ਨਵਾਂਸ਼ਹਿਰ, 9 ਫ਼ਰਵਰੀ (ਵਿਜੇ ਜਯੋਤੀ)- ਪੰਜਾਬ ਸਰਕਾਰ ਵੱਲੋਂ ਰਾਜ ਭਰ ਵਿੱਚ ਬਣਾਵਟੀ ਅੰਗ ਲਾਉਣ ਵਾਸਤੇ ਸਰੀਰਕ ਤੌਰ ’ਤੇ ਲੋੜਵੰਦ ਅਪੰਗ ਵਿਅਕਤੀਆਂ ਦੀ ਸ਼ਨਾਖਤ ਲਈ ਲਾਏ ਜਾ ਰਹੇ ਵਿਸ਼ੇਸ਼ ਕੈਂਪਾਂ ਦੀ ਲੜੀ ਵਿੱਚ, ਸ਼ਹੀਦ ਭਗਤ ਸਿੰਘ ਨਗਰ ਦੇ ਲੋੜਵੰਦ ਅਪੰਗ ਵਿਅਕਤੀਆਂ ਵਾਸਤੇ 11 ਫ਼ਰਵਰੀ ਨੂੰ ਸਵੇਰੇ 10 ਵਜੇ ਸਿਵਲ ਹਸਪਤਾਲ ਨਵਾਂਸ਼ਹਿਰ (ਬਰਨਾਲਾ ਕਲਾਂ) ਵਿਖੇ ਕੈਂਪ ਲਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਕੈਂਪ ਦੋ ਪੜਾਵੀਂ ਹੋਣਗੇ। ਪਹਿਲਾਂ ਜ਼ਿਲ੍ਹਾ ਪੱਧਰ ’ਤੇ ਕੈਂਪਾਂ ਰਾਹੀਂ ਉਨ੍ਹਾਂ ਅੰਗਹੀਣ ਵਿਅਕਤੀਆਂ ਦੀ ਸ਼ਨਾਖ਼ਤ ਕੀਤੀ ਜਾਵੇਗੀ, ਜਿਨ੍ਹਾਂ ਦੇ ਬਣਾਵਟੀ ਅੰਗ ਲਾਏ ਜਾ ਸਕਦੇ ਹਨ। ਉਸ ਤੋਂ ਬਾਅਦ, ਯੋਗ ਪਾਏ ਗਏ ਵਿਅਕਤੀਆਂ ਨੂੰ ਜ਼ਰੂਰਤ ਅਨੁਸਾਰ ਅਲੀਮਕੋ ਕਾਨ੍ਹਪੁਰ ਰਾਹੀਂ ਮਸਨੂਈ ਅੰਗ ਲਗਵਾਉਣ ਲਈ ਕੈਂਪ ਲਾਏ ਜਾਣਗੇ। ਡਿਪਟੀ ਕਮਿਸ਼ਨਰ ਅਨੁਸਾਰ 11 ਫ਼ਰਵਰੀ ਨੂੰ ਜਿਨ੍ਹਾਂ ਅੰਗਹੀਣ
ਵਿਅਕਤੀਆਂ ਦੀ ਸ਼ਨਾਖ਼ਤ ਕੀਤੀ ਜਾਵੇਗੀ, ਉਨ੍ਹਾਂ ਦੇ ਲਾਏ ਜਾਣ ਵਾਲੇ ਮਸਨੂਈ ਅੰਗਾਂ ਦੇ ਮਾਪ ਲਈ, ਲਾਏ ਜਾਣ ਵਾਲੇ ਅਗਲੇ ਕੈਂਪ ਲਈ ਬਾਅਦ ਵਿੱਚ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਨੇ ਜ਼ਿਲ੍ਹੇ ਦੇ ਉਨ੍ਹਾਂ ਸਾਰੇ ਅੰਗਹੀਣ ਵਿਅਕਤੀਆਂ ਜੋ ਕਿ ਸਰੀਰਕ ਅਪੰਗਤਾ ਦੀ ਹਾਲਤ ਵਿੱਚ ਹਨ, ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਉਕਤ ਮਿਤੀ ਨੂੰ ਪੁੱਜਣ ਲਈ ਆਖਿਆ ਹੈ ਤਾਂ ਜੋ ਉਨ੍ਹਾਂ ਦੀ ਨਕਲੀ ਅੰਗ ਲਗਵਾਉਣ ਵਾਸਤੇ ਸ਼ਨਾਖ਼ਤ ਕੀਤੀ ਜਾ ਸਕੇ।



