ਬਠਿੰਡਾ, 12 ਫਰਵਰੀ (ਗੁਰਤੇਜ ਸਿੱਧੂ/ ਅਮਰਜੀਤ ਸਿੱਧੂ)- ਸਵਾਈਨ ਫਲੂ ਨੇ ਬਠਿੰਡਾ ਜਿਲ੍ਹੇ ਨੂੰ ਤੇਜੀ ਨਾਲ ਆਪਣੀ ਲਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ। ਅੱਜ ਬਠਿੰਡਾ ’ਚ ਇੱਕ ਹੋਰ ਸਵਾਇਨ ਫਲੂ ਮਰੀਜ਼ ਦੀ ਮੌਤ ਹੋ ਗਈ। ਇਸ ਤੋਂ ਪਹਿਲਾ ਕੱਲ੍ਹ ਵੀ ਬਠਿੰਡਾ ਨਾਲ ਸਬੰਧਤ ਸਵਾਈਨ ਫਲੂ ਤੋਂ ਪੀੜਤ ਦੋ ਮਰੀਜ਼ਾਂ ਦੀ ਮੌਤ ਹੋ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਦੀ ਗਣਪਤੀ ਇੰਨਕਲੇਵ ਕਲੋਨੀ ਦੇ ਵਾਸੀ ਚੰਦਰ ਮੋਹਨ ਪਿਛਲੇ ਕੁੱਝ ਦਿਨਾਂ ਤੋਂ ਸਵਾਈਨ ਫਲੂ ਤੋਂ ਪੀੜਤ ਸੀ ਜਿਸਦਾ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ ਸੀ। ਪਰ ਅੱਜ ਉਸਦੀ ਮੌਤ ਹੋ ਗਈ। ਬਠਿੰਡਾ ਜਿਲ੍ਹੇ ਅੰਦਰ ਸਵਾਈਨ ਫਲੂ ਤੋਂ ਪੀੜਤ ਮਰੀਜ਼ ਦੀ ਇਹ ਤੀਜੀ ਮੌਤ ਹੈ। ਇਸ ਦੇ ਨਾਲ ਹੀ ਅਬੋਹਰ ਸ਼ਹਿਰ ਨਾਲ ਸਬੰਧਤ ਸਵਾਈਨ ਫਲੂ ਤੋਂ ਪੀੜਤ ਸੁਭਾਸ਼ ਵੀ ਬਠਿੰਡਾ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਹੈ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਜ਼ਿਲ੍ਹਾ ਮਹਾਮਾਰੀ ਵਿਸ਼ੇਸ਼ਗ ਡਾ. ਐਚ.ਐਸ. ਹੇਅਰ ਨੇ ਦੱਸਿਆ ਕਿ ਹੁਣ ਤੱਕ 17 ਸ਼ੱਕੀ ਮਰੀਜ਼ਾਂ ਦੇ ਸਵੈਬ ਸੈਂਪਲ ਲੈ ਕੇ ਜਾਂਚ ਲਈ ਪੀ.ਜੀ.ਆਈ. ਚੰਡੀਗੜ੍ਹ ਭੇਜੇ ਗਏ ਸਨ, ਜਿਨ੍ਹਾਂ ’ਚੋਂ ਤਿੰਨ ਮਰੀਜ਼ ਸਵਾਈਨ ਫਲੂ ਤੋਂ ਪੀੜਤ ਪਾਏ ਗਏ।



