ਬੰਗਾ, ਨਵਾਂਸ਼ਹਿਰ, 31 ਜਨਵਰੀ (ਵਿਜੇ ਜਯੋਤੀ)- ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਦਿੱਤੇ ‘ਮੇਕ ਇੰਨ ਇੰਡੀਆ’ ਤੇ ‘ਡਿਜੀਟਲ ਇੰਡੀਆ’ ਦੇ ਸੁਫ਼ਨੇ ਦੀ ਪੂਰਤੀ ਸਾਡੀ ਭਵਿੱਖੀ ਪੀੜ੍ਹੀ ’ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ ਅਤੇ ਸਾਡੀ ਭਵਿੱਖੀ ਪੀੜ੍ਹੀ ਦਾ ਭਵਿੱਖ ਚੰਗੀ ਸਿੱਖਿਆ ’ਤੇ ਨਿਰਭਰ ਕਰਦਾ ਹੈ। ਇਹ ਪ੍ਰਗਟਾਵਾ ਰਾਜਪਾਲ ਹਰਿਆਣਾ ਤੇ ਪੰਜਾਬ ਅਤੇ ਪ੍ਰਸ਼ਾਸ਼ਕ (ਯੂ.ਟੀ.) ਚੰਡੀਗੜ੍ਹ ਪ੍ਰੋ. ਕਪਤਾਨ ਸਿੰਘ ਸੋਲੰਕੀ ਨੇ ਅੱਜ ਬੰਗਾ -ਫ਼ਗਵਾੜਾ ਰੋਡ ’ਤੇ ਪਿੰਡ ਮੱਲੂਪੋਤਾ ਵਿਖੇ ਸੰਸਕਾਰ ਇੰਟਰਨੈਸ਼ਨਲ ਸਕੂਲ ਦੇ ਉਦਘਾਟਨ ਬਾਅਦ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਹਰ ਪੱਖ ਤੋਂ ਆਤਮ ਨਿਰਭਰ ਬਣਾਉਣ ਵਿੱਚ ਚੰਗੀ ਤੇ ਮਿਆਰੀ ਸਿੱਖਿਆ
ਦਾ ਵੱਡਾ ਯੋਗਦਾਨ ਹੋਵੇਗਾ। ਉਨ੍ਹਾਂ ਆਖਿਆ ਕਿ ਦੇਸ਼ ਨੂ ਅਜਿਹੇ ਨਾਗਰਿਕਾਂ ਦੀ ਜ਼ਰੂਰਤ ਹੈ ਜੋ ਸੰਸਕਾਰੀ, ਗੁਣੀ, ਅਧਿਆਤਮਵਾਦੀ ਤੇ ਦੇਸ਼ ਪ੍ਰੇਮ ਨਾਲ ਭਰਪੂਰ ਹੋਣ। ਅਜਿਹੇ ਗੁਣ ਵਿਦਿਆਰਥੀਆਂ ਵਿੱਚ ਚੰਗੀ ਸਿੱਖਿਆ ਹਾਸਲ ਕਰਨ ਬਾਅਦ ਹੀ ਆ ਸਕਦੇ ਹਨ। ਉਨ੍ਹਾਂ ਆਖਿਆ ਕਿ ਡਿਜੀਟਲ ਅਧਿਆਪਕ ਸਹਾਇਕ ਪ੍ਰਣਾਲੀ ਅਤੇ ਸਾਡੇ ਅਮੀਰ ਸਭਿਆਚਾਰ ਨਾਲ ਭਰਪੂਰ ਉਪਰਾਲੇ ਸਦਕਾ, ਅਸੀਂ ਆਪਣੇ ਦੇਸ਼ ਵਿੱਚ ਹੀ ਬੇਤਹਰ ਮਾਨਵੀ ਸ੍ਰੋਤ ਦਾ ਵਿਕਾਸ ਕਰਕੇ, ਪੂਰੇ ਵਿਸ਼ਵ ਨੂੰ ਆਪਣਾ ਲੋਹਾ ਮੰਨਵਾ ਸਕਦੇ ਹਾਂ। ਉਨ੍ਹਾਂ ਆਖਿਆ ਕਿ ਜਿਵੇਂ ਦੇਸ਼ ਦੇ ਵਿਕਾਸ ਲਈ ਉਦਯੋਗ ਜ਼ਰੂਰੀ ਹਨ ਉਸੇ ਤਰ੍ਹਾਂ ਦੇਸ਼ ਦੀ ਸਰਵਪੱਖੀ ਤਰੱਕੀ ਲਈ ਯੋਗ ਵਿਅਕਤੀ ਵੀ ਲਾਜ਼ਮੀ ਹਨ। ਉਨ੍ਹਾਂ ਸਕੂਲ ਦੇ ਆਧੁਨਿਕ ਤੇ ਸਮਾਟ ਕਲਾਸ ਰੂਮਜ਼ ਦਾ ਹਵਾਲਾ ਦਿੰਦਿਆਂ ਆਖਿਆ ਕਿ ਪਹਿਲਾਂ ਦੇ ਭਾਰਤ ਵਿੱਚ ਅਜਿਹੇ ਡਿਜੀਟਲ ਤਕਨੀਕਾਂ ਨਾਲ ਲੈਸ ਸਕੂਲ ਨਹੀਂ ਸਨ ਪਰੰਤੂ ਨੈਤਿਕ ਕੀਮਤਾਂ ’ਤੇ ਅਧਾਰਿਤ ਸਿੱਖਿਆ ਅੱਜ ਵੀ ਪੁਰਾਣੇ ਦਿਨਾਂ ਦੀ ਯਾਦ ਕਰਵਾਉਂਦੀ ਹੈ। ਉਨ੍ਹਾਂ ਸਕੂਲ ਦੀ ਪ੍ਰਬੰਧਕ ਕਮੇਟੀ ਨੂੰ ਸਕੂਲ ਚਲਾਉਣ ’ਤੇ ਵਧਾਈ ਦਿੰਦਿਆਂ ਆਖਿਆ ਕਿ ਸਕੂਲ ਦੇ ਨਾਂ ਵਾਂਗ ਸੰਸਕਾਰੀ ਸਿੱਖਿਆ ਦਾ ਪ੍ਰਬੰਧ ਸਭ ਤੋਂ ਵੱਡਾ ਉਦਮ ਹੈ। ਸਕੂਲ ਵੱਲੋਂ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਯੂ.ਐਸ.ਏ., ਬੈਲਜੀਅਮ ਤੇ ਕੈਨੇਡਾ ਆਦਿ ਦੇ ਵਿਦਿਆਰਥੀਆਂ ਨੂੰ ਵੀ ਪੜ੍ਹਾਏ ਜਾਣ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਆਖਿਆ ਕਿ ਇਸ ਨਾਲ ਦੇਸ਼ ਦੇ ਸਕੂਲ ਵਿੱਚੋਂ ਪੜ੍ਹੇ ਵਿਦੇਸ਼ੀ ਵਿਦਿਆਰਥੀਆਂ ਵਿੱਚ ਵੀ ਭਾਰਤ ਦੀ ਅਮੀਰ ਸਭਿਅਤਾ ਤੋਂ ਜਾਣੂ ਹੋਣ ਦੀ ਇੱਛਾ ਵਧੇਗੀ। ਸਕੂਲ ਦੇ ਚੇਅਰਮੈਨ ਅਨੂਪ ਗਰਗ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਆਖਿਆ ਕਿ ਸਕੂਲ ਕਮੇਟੀ ਸੰਸਕਾਰਾਂ, ਨੈਤਿਕ ਕੀਮਤਾਂ ਤੇ ਹੋਰ ਮਾਨਵੀ ਗੁਣਾਂ ਨਾਲ ਭਰਪੂਰ ਵਿਦਿਆਰਥੀ ਤਿਆਰ ਕਰੇਗੀ। ਉਨ੍ਹਾਂ ਦੱਸਿਆ ਕਿ ਸਕੂਲ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਯੋਜਨਾ ਤੋਂ ਪ੍ਰਭਾਵਿਤ ਹੋ ਕੇ, ਹਰ ਸਾਲ ਸਕੂਲ ਵਿੱਚ ਪੰਜ ਬੱਚੀਆਂ ਨੂੰ ਮੁਫ਼ਤ ਵਿਦਿਆ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਸ. ਰਵਿੰਦਰ ਸਿੰਘ, ਐਸ.ਐਸ.ਪੀ. ਸ੍ਰੀਮਤੀ ਸਨਮੀਤ ਕੌਰ, ਐਸ.ਡੀ.ਐਮ. ਬੰਗਾ ਸੁਖਪ੍ਰੀਤ ਸਿੰਘ ਸਿੱਧੂ, ਐਸ.ਪੀ. (ਐਚ) ਗਗਨ ਅਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਦਿਨੇਸ਼ ਕੁਮਾਰ,ਡੀ.ਐਸ.ਪੀ. ਬੰਗਾ ਸਰਬਜੀਤ ਸਿੰਘ ਬਾਹੀਆ, ਸਕੂਲ ਦੀ ਪ੍ਰਿੰਸੀਪਲ ਲੈਫ਼. ਕਮਾਂਡਰ ਵਿਜੇ ਚੌਧਰੀ, ਪ੍ਰਬੰਧਕ ਕਮੇਟੀ ਦੀ ਉ¤ਪ ਚੇਅਰਪਰਸਨ ਰਿੰਕਲ ਗਰਗ ਤੇ ਬੀ.ਆਰ.ਐਸ. ਡੈਂਟਲ ਕਾਲਜ ਪੰਚਕੂਲਾ ਦੀ ਉ¤ਪ ਪ੍ਰਿਸੀਪਲ ਡਾ. ਕਮਲਪ੍ਰੀਤ ਛੀਨਾ, ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਭਾਰਦਵਾਜ ਤੇ ਬੰਗਾ ਮੰਡਲ ਦੇ ਪ੍ਰਧਾਨ ਡਾ. ਨਰੇਸ਼ ਰਾਵਲ ਵੀ ਮੌਜੂਦ ਸਨ।



