ਚੰਡੀਗੜ੍ਹ, 2 ਫਰਵਰੀ (ਪੀ. ਟੀ.)- ਨਵੇਂ ਫਾਰਮਾਸਿਸਟਾਂ ਨੂੰ ਨੌਕਰੀਆਂ ਦਿਵਾਉਣ ਲਈ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਨੇ ਇਕ ਵੱਡਾ ਤੇ ਅਹਿਮ ਉਪਰਾਲਾ ਕਰਦਿਆਂ ਪਲੇਸਮੈਂਟ ਸੈਲ ਦੀ ਸਥਾਪਨਾ ਕੀਤੀ ਹੈ। ਇਹ ਜਾਣਕਾਰੀ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ। ਸ੍ਰੀ ਜੋਸ਼ੀ ਨੇ ਕਿਹਾ ਕਿ ਸੂਬੇ ਦੀ ਫਾਰਮੇਸੀ ਕੌਸਲ ਵੱਲੋਂ ਵਿਦਿਆਰਥੀਆਂ ਦੇ ਲਾਭ ਲਈ ਇੱਕ ਪਲੇਸਮੈਂਟ ਸੈਲ ਦੀ ਸਥਾਪਨਾ ਕੀਤੀ ਗਈ ਹੈ ਜੋ ਕਿ 60 ਫੀਸਦੀ ਤੋਂ ਵੱਧ ਨੰਬਰ ਹਾਸਲ ਕਰਨ ਵਾਲੇ ਉੱਘੇ ਫਾਰਮਾਸਿਸਟਾਂ ਨੂੰ ਚੰਗੀਆਂ ਕੰਪਨੀਆਂ ਵਿੱਚ ਨੌਕਰੀ ਦਿਵਾਉਣ ਦਾ ਉਪਰਾਲਾ ਕਰੇਗਾ। ਵਿਭਾਗ ਵੱਲੋਂ ਇਸ ਸਬੰਧੀ ਹਸਪਤਾਲਾਂ ਅਤੇ ਮੈਡੀਕਲ ਸੰਸਥਾਨਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਦੀਆਂ ਕੋਸ਼ਿਸ਼ਾਂ ਸਦਕਾ ਪਿੱਛੇ ਜਿਹੇ ਹੀ ਫੋਰਟਿਸ ਹਸਪਤਾਲ ਵਿਖੇ ਕੁੱਝ ਪਲੇਸਮੈਂਟਾਂ ਕਰਵਾਈਆਂ ਗਈਆਂ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਚਾਹਵਾਨ
ਵਿਦਿਆਰਥੀਆਂ ਨੂੰ ਪਲੇਸਮੈਂਟ ਪ੍ਰੋਫਾਰਮਾ ਜੋ ਕਿ ਕੌਂਸਿਲ ਦੇ ਦਫਤਰ ਅਤੇ ਵੈਬਸਾਈਟ ਉਤੇ ੳਪਲਬਧ ਹੈ, ਭਰ ਕੇ ਭੇਜਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਨੇ ਕਿਹਾ ਕਿ ਫਾਰਮੇਸੀ ਕੌਸਲ ਵੱਲੋਂ ਇੱਕ ਤੰਦਰੁਸਤ ਅਤੇ ਖੇਡਦਾ ਪੰਜਾਬ ਮਿਸ਼ਨ ਦੇ ਤਹਿਤ ਸੂਬੇ ਦੇ ਨੌਜਵਾਨ ਤਬਕੇ ਨੂੰ ਹਰ ਤਰ੍ਹਾਂ ਦੇ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ ਅਤੇ ੳਨ੍ਹਾਂ ਨੂੰ ਖੇਡ ਅਤੇ ਯੋਗਾ ਵਿੱਚ ਆਪਣੇ-ਆਪ ਨੂੰ ਲਾ ਕੇ ਮਿਹਨਤ ਕਰਦਿਆਂ ਹੋਇਆਂ ਉਨਤ, ਬੁਲੰਦ ਅਤੇ ਖੁਸ਼ਹਾਲ ਪੰਜਾਬ ਬਣਾੁਣ ਦੇ ਨਿਰਮਾਣ ਦਾ ਸੁਪਨਾ ਸਾਕਾਰ ਕਰਨ ਦੀ ਅਪੀਲ ਕੀਤੀ ਗਈ ਹੈ।



