Skip to content
Independent perspectives. Global stories.
BREAKING

ਡਾ.ਚੀਮਾ ਵੱਲੋਂ ਪ੍ਰਾਇਮਰੀ ਪੱਧਰ ’ਤੇ ਖੇਡਾਂ ਵੱਲ ਵਿਸ਼ੇਸ਼ ਤਵੱਜੋਂ ਦੇਣ ’ਤੇ ਜ਼ੋਰ

Share this story

ਮੁਹਾਲੀ/ਚੰਡੀਗੜ੍ਹ, 9 ਜਨਵਰੀ (ਪੀ. ਟੀ.)- ਸੂਬੇ ਵਿੱਚ ਖੇਡਾਂ ਦਾ ਢੁੱਕਵਾਂ ਮਾਹੌਲ ਬਣਾਉਣ ਅਤੇ ਛੋਟੀ ਉਮਰ ਦੇ ਬੱਚਿਆਂ ਹੇਠਲੇ ਪੱਧਰ ’ਤੇ ਖੇਡਾਂ ਨਾਲ ਜੁੜਨ ਲਈ ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਤੇ ਮਿਡਲ ਸਕੂਲਾਂ ਦੇ ਵਿਦਿਆਰਥੀਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਹ ਗੱਲ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਇਥੇ ਸੂਬੇ ਦੇ ਸਮੂਹ ਸਹਾਇਕ ਸਿੱਖਿਆ ਅਧਿਕਾਰੀਆਂ (ਖੇਡਾਂ) ਨਾਲ ਮੀਟਿੰਗ ਕਰਦਿਆਂ ਕਹੀ।ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਕੂਲਾਂ ਵਿੱਚ ਅਕਾਦਮਿਕ ਸੁਧਾਰਾਂ ਦੇ ਨਾਲ ਖੇਡਾਂ ਅਤੇ ਸਹਿ ਵਿਦਿਅਕ ਗਤੀਵਿਧੀਆਂ ਦਾ ਹੇਠਲੇ ਪੱਧਰ ’ਤੇ ਜਾਇਜ਼ਾ ਲੈਣ ਲਈ ਸਿੱਖਿਆ ਮੰਤਰੀ ਵੱਲੋਂ ਵੱਖ-ਵੱਖ ਵਿੰਗਾਂ ਦੇ ਜ਼ਿਲਾ ਮੁਖੀਆਂ ਨਾਲ ਮੀਟਿੰਗਾਂ ਕਰਨ ਦੇ ਸਿਲਸਿਲੇ ਵਿੱਚ ਅੱਜ ਡਾ. ਚੀਮਾ ਨੇ ਸੂਬੇ ਦੇ ਹਰ ਜ਼ਿਲੇ ਵਿੱਚ ਸਿੱਖਿਆ ਵਿਭਾਗ ਦੀਆਂ ਖੇਡਾਂ ਦਾ ਕੰਮ ਦੇਖ ਰਹੇ ਏ.ਈ.ਓਜ਼ ਨਾਲ ਖੁੱਲ੍ਹ ਕੇ ਵਿਚਾਰਾਂ ਸਾਂਝੀਆਂ ਕੀਤੀਆਂ ਜਿਸ ਵਿੱਚ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਨੂੰ ਸਕੂਲਾਂ ਨਾਲ ਜੋੜਨ ਦਾ ਫੈਸਲਾ ਵੀ ਕੀਤਾ ਗਿਆ। ਮੀਟਿੰਗ ਵਿੱਚ ਸਾਬਕਾ ਹਾਕੀ ਓਲੰਪੀਅਨ ਅਤੇ ਵਿਧਾਇਕ ਸ. ਪਰਗਟ ਸਿੰਘ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਡਾ.ਚੀਮਾ ਨੇ ਕਿਹਾ ਕਿ ਸਿੱਖਿਆ ਵਿਭਾਗ ਖੇਡਾਂ ਨੂੰ ਵਿਸ਼ੇਸ਼ ਤਵੱਜੋਂ ਦਿੰਦਾ ਹੋਇਆ ਇਕ ਸਕੂਲੀ ਪੱਧਰ ’ਤੇ ਅਜਿਹੇ ਖਿਡਾਰੀ ਤਿਆਰੀ

ਕਰੇਗਾ ਜੋ ਅੱਗੇ ਜਾ ਕੇ ਦੇਸ਼ ਦੀ ਨੁਮਾਇੰਦਗੀ ਕਰਨਗੇ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਸੂਬੇ ਦੇ 2921 ਮਿਡਲ ਸਕੂਲਾਂ ਵਿੱਚ ਛੋਟੀ ਉਮਰ ਦੇ ਕਰੀਬ 1,46,000 ਬੱਚਿਆਂ ਨੂੰ ਖੇਡਾਂ ਨਾਲ ਜੁੜਿਆ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਜਨਰਲ ਫਿਟਨੈਸ ਦੀ ਟ੍ਰੇਨਿਗ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸੀਨੀਅਰ ਸੈਕੰਡਰੀ ਤੇ ਹਾਈ ਸਕੂਲਾਂ ਵਿੱਚ ਇਨ੍ਹਾਂ ਬੱਚਿਆਂ ਵਿੱਚੋਂ ਹੀ ਚੁਣੇ ਬੱਚਿਆਂ ਨੂੰ ਉਨ੍ਹਾਂ ਦੀ ਰੁਚੀ ਅਨੁਸਾਰ ਖੇਡ ਸ਼ੁਰੂ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸਿੱਖਿਆ ਵਿਭਾਗ ਦਾ ਖੇਡ ਵਿੰਗ ਅਹਿਮ ਰੋਲ ਨਿਭਾ ਸਕਦਾ ਹੈ ਜਿਸ ਲਈ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਲਾਉਣਾ ਜ਼ਰੂਰੀ ਹੈ ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰੀ ਸਕੂਲਾਂ ਦੇ ਡੀ.ਪੀ.ਈ. ਤੇ ਪੀ.ਟੀ.ਆਈ. ਦੀ ਹੈ।
        ਡਾ. ਚੀਮਾ ਨੇ ਸਾਰੇ ਏ.ਈ.ਓਜ਼ ਨੂੰ ਕਿਹਾ ਕਿ ਉਹ ਜ਼ਿਲਾ/ਤਹਿਸੀਲ ਪੱਧਰ ’ਤੇ ਖੇਡ ਸੈਂਟਰ ਚਲਾਉਣ ਲਈ ਸਾਬਕਾ ਓਲੰਪੀਅਨ ਤੇ ਕੌਮਾਂਤਰੀ ਖਿਡਾਰੀਆਂ ਨੂੰ ਆਪਣੇ ਨਾਲ ਜੋੜਨ। ਉਨ੍ਹਾਂ ਕਿਹਾ ਕਿ ਪ੍ਰਸਿੱਧ ਖਿਡਾਰੀਆਂ ਨੂੰ ਮਾਹਿਰਾਂ ਵਜੋਂ ਸਕੂਲਾਂ ਦੇ ਖੇਡ ਵਿੰਗਾਂ ਨਾਲ ਜੁੜਿਆ ਜਾਵੇ ਅਤੇ ਉਨ੍ਹਾਂ ਦੇ ਤਜ਼ਰਬੇ ਦਾ ਲਾਹਾ ਲਿਆ ਜਾਵੇ।

WRITTEN BY