨਾਲ਼ ਪ੍ਰਚਾਰਕ ਗਿਆਨ ਸਿੰਘ ਖਾਲਸਾ, ਜਗੀਰ ਸਿੰਘ ਘੋਲ਼ੀਆ, ਲਖਵੀਰ ਸਿੰਘ ਰੰਡਿਆਲ਼ਾ ਅਤੇ ਅੰਗਰੇਜ ਸਿੰਘ ਆਦਿ ਹਾਜਿਰ ਸਨ।



