Skip to content
Independent perspectives. Global stories.
BREAKING

ਅਕਾਲੀ-ਭਾਜਪਾ ਉਮੀਦਵਾਰ ਇੱਕ ਦੂਜੇ ਵਿਰੁੱਧ ਆਜ਼ਾਦ ਚੋਣ ਲੜਨ ਲਈ ਬਣਾ ਰਹੇ ਨੇ ਯੋਜਨਾਵਾਂ

Share this story

ਬੁਢਲਾਡਾ, 4 ਫਰਵਰੀ (ਅਮਨ ਮਹਿਤਾ/ਅਮਿਤ ਜਿੰਦਲ)- ਨਗਰ ਕੌਂਸਲ ਚੋਣਾਂ ਲਈ ਉਮੀਦਵਾਰਾਂ ਦੀ ਦਾਅਵੇਦਾਰੀ ਨੇ ਅਕਾਲੀ-ਭਾਜਪਾ ਗਠਜੋੜ ਦੇ ਨੇਤਾਵਾਂ ਨੂੰ ਭੰਬਲਭੂਸੇ ਵਿੱਚ ਪਾ ਦਿੱਤਾ ਹੈ। ਇਸ ਕਾਰਨ ਦੋਵੇਂ ਪਾਰਟੀਆਂ ਦੇ ਲੀਡਰ ਸ਼ਹਿਰ ਦੇ 19 ਵਾਰਡਾਂ ਦੀ ਵੰਡ ਨੂੰ ਲੈ ਕੇ ਰੋਜਾਨਾ ਕੀਤੀਆਂ ਜਾਂਦੀਆਂ ਮੀਟਿੰਗਾਂ ਬੇਸਿੱਟਾ ਰਹਿ ਜਾਂਦੀਆਂ ਹਨ। ਕਿਉਂਕਿ ਸ਼ਹਿਰ ਦੇ ਕੁਝ ਵਾਰਡਾਂ ਵਿੱਚ ਜਿੱਥੇ ਭਾਜਪਾ ਆਪਣੀ ਮਜਬੂਤ ਦਾਅਵੇਦਾਰੀ ਪੇਸ਼ ਕਰ ਰਹੀ ਹੈ, ਉਥੇ ਉਨ੍ਹਾਂ ਵਾਰਡਾਂ ਵਿੱਚ ਹੀ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਦਾਅਵੇਦਾਰੀ ਦੇ ਕਾਰਨ ਅਤੇ ਇੱਕ ਦੂਸਰੇ ਵਿਰੁੱਧ ਆਜ਼ਾਦ ਚੋਣ ਲੜਨ ਦੇ ਫੈਸਲਿਆਂ ਕਾਰਨ ਅਕਾਲੀ-ਭਾਜਪਾ ਗਠਜੋੜ ਦੇ ਨੇਤਾਵਾਂ ਵਿੱਚ ਸਿਆਸੀ ਟਕਰਾਅ ਦੀ ਸਥਿਤੀ ਬਣੀ ਹੋਈ ਹੈ। ਸ਼ਹਿਰ ਦੇ ਵਾਰਡ ਨੰ. 8 ਵਿੱਚ ਮੌਜੂਦਾ ਕੌਂਸਲਰ ਚੌਧਰੀ ਰਜਿੰਦਰ ਕੁਮਾਰ ਬਿੱਟੂ ਦੀ ਦਾਅਵੇਦਾਰੀ ਦੇ ਮੁਕਾਬਲੇ ਵਿਧਾਇਕ ਚਤਿੰਨ ਸਿੰਘ ਸਮਾਓ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ

ਮੰਗਤ ਰਾਏ ਬਾਂਸਲ ਅਤੇ ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ ਦੇ ਨਜ਼ਦੀਕੀ ਠੇਕੇਦਾਰ ਗੁਰਪਾਲ ਸਿੰਘ ਦੀ ਦਾਅਵੇਦਾਰੀ ਵੀ ਅਕਾਲੀ ਨੇਤਾਵਾਂ ਲਈ ਚੁਣੌਤੀ ਬਣੀ ਹੋਈ ਹੈ। ਉਥੇ ਵਾਰਡ ਨੰ. 9 ਵਿੱਚ ਭਾਜਪਾ ਦੇ ਮੰਡਲ ਸਕੱਤਰ ਪੁਨੀਤ ਕੁਮਾਰ ਸਿੰਗਲਾ ਦੀ ਦਾਅਵੇਦਾਰੀ ਦੇ ਮੁਕਾਬਲੇ ਅਕਾਲੀ ਦਲ ਦੇ ਮੌਜੂਦਾ ਕੌਂਸਲਰ ਵਿਵੇਕ ਕੁਮਾਰ ਜਲਾਨ ਵੱਲੋਂ ਆਜ਼ਾਦ ਚੋਣ ਲੜਨ ਦੇ ਕੀਤੇ ਐਲਾਨ ਨਾਲ ਵੀ ਮਾਮਲਾ ਹੋਰ ਗੰਭੀਰ ਹੋ ਗਿਆ ਹੈ। ਇਸੇ ਤਰ੍ਹਾਂ ਸ਼ਹਿਰ ਦੇ ਵਾਰਡ ਨੰ. 16 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਨੇਤਾ ਨਗਰ ਕੌਂਸਲ ਦੀ ਮੌਜੂਦਾ ਪ੍ਰਧਾਨ ਬਲਵੀਰ ਕੌਰ ਵੱਲੋਂ ਕੀਤੀ ਗਈ ਦਾਅਵੇਦਾਰੀ ਦੇ ਕਾਰਨ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਈ ਮੌਜੂਦਾ ਕੌਂਸਲਰ ਗੀਤਾ ਰਾਣੀ ਵੱਲੋਂ ਵੋਟਰਾਂ ਨਾਲ ਸ਼ੁਰੂ ਕੀਤਾ ਸੰਪਰਕ ਮੁਹਿੰਮ ਮੱਠੀ ਪੈਂਦੀ ਨਜ਼ਰ ਆ ਰਹੀ ਹੈ। ਉਥੇ ਸ਼ਹਿਰ ਦੇ ਵਾਰਡ ਨੰ. 10 ਵਿੱਚ ਵੀ ਯੂਥ ਅਕਾਲੀ ਦਲ ਦੇ ਪ੍ਰਧਾਨ ਰਜਿੰਦਰ ਸੈਣੀ ਝੰਡਾ ਦੀ ਮਾਤਾ ਵੱਲੋਂ ਸਰਗਰਮੀਆਂ ਤੇਜ ਕਰਨ ਕਾਰਨ ਭਾਜਪਾ ਦੇ ਦਾਅਵੇਦਾਰ ਉਮੀਦਵਾਰਾਂ ਨੂੰ ਨਵੇਂ ਸਿਰਿਓਂ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਪਰ ਸ਼ਹਿਰ ਦੇ ਵਾਰਡ ਨੰ. 14 ਵਿੱਚ ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ਪ੍ਰੇਮ ਗਰਗ ਜੋ ਪਿਛਲੀਆਂ ਚੋਣਾਂ ਵਿੱਚ ਕੁਝ ਵੋਟਾਂ ਦੇ ਅੰਤਰ ਨਾਲ ਸੀ.ਪੀ.ਆਈ. ਦੇ ਉਮੀਦਵਾਰ ਤੋਂ ਹਾਰ ਖਾਣ ਦੇ ਬਾਵਜੂਦ ਮੁੜ ਇਸ ਵਾਰਡ ਤੋਂ ਦਾਅਵੇਦਾਰੀ ਪੇਸ਼ ਕਰਦਿਆਂ ਵੋਟਰਾਂ ਨਾਲ ਸੰਪਰਕ ਸ਼ੁਰੂ ਕਰ ਦਿੱਤਾ ਹੈ, ਪ੍ਰੰਤੂ ਭਾਜਪਾ ਦੇ ਇੱਕ ਗਰੁੱਪ ਵੱਲੋਂ ਇਸ ਵਾਰਡ ਵਿੱਚ ਪ੍ਰੇਮ ਦੀ ਦਾਅਵੇਦਾਰੀ ਨੂੰ ਰੋਕਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਣ ਵਿੱਚ ਲੱਗੇ ਹੋਏ ਹਨ। ਪ੍ਰੰਤੂ ਸ਼ਹਿਰ ਵਿੱਚ ਸਭ ਤੋਂ ਪਹਿਲਾਂ ਵਾਰਡ ਨੰ. 14 ਵਿੱਚ ਚੋਣ ਦਫਤਰ ਖੋਲ੍ਹ ਕੇ ਪ੍ਰੇਮ ਗਰਗ ਨੇ ਆਪਣਾ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ।
ਵਰਣਨਯੋਗ ਹੈ ਕਿ ਅਕਾਲੀ-ਭਾਜਪਾ ਗਠਜੋੜ ਵੱਲੋਂ ਉਪਰੋਕਤ ਚੋਣਾਂ ਸਾਂਝੇ ਰੂਪ ਵਿੱਚ ਲੜਨ ਦਾ ਫੈਸਲਾ ਕੀਤਾ ਗਿਆ ਸੀ ਕਿ ਭਾਜਪਾ 19 ਵਿੱਚੋਂ 10 ਅਤੇ ਅਕਾਲੀ ਦਲ 9 ਸੀਟਾਂ ’ਤੇ ਚੋਣ ਲੜੇਗਾ। ਪ੍ਰੰਤੂ ਵਾਰਡਾਂ ਦੀ ਵੰਡ ਵਿੱਚ ਉਮੀਦਵਾਰਾਂ ਦੀ ਦਾਅਵੇਦਾਰੀ ਦੇ ਕਾਰਨ ਸੀਟਾਂ ਦੀ ਵੰਡ ਦਾ ਫੈਸਲਾ ਬੁਰੀ ਤਰ੍ਹਾਂ ਗੜਬੜਾ ਚੁੱਕਿਆ ਹੈ। ਦੂਸਰੇ ਪਾਸੇ ਕਾਂਗਰਸ ਪਾਰਟੀ ਉਪਰੋਕਤ ਦੋਵੇਂ ਪਾਰਟੀਆਂ ਦੀ ਦਾਅਵੇਦਾਰੀ ਨੂੰ ਲੈ ਕੇ ਚਲ ਰਹੀ ਕੁੱਕੜ ਲੜਾਈ ਦਾ ਨਜ਼ਾਰਾ ਵੇਖ ਰਹੀ ਹੈ। ਕਾਂਗਰਸ ਪਾਰਟੀ ਨੇ ਭਾਵੇਂ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਹਨ ਪ੍ਰੰਤੂ ਉਨ੍ਹਾਂ ਵੱਲੋਂ ਸੀ.ਪੀ.ਆਈ. ਨਾਲ ਮਿਲ ਕੇ 19 ਵਾਰਡਾਂ ਵਿੱਚ ਚੋਣ ਲੜਨ ਦਾ ਫੈਸਲਾ ਕੀਤਾ ਜਾ ਚੁੱਕਾ ਹੈ। ਪ੍ਰੰਤੂ ਅਕਾਲੀ-ਭਾਜਪਾ ਦੀ ਟਿਕਟਾਂ ਦੀ ਦਾਅਵੇਦਾਰੀ ਕੁੱਕੜ ਲੜਾਈ ਦੇ ਫੈਸਲੇ ਤੋਂ ਬਾਅਦ ਹੀ ਆਪਣੇ ਪੱਤੇ ਖੋਲ੍ਹਣ ਦੀ ਤਾਕ ਵਿੱਚ ਹੈ।

WRITTEN BY