Skip to content
Independent perspectives. Global stories.
BREAKING

ਕੈਪਟਨ ‘ਲਲਕਾਰ ਰੈਲੀ’ ਵਿੱਚ ਵੱਡਾ ਇਕੱਠ ਕਰਨ ’ਚ ਕਾਮਯਾਬ

Share this story

ਕੇਂਦਰ ਸਮੁੱਚੇ ਦੇਸ਼ ’ਚ ਨਸ਼ਿਆਂ ਸਬੰਧੀ ਕੌਮੀ ਨੀਤੀ ਐਲਾਨੇ : ਕੈਪਟਨ

Page-3_10 ਅੰਮ੍ਰਿਤਸਰ, 24 ਜਨਵਰੀ (ਸੁਨੀਲ ਗੁਪਤਾ) – ਪੰਜਾਬ ਕਾਂਗਰਸ ’ਚ ਆਪਣੀ ਚੜ੍ਹਤ ਦਿਖਾਉਣ ਲਈ ਪਿਛਲੇ ਕੁੱਝ ਦਿਨਾਂ ਤੋਂ ਯਤਨਸ਼ੀਲ ਕੈਪਟਨ ਅਮਰਿੰਦਰ ਸਿੰਘ ਦੀ ਅੱਜ ਅੰਮ੍ਰਿਤਸਰ ‘ਚ ਹੋਈ ‘ਲਲਕਾਰ‘ ਰੈਲੀ ਦੌਰਾਨ ਸਮਰਥਕਾਂ ਦੇ ਜੁੜੇ ਵੱਡੇ ਇਕੱਠ ਨੇ ਕੈਪਟਨ ਦੇ ਦਾਅਵਿਆਂ ਦੀ ਪੁਸ਼ਟੀ ਕੀਤੀ ਹੈ। ਸੂਬੇ ਦੇ ਬਹੁ ਗਿਣਤੀ ਕਾਂਗਰਸੀ ਆਗੂਆਂ ਨਾਲ ਵੱਡੀ ਗਿਣਤੀ ‘ਚ ਪੁੱਜੇ ਵਰਕਰਾਂ ਨੂੰ ਵੇਖ ਕੇ ਗਦ-ਗਦ ਹੋਏ ਕੈਪਟਨ ਨੇ ਜਿੱਥੇ ਕੇਂਦਰ ਸਰਕਾਰ ਨੂੰ ਸਮੁੱਚੇ ਦੇਸ਼ ‘ਚ ਨਸ਼ਿਆਂ ਸਬੰਧੀ ਇਕਨੁਕਾਤੀ ਕੌਮੀ ਨੀਤੀ ਐਲਾਨਣ ਲਈ ਕਿਹਾ, ਓਥੇ ਅਗਾਮੀ ਪੰਜਾਬ ਸਰਕਾਰ ਆਪਣੀ ਸਰਪ੍ਰਸਤੀ ‘ਚ ਬਣਨ ਦੀ ਸੂਰਤ ‘ਚ ਪਹਿਲਾ ਕੰਮ ਨਸ਼ੀਲੇ ਕਾਰੋਬਾਰੀਆਂ ‘ਤੇ ਪ੍ਰਪੱਕ ਪਾਬੰਦੀ ਲਗਾਉਣ ਦਾ ਭਰੋਸਾ ਦਿੱਤਾ। ਸਥਾਨਕ ਰਣਜੀਤ ਐਵਿਨਿਊ ਵਿਖੇ ਲੱਗੇ

ਪੰਡਾਲ ਤੋਂ ਬਾਹਰ ਤੱਕ ਉੱਲਰੇ ਹਜ਼ਾਰਾਂ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਕਾਨੂੰਨ ਮੁਤਾਬਿਕ ਮੱਧ ਪ੍ਰਦੇਸ਼ ਦੇ ਖੇਤਾਂ ‘ਚ ਉੱਗਦੀ ਅਫ਼ੀਮ, ਭੁੱਕੀ ਦੀ ਵਿੱਕਰੀ ਰਾਜਸਥਾਨ ਦੇ ਠੇਕਿਆਂ ‘ਤੇ ਹੁੰਦੀ ਹੈ, ਜਦ ਕਿ ਗੈਰ ਕਾਨੂੰਨੀ ਢੰਗ ਨਾਲ ਇਸ ਦੀ ਵਰਤੋਂ ਪੰਜਾਬ ‘ਚ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ‘ਚ ਮੌਜੂਦਾ ਸੱਤਾਧਾਰੀ ਮਹਿਜ਼ ਨਿੱਜੀ ਸਵਾਰਥਾਂ ਲਈ ਭਾਈਵਾਲੀਆਂ ਪਾਲ ਰਹੇ ਹਨ।ਉਨ੍ਹਾਂ ਭਾਜਪਾ ‘ਤੇ ਦੋਗਲੀ ਸਿਆਸਤ ਖੇਡਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਆਮ ਨਸ਼ਿਆਂ ਦੇ ਨਾਲ-ਨਾਲ ਰਸਾਇਣਕ ਨਸ਼ਿਆਂ ਦੇ ਕਾਰੋਬਾਰ ‘ਚ ਅਕਾਲੀਆਂ ਦੀ ਭੂਮਿਕਾ ਸਪਸ਼ਟ ਹੋਣ ਦੇ ਬਾਵਜੂਦ ਭਾਜਪਾ ਨੇ ਦਿੱਲੀ ਚੋਣਾਂ ‘ਚ ਆਪਣੇ ਲਾਭ ਲਈ ਨਜ਼ਰਅੰਦਾਜ਼ ਕਰ ਦਿੱਤਾ ਹੈ। ਉੱਥੇ ਹੀ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਨੇ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਦੀ ਸਿਫ਼ਤ ਕਰਦਿਆਂ ਕਿਹਾ ਕਿ ਦਿੱਲੀ ਦੀ ਚੋਣ ਦਾ ਬਹਾਨਾ ਲਗਾ ਕੇ ਭੱਜਣ ਵਾਲੇ ਭਾਜਪਾ ਦੇ ਕੌਮੀ ਪ੍ਰਧਾਨ ਦੇ ਕੱਲ੍ਹ ਹੋਏ ਬਿਹਾਰ ਦੌਰੇ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਸਲੀਅਤ ਕੀ ਸੀ। ਉਨ੍ਹਾਂ ਕਿਹਾ ਕਿ ਨਸ਼ੇ ਦੇ ਨਾਂਅ ‘ਤੇ ਸਿਆਸਤ ਕਰਨ ਵਾਲੇ ਲੋਕਾਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਪੰਜਾਬ ਦੀ ਲੜਾਈ ਕੇਵਲ ਕੈਪਟਨ ਹੀ ਲੜ ਸਕਦੇ ਹਨ। ਉਨ੍ਹਾਂ ਬਸੰਤ ਪੰਚਮੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਰੁੱਤ ਬਦਲਣ ਨਾਲ ਅੱਜ ਦੀ ਰੈਲੀ ਨੇ ਰਾਜਨੀਤਿਕ ਤਬਦੀਲੀਆਂ ਦੇ ਵੀ ਸੰਕੇਤ ਦੇ ਦਿੱਤੇ ਹਨ।

WRITTEN BY