Skip to content
Independent perspectives. Global stories.
BREAKING

ਪੰਜਾਬ ਦੇ ਗੈਰ-ਰਵਾਇਤੀ ਊਰਜਾ ਉਤਪਾਦਨ ਮਿਸ਼ਨ ਵਿੱਚ ਫਰਾਂਸ ਨਿਭਾਏਗਾ ਮਹੱਤਵਪੂਰਨ ਭੂਮਿਕਾ : ਮਜੀਠੀਆ

Share this story

ਸੌਰ ਤੇ ਬਾਇਓਮਾਸ ਊਰਜਾ ਪਲਾਟਾਂ ਲਈ ਮਜੀਠੀਆ ਵੱਲੋਂ ਫਰਾਂਸੀਸੀ ਕੰਪਨੀਆਂ ਨੂੰ ਹਰ ਸੰਭਵ ਮਦਦ ਦਾ ਭਰੋਸਾ

Page-3_06 ਜਲੰਧਰ/ਚੰਡੀਗੜ੍ਹ, 7 ਫਰਵਰੀ- ਪੰਜਾਬ  ਦੇ ਗੈਰ ਰਵਾਇਤੀ ਊਰਜਾ ਖੇਤਰ ਵਿਚ ‘ ਮਿਸ਼ਨ 2500 ਮੈਗਾਵਾਟ’ ਦੀ ਪ੍ਰਾਪਤੀ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦ ਫਰਾਂਸ ਵਲੋਂ ਸੂਬੇ ਦੇ ਸੌਰ ਤੇ ਬਾਇਓਮਾਸ ਊਰਜਾ ਪ੍ਰਾਜੈਕਟਾਂ ਲਈ ਤਕਨੀਕੀ ਸਹਾਇਤਾ ਦੇਣ ਦੇ ਨਾਲ-ਨਾਲ ਫਰਾਂਸੀਸੀ ਕੰਪਨੀਆਂ ਵਲੋਂ ਵੱਡੇ ਪੱਧਰ ’ਤੇ ਨਿਵੇਸ਼ ਵਿਚ ਵੀ  ਦਿਲਚਸਪੀ ਦਿਖਾਈ ਗਈ।ਬੀਤੀ ਰਾਤ ਨਵੀਂ ਦਿੱਲੀ ਵਿਖੇ ਇਕ ਸਮਾਗਮ ਦੌਰਾਨ ਫਾਜਿਲਕਾ ਜਿਲ੍ਹੇ ਵਿਚ ਪਿੰਡ ਮੁਰਾਦਵਾਲਾ ਵਿਖੇ ਸੋਲਰ ਡਾਇਰੈਕਟ ਐਨਰਜ਼ੀ ਇੰਡੀਆ ਲਿਮੀਟਡ ਵੱਲੋਂ 151 ਕਰੋੜ ਦੀ ਲਾਗਤ ਨਾਲ ਸਥਾਪਿਤ ਕੀਤੇ  ਗਏ 21 ਮੈਗਾਵਾਟ ਦੀ ਸਮਰੱਥਾ ਵਾਲੇ ਪੰਜਾਬ ਸੋਲਰ ਪਾਰਕ ਦੇ ਉਦਘਾਟਨ ਦੌਰਾਨ ਫਰਾਂਸ ਦੀ ਸਥਾਈ ਵਿਕਾਸ, ਊੁਰਜਾ ਬਾਰੇ ਮੰਤਰੀ ਸੀਜ਼ੋਲੇਨੀ ਰਾਇਲ ਨੇ

ਕਿਹਾ ਕਿ ਉਨ੍ਹਾਂ ਦਾ ਦੇਸ਼ ਪੰਜਾਬ ਸਰਕਾਰ ਨੂੰ ਗੈਰ ਰਵਾਇਤੀ ਊਰਜਾ ਦੇ ਉਤਪਾਦਨ ਵਿਚ ਹਰ ਤਕਨੀਕੀ ਸਹਾਇਤਾ ਪ੍ਰਦਾਨ ਕਰੇਗਾ। ਇਸ ਮੌੋਕੇ ਪੰਜਾਬ ਦੇ ਗੈਰ ਰਵਾਇਤੀ ਊਰਜਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਵਿਆਉਣਯੋਗ ਸ੍ਰੋਤਾਂ ਤੋਂ 2500 ਮੈਗਾਵਾਟ ਊਰਜਾ ਉਤਪਾਦਨ ਦਾ ਟੀਚਾ ਮਿਥਿਆ ਗਿਆ ਹੈ ਜਿਸ ਵਿਚ ਸੌਰ ਤੇ ਬਾਇਓਮਾਸ ਪ੍ਰਾਜੈਕਟਾਂ ਨੂੰ ਵਿਸ਼ੇਸ਼ ਤਰਜ਼ੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸੇ ਸਾਲ ਮਾਰਚ ਤੱਕ ਪੰਜਾਬ 250 ਮੈਗਾਵਾਟ ਸੌਰ ਊਰਜਾ ਉਤਪਾਦਨ ਸ਼ੂਰੂ ਕਰ ਦੇਵੇਗਾ। ਇਸ ਤੋਂ ਇਲਾਵਾ 62.5 ਮੈਗਾਵਾਟ ਊਰਜਾ ਦਾ ਉਤਪਾਦਨ ਬਾਇਓਮਾਸ ਸਾਧਨਾਂ ਤੋਂ ਕੀਤਾ ਜਾ ਰਿਹਾ ਹੈ ਜਦਕਿ 155 ਮੈਗਾਵਾਟ ਦੀ ਸਮਰੱਥਾ ਦੇ ਵੱਖ-ਵੱਖ ਪ੍ਰਾਜੈਕਟ ਅੰਤਿਮ ਪੜਾਅ ’ਤੇ ਹਨ।
ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਨੇ ਹਰ ਖੇਤਰ ਵਿਚ ਦੇਸ਼ ਦੀ ਅਗਵਾਈ ਕੀਤੀ ਹੈ, ਜਿਸ ਤਹਿਤ ਏਸ਼ੀਆ ਦੀ ਪਹਿਲੀ ਬਾਇਓ-ਈਥਾਨੌਲ ਰਿਫਾਇਨਰੀ ਵੀ ਪੰਜਾਬ ਵਿਚ ਸਥਾਪਿਤ ਕੀਤੀ ਜਾ ਰਹੀ ਹੈ। ਇਸੇ ਤਹਿਤ 5 ਹੋਰ ਪ੍ਰਾਜੈਕਟ ਵੀ ਮਨਜ਼ੂਰ ਕੀਤੇ ਗਏ ਹਨ ਜਿਨ੍ਹਾਂ ’ਤੇ ਇਕ ਬਿਲੀਅਨ ਡਾਲਰ ਦਾ ਨਿਵੇਸ਼ ਹੋਵੇਗਾ।
ਉਨ੍ਹ੍ਯਾਂ ਨਾਲ ਹੀ ਕਿਹਾ ਕਿ ਪਸ਼ੂਆਂ ਦੇ ਮਲ ਮੂਤਰ ਆਦਿ ਤੋਂ ਊਰਜਾ ਉਤਪਾਦਨ ਲਈ ਲੁਧਿਆਣਾ ਨੇੜੇ ਹੈਬੋਵਾਲ ਵਿਖੇ ਬਾਇਓ-ਮੀਥੇਨੇਸ਼ਨ ਪਲਾਂਟ ਵੀ ਅਗਲੇ ਮਹੀਨੇ ਦੇ ਅੰਤ ਤੱਕ ਉਤਪਾਦਨ ਸ਼ੁਰੂ ਕਰ ਦੇਵੇਗਾ। ਇਸ ਤੋਂ ਇਲਾਵਾ ਇਸ ਸਾਲ ਦੇ ਅੰਤ ਤੱਕ ਲੁਧਿਆਣਾ ਤੇ ਜਲੰਧਰ ਵਿਖੇ ਦੋ ਹੋਰ ਅਜਿਹੇ ਪਲਾਂਟ ਵੀ ਸ਼ੁਰੂ ਹੋ ਜਾਣਗੇ। ਸ. ਮਜੀਠੀਆ ਨੇ ਕਿਹਾ ਕਿ ਉਨ੍ਹਾਂ ਵਲੋਂ ਹਰ ਪ੍ਰਾਜੈਕਟ ਸਬੰਧੀ ਨਿੱਜੀ ਤੌਰ ’ਤੇ ਨਿਗਰਾਨੀ ਕੀਤੀ ਜਾ ਰਹੀ ਹੈ ਜਿਸ ਕਰਕੇ ਸਾਰੇ ਪ੍ਰਾਜੈਕਟ ਨਿਰਧਾਰਿਤ ਸਮੇਂ ਤੋਂ ਪਹਿਲਾਂ ਮੁਕੰਮਲ ਹੋਏ ਹਨ। ਉਨ੍ਹਾਂ ਕਿਹਾ ਕਿ ਫਰਾਂਸੀਸੀ ਕੰਪਨੀ ਵਲੋਂ ਪੰਜਾਬ ਦੇ ਸਰਹੱਦੀ ਖੇਤਰ ਵਿਚ 151 ਕਰੋੜ ਦਾ ਨਿਵੇਸ਼ ਪੰਜਾਬ ਸਰਕਾਰ ਵਲੋਂ ਨਿਵੇਸ਼ਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੇ ਸਾਰਥਿਕ ਮਾਹੌਲ ਦਾ ਪ੍ਰਤੀਕ ਹੈ।
ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 600 ਮੈਗਾਵਾਟ  ਸੌਰ ਊਰਜਾ ਉਤਪਾਦਨ ਲਈ ਖੇਤਰਾਂ ਦੀ ਪਛਾਣ ਕੀਤੀ ਗਈ ਹੈ ਜਿਸ ਤਹਿਤ 100 ਮੈਗਾਵਾਟ ਦੇ ਪ੍ਰਾਜੈਕਟਾਂ ਲਈ ਬੋਲੀਆਂ ਵੀ ਮੰਗ ਲਈਆਂ ਗਈਆਂ ਹਨ।  ਉਨ੍ਹਾਂ ਕਿਹਾ ਕਿ ਵਿਸ਼ਵ ਦਾ ਸਭ ਤੋਂ ਵੱਡਾ ਸੋਲਰ ਫੋਟੋ ਵੋਲਟਿਕ ਪਲਾਂਟ ਬਿਆਸ (ਅੰਮ੍ਰਿਤਸਰ) ਵਿਖੇ ਸਥਾਪਿਤ ਕੀਤਾ ਗਿਆ ਜਿਸਦੀ ਸਮਰੱਥਾ 7.5 ਮੈਗਾਵਟ ਹੈ , ਜੋ ਕਿ 35 ਮੈਗਾਵਾਟ ਤੱਕ ਵਧਾਈ ਜਾ ਸਕੇਗੀ। ਇਸ ਤੋਂ ਇਲਾਵਾ ਨੈਟ ਮੀਟਰਿੰਗ ਤਹਿਤ ਅਗਲੇ 3 ਸਾਲ ਦੌਰਾਨ ਇਕ ਲੱਖ ਘਰਾਂ ਵਿਚ ਛੱਤਾਂ ’ਤੇ ਸੌਰ ਊਰਜਾ ਪਲਾਂਟ ਲਾ ਕੇ 200 ਮੈਗਾਵਾਟ ਊਰਜਾ ਪੈਦਾ ਕੀਤੀ ਜਾਵੇਗੀ।
ਇਸ ਮੌਕੇ ਫਰਾਂਸ ਦੀ ਸਥਾਈ ਵਿਕਾਸ, ਊੁਰਜਾ ਬਾਰੇ ਮੰਤਰੀ ਸੀਜ਼ੋਲੇਨੀ ਰਾਇਲ ਨੇ ਗੈਰ ਰਵਾਇਤੀ ਊਰਜਾ ਖੇਤਰ ਦੇ ਵਾਧੇ ਲਈ ਪੰਜਾਬ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਫਰਾਂਸ ਵਲੋਂ ਪੰਜਾਬ   ਨੂੰ ਤਕਨੀਕੀ ਸਹਾਇਤਾ ਦੇਣ ਦੇ ਨਾਲ-ਨਾਲ ਫਰਾਂਸੀਸੀ ਕੰਪਨੀਆਂ ਵਲੋਂ ਇੱਥੇ ਨਿਵੇਸ਼ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਰਾਂਸ ਦਾ ਗੈਰ ਰਵਾਇਤੀ ਊਰਜਾ ਖੇਤਰ ਵਿਚ ਵਿਸ਼ਵ ਭਰ ਵਿਚ 13.5 % ਹਿੱਸਾ ਹੈ ਜੋ ਕਿ 2020 ਤੱਕ 23 ਫੀਸਦੀ ਤੱਕ ਵਧਾਉਣ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦੇਸ਼ ਵਲੋਂ ਪੰਜਾਬ ਵਿਚ ਬਾਇਓਮਾਸ ਪ੍ਰਾਜੈਕਟਾਂ ਵੱਲ ਵੱਧ ਧਿਆਨ ਦਿੱਤਾ ਜਾਵੇਗਾ ਕਿਉਂਕਿ ਪੰਜਾਬ  ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਇੱਥੇ ਕੱਚੇ ਮਾਲ ਦੀ ਕਮੀ ਨਹੀਂ। ਉਨ੍ਹਾਂ  ਨਾਲ ਹੀ ਇਹ ਭਰੋਸਾ ਦਿਵਾਇਆ ਕਿ ਉਹ ਫਰਾਂਸੀਸੀ ਕੰਪਨੀ ਸੋਲਰ ਡਾਇਰੈਕਟ ਐਨਰਜ਼ੀ ਇੰਡੀਆ ਲਿਮੀਟਡ ਵਲੋਂ ਸਥਾਪਿਤ ਕੀਤੇ ਜਾਣ ਵਾਲੇ ਅਗਲੇ ਪ੍ਰਾਜੈਕਟ ਦੇ ਨੀਂਹ ਪੱਥਰ ਸਮਾਗਮ ਮੌਕੇ ਹਾਜ਼ਰ ਹੋਣਗੇ। ਇਸ ਮੌਕੇ ਕੰਪਨੀ ਦੇ ਐਮ.ਡੀ. ਨੇ ਕਿਹਾ ਕਿ ਉਹ ਨਿਵੇਸ਼ਕਾਂ ਪ੍ਰਤੀ  ਪੰਜਾਬ ਸਰਕਾਰ ਤੇ ਪੇਡਾ ਦੀ ਪਹੁੰਚ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਪ੍ਰਾਜੈਕਟ ਦੇ ਦੂਜੇ ਪੜਾਅ ਤਹਿਤ 54 ਮੈਗਾਵਾਟ ਊਰਜਾ ਉਤਪਾਦਨ ਲਈ ਬੋਲੀ ਦਿੱਤੀ ਗਈ ਹੈ।

WRITTEN BY