ਝਬਾਲ, 4 ਫਰਵਰੀ (ਗੁਰਮੀਤ ਸਿੰਘ ਝਬਾਲ)- ਭਾਵੇਂ ਸਕੂਲੀ ਬੱਸਾਂ ਨੂੰ ਲੈ ਕੇ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਇਸ ਉੱਪਰ ਅਮਲ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਪਰ ਹੇਠਲੇ ਪੱਧਰ ਉੱਪਰ ਇਹ ਕਿੰਨੀਆਂ ਅਸਰਦਾਰ ਹੋ ਰਹੀਆਂ ਹਨ, ਇਸ ਦੀ ਮਿਸਾਲ ਜ਼ਿਲ੍ਹਾ ਤਰਨ ਤਾਰਨ ਦੇ ਸਰਹੱਦੀ ਕਸਬਾ ਝਬਾਲ ਤੋਂ ਮਿਲਦੀ ਹੈ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੇਠ ਚੱਲਦੇ ਸਕੂਲ ਵਿੱਚ ਸਕੂਲੀ ਬੱਚਿਆਂ ਦੀ ਢੋਹਾ-ਢੁਹਾਈ ਕਰਦੀ ਹਾਦਸੇ ਦਾ ਸ਼ਿਕਾਰ ਹੋਈ ਉਸ ਸਕੂਲੀ ਬੱਸ ਤੋਂ ਮਿਲਦੀ ਹੈ, ਜੋ ਨੇੜੇ ਸ਼ਹਿਰ ਵਿੱਚ ਕਬਾੜਖਾਨੇ ਤੋਂ ਖਰੀਦੀ ਹੋਈ ਬੱਸ ਹੈ, ਜੋ ਬਹੁਤ ਮਾੜੀ ਹਾਲਤ ਦੀ ਹੋਣ ਕਰਕੇ ਸੜਕ ਕਿਨਾਰੇ ਉਲਟ
ਗਈ ਜਿਸ ਵਿੱਚ 35-40 ਬੱਚੇ ਸਵਾਰ ਸਨ। ਖੁਸ਼ਕਿਸਮਤੀ ਨਾਲ ਕੋਈ ਵੱਡੀ ਦੁਰਘਟਨਾ ਨਹੀਂ ਹੋਈ। ਦੋ-ਤਿੰਨ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ, ਪਰ ਇਸ ਪਿੱਛੇ ਲੋਕਾਂ ਵੱਲੋਂ ਸਕੂਲ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਮੌਕੇ ’ਤੇ ਪੁੱਜ ਕੇ ਪਤਾ ਲੱਗਾ ਕਿ ਇਸ ਬੱਸ ਨੂੰ ਨੰਬਰ ਵੀ ਬੋਗਸ ਲਗਾਇਆ ਗਿਆ ਹੈ, ਜਦੋਂ ਕਿ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਿਕ ਸਕੂਲੀ ਬੱਸ ਦੀ ਆਰ.ਸੀ., ਇੰਸ਼ੋਰੈਂਸ, ਫਿਟਨੈਸ, ਸਪੀਡ ਗਵਰਨਰ ਅਤੇ ਹੈਲਪਰ ਹੋਣੇ ਚਾਹੀਦੇ ਹਨ, ਪਰ ਇਸ ਹਾਦਸਾਗ੍ਰਸਤ ਬੱਸ ਦੀ ਰਜਿਸਟ੍ਰੇਸ਼ਨ ਕਾਪੀ ਵੀ ਨਹੀਂ ਪਾਈ ਗਈ।ਇਸ ਸਬੰਧੀ ਬਾਬਾ ਬੁੱਢਾ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਮੈਡਮ ਜਗਰੂਪ ਕੌਰ ਦਾ ਕਹਿਣਾ ਹੈ ਕਿ ਸਾਡੇ ਸਕੂਲ ਨਾਲ ਇਨ੍ਹਾਂ ਬੱਸਾਂ ਦਾ ਮਾਰਚ ਮਹੀਨੇ ਤੱਕ ਐਗਰੀਮੈਂਟ ਹੋਇਆ ਹੈ। ਮਾਰਚ ਤੋਂ ਬਾਅਦ ਅਜਿਹੀਆਂ ਬੱਸਾਂ ਸਕੂਲ ਵਿੱਚੋਂ ਹਟਾ ਦਿੱਤੀਆਂ ਜਾਣਗੀਆਂ।
ਇਸ ਸਬੰਧੀ ਜ਼ਿਲ੍ਹੇ ਦੇ ਟਰਾਂਸਪੋਰਟ ਅਧਿਕਾਰੀ ਅੰਗਰੇਜ਼ ਸਿੰਘ ਨੇ ਕਿਹਾ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਕਾਰਵਾਈ ਕਰਦਿਆਂ 2-3 ਦਿਨ ਅੰਦਰ ਸਾਰੀਆਂ ਗੈਰ-ਕਾਨੂੰਨੀ ਸਕੂਲ ਬੱਸਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮਿਤੀ 26/10/13 ਨੂੰ ਇਸ ਹੀ ਸਕੂਲ ਬੱਸ ਹੇਠ ਇੱਕ ਨਰਸਰੀ ਵਿੱਚ ਪੜ੍ਹਦੀ 5 ਸਾਲ ਦੀ ਲੜਕੀ ਦੀ ਮੌਤ ਹੋਣ ਤੋਂ ਬਾਅਦ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਰੂਪ ਵਿੱਚ ਦੇਣ ਤੋਂ ਬਾਅਦ ਵੀ ਜ਼ਿਲ੍ਹੇ ਅੰਦਰ ਚਲਦੀਆਂ ਕਬਾੜ ਬੱਸਾਂ ਉੱਪਰ ਕੋਈ ਕਾਰਵਾਈ ਨਹੀਂ ਹੋਈ। ਸ਼ਾਇਦ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕੋਈ ਵੱਡੀ ਘਟਨਾ ਵਾਪਰਨ ਦੀ ਉਡੀਕ ਕੀਤੀ ਜਾ ਰਹੀ ਹੈ।



