ਵੋਟਾਂ ਦੀ ਗਿਣਤੀ 10 ਫਰਵਰੀ ਨੂੰ
ਨਵੀਂ ਦਿੱਲੀ, 5 ਫਰਵਰੀ (ਪੀ. ਟੀ. ਲਾਇਵ)- ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਚੋਣ ਪ੍ਰਚਾਰ ਅੱਜ ਸ਼ਾਮ 5 ਵਜੇ ਸਮਾਪਤ ਹੋ ਗਿਆ। ਵਿਧਾਨ ਸਭਾ ਦੀਆਂ 70 ਸੀਟਾਂ ਲਈ ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ ਅਤੇ ਕਾਂਗਰਸ ਸਮੇਤ ਸਾਰੀਆਂ ਪਾਰਟੀਆਂ ਨੇ ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਵੋਟਾਂ ਹਾਸਿਲ ਕਰਨ ਲਈ ਵੋਟਰਾਂ ਨੂੰ ਆਕਰਸ਼ਿਤ ਕਰਨ ਵਾਸਤੇ ਆਪਣਾ ਪੂਰਾ ਟਿੱਲ ਲਗਾ ਦਿੱਤਾ। ਵੋਟਾਂ 7 ਫਰਵਰੀ ਨੂੰ ਪੈਣਗੀਆਂ ਜਦਕਿ ਵੋਟਾਂ ਦੀ ਗਿਣਤੀ 10 ਫਰਵਰੀ ਨੂੰ ਹੋਵੇਗੀ। ਇਸੇ ਦਿਨ ਸ਼ਾਮ ਤੱਕ ਸਾਰੇ ਨਤੀਜੇ ਆ ਜਾਣਗੇ। ਚੋਣ ਪ੍ਰਚਾਰ ਸਮਾਪਤ ਹੋਣ ਦੇ ਬਾਅਦ ਉਮੀਦਵਾਰਾਂ ਨੇ ਘਰ-ਘਰ ਜਾ ਕੇ ਵੋਟਰਾਂ ਨੂੰ ਆਪਣੇ ਪੱਖ ’ਚ ਭੁਗਤਾਉਣ ਲਈ ਜਾਣਾ ਸ਼ੁਰੂ ਕਰ ਦਿੱਤਾ ਹੈ। ਵੱਖ-ਵੱਖ ਚੋਣ ਸਰਵੇਖਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਥਿਤੀ ਨੂੰ ਮਜ਼ਬੂਤ ਦੱਸਿਆ ਗਿਆ ਹੈ, ਜਦਕਿ ਭਾਜਪਾ ਨੂੰ ਦੂਸਰਾ ਸਥਾਨ ਦਿੱਤਾ ਗਿਆ ਹੈ। ਭਾਜਪਾ 16 ਸਾਲ ਬਾਅਦ ਦਿੱਲੀ ਵਿੱਚ ਆਪਣੀ ਸਰਕਾਰ ਬਣਾਉਣ ਲਈ ਪੂਰਾ ਯਤਨ ਕਰ ਰਹੀ ਹੈ।
ਇਸੇ ਦੌਰਾਨ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਿੱਲੀ ਦੇ ਵੋਟਰਾਂ ਨੂੰ ਆਪਣੇ ਵੋਟ ਆਮ ਆਦਮੀ ਪਾਰਟੀ ਨੂੰ ਪਾਏ ਜਾਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਅੱਜ ਆਪਣੇ ਟਵਿਟਰ ਉੱਤੇ ਲਿਖਿਆ ‘‘ਦਿੱਲੀ ਵਾਸੀਆਂ ਨੂੰ ਮੇਰੀ ਅਪੀਲ ਹੈ ਕਿ ਉਹ ਦੇਸ਼ ਦੀ ਜ਼ਰੂਰਤ ਅਤੇ ਦਿੱਲੀ ਦੇ ਵਿਕਾਸ ਲਈ ਆਪ ਨੂੰ ਵੋਟ ਪਾਉਣ।’’
ਦੂਜੇ ਪਾਸੇ ਦਿੱਲੀ ਵਿਧਾਨ ਸਭਾ ਚੋਣ ਪ੍ਰਚਾਰ ਦੇ ਅੱਜ ਆਖਰੀ ਦਿਨ ਭਾਜਪਾ ਦੀ ਮੁੱਖ ਮੰਤਰੀ ਅਹੁਦੇ ਦੀ ਉਮੀਦਵਾਰ ਕਿਰਨ ਬੇਦੀ ਨੇ ਆਪਣੇ ਆਈਪੀਐਸ ਅਤੇ ਅਰਵਿੰਦ ਕੇਜਰੀਵਾਲ ਦੇ ਆਈਆਰਐੱਸ ਦੇ ਤੌਰ ’ਤੇ ਤਜ਼ੁਰਬੇ ਦੀ ਤੁਲਨਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ 40 ਸਾਲ ਆਈਪੀਐੱਸ ਵਿੱਚ ਲਗਾਏ ਹਨ, ਜਦਕਿ ਆਪ ਪ੍ਰਮੁੱਖ ਅਰਵਿੰਦ ਕੇਜਰੀਵਾਲ ਮਾਮੂਲੀ ਤਜ਼ੁਰਬੇ ਦੇ ਨਾਲ ਭੱਜ ਖੜੇ ਸਨ। ਉਨ੍ਹਾਂ ਕਿਹਾ ਕਿ ਝੂਠੇ ਕੇਜਰੀਵਾਲ ਦੇ ਕੋਲ ਸਿਰਫ 5 ਸਾਲ ਦਾ ਤਜ਼ੁਰਬਾ ਹੈ। ਉਹ ਇੱਕ ‘ਭਗੋੜਾ’ ਹੈ ਅਤੇ ਫਿਰ ਭਜ ਜਾਵੇਗਾ।
ਇਸੇ ਦੌਰਾਨ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਵੀ ਦਿੱਲੀ ਦੇ ਵੋਟਰਾਂ ਨੂੰ ਵੋਟਾਂ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਪਾਉਣ ਦੀ ਅਪੀਲ ਕੀਤੀ।



