ਪਸ਼ੂਧਨ ਚੈਂਪੀਅਨਸ਼ਿਪ ਪੰਜਾਬ ਦੇ ਨਾਲ-ਨਾਲ ਗੁਆਂਢੀ ਸੂਬਿਆਂ ਦੇ ਪਸ਼ੂ ਪਾਲਕਾਂ ਲਈ ਵੀ ਵਰਦਾਨ : ਰੋਜ਼ੀ ਬਰਕੰਦੀ
ਸ੍ਰੀ ਮੁਕਤਸਰ ਸਾਹਿਬ, 9 ਜਨਵਰੀ (ਸੋਨੂੰ ਖੇੜਾ)- ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਚੱਲ ਰਹੇ ਕੌਮੀ ਪਸ਼ੂਧਨ ਚੈਂਪੀਅਨਸ਼ਿਪ ਅਤੇ ਲਾਈਵ ਸਟੌਕ ਐਕਸਪੋ ਦੇ ਦੁਜੇ ਦਿਨ ਦੇ ਸਮਾਗਮਾਂ ਵਿਚ ਪੰਜਾਬ ਦੇ ਪੇਡੂ ਵਿਕਾਸ ਵਿਭਾਗ ਦੇ ਮੁੱਖ ਪਾਰਲੀਮਾਨੀ ਸਕੱਤਰ ਸ: ਮਨਤਾਰ ਸਿੰਘ ਬਰਾੜ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ ਜਦ ਕਿ ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਅਕਾਲੀ ਦਲ ਦੇ ਮਾਲਵਾ ਜੋਨ ਦੇ ਪ੍ਰਧਾਨ ਸ: ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਕੀਤੀ। ਇਸ ਮੌਕੇ ਪਸ਼ੂ ਪਾਲਕਾਂ ਦੇ ਵੱਡੇ ਇੱਕਠ ਨੂੰ ਸੰਬੋਧਨ ਕਰਦਿਆਂ ਮੁੱਖ ਪਾਰਲੀਮਾਨੀ ਸਕੱਤਰ ਸ: ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਪਸ਼ੂ ਪਾਲਕ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਦਾ ਫਾਇਦਾ ਲੈਣ। ਉਨ੍ਹਾਂ ਕਿਹਾ ਕਿ ਖੇਤੀ ਦੇ
ਨਾਲ ਨਾਲ ਸਹਾਇਕ ਧੰਦਿਆਂ ਜਿਵੇਂ ਮੱਛੀ ਪਾਲਣ, ਡੇਅਰੀ, ਸੂਅਰ ਪਾਲਣ, ਬਕਰੀ ਪਾਲਣ, ਪੋਲਟਰੀ ਆਦਿ ਨੂੰ ਅਪਨਾ ਕੇ ਕਿਸਾਨ ਜਿੱਥੇ ਆਪਣੀ ਆਰਥਿਕਤਾ ਨੂੰ ਸੁਧਾਰ ਸਕਦੇ ਹਨ ਉੱਥੇ ਹੀ ਪੰਜਾਬ ਨੂੰ ਵੀ ਇਸ ਦਾ ਵੱਡਾ ਵਿੱਤੀ ਲਾਭ ਪੁੱਜੇਗਾ। ਉਨ੍ਹਾਂ ਨੇ ਇਸ ਮੌਕੇ ਕਿਸਾਨਾਂ ਨੂੰ ਵਪਾਰਕ ਡੇਅਰੀ ਯੂਨਿਟ ਸਥਾਪਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਤੇ ਪ੍ਰਫੁੱਲਤ ਕਰਨ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਅਤੇ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਮਾਲਵਾ ਜੋਨ ਦੇ ਪ੍ਰਧਾਨ ਸ: ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਕਿਹਾ ਕਿ ਸਰਕਾਰ ਵੱਲੋਂ ਸੂਬੇ ਵਿਚ ਪਸ਼ੂਧਨ ਨੂੰ ਉਤਸਾਹਿਤ ਕਰਨ ਤੇ ਵਿਸੇਸ਼ ਜੋਰ ਦਿੰਦਿਆਂ ਪਸ਼ੂ ਧਨ ਚੈਂਪੀਅਨਸ਼ਿਪ ਸ਼ੁਰੂ ਕੀਤੀ ਗਈ ਹੈ।
ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ., ਐਸ.ਐਸ.ਪੀ. ਸ੍ਰੀ ਕੁਲਦੀਪ ਸਿੰਘ ਚਾਹਲ, ਏ.ਡੀ.ਸੀ. ਕੈਪਟਨ ਕਰਨੈਲ ਸਿੰਘ, ਡਾਇਰੈਕਟਰ ਪਸ਼ੂ ਪਾਲਣ ਡਾ: ਐਚ.ਐਸ. ਸੰਧਾ, ਜੁਆਇੰਟ ਡਾਇਰੈਕਟਰ ਸ: ਅਮਰਜੀਤ ਸਿੰਘ, ਡਾ: ਵਿਨੈ ਮੋਹਨ ਜੁਆਇੰਟ ਡਾਇਰੈਕਟਰ, ਡਾ: ਪਰਮਿੰਦਰ ਸਿੰਘ ਡਿਪਟੀ ਡਾਇਰੈਕਟਰ ਫਰੀਦਕੋਟ, ਡਿਪਟੀ ਡਾਇਰੈਕਟਰ ਡਾ: ਕੁਲਵੰਤ ਸਿੰਘ, ਡਾ: ਜਸਪਾਲ ਸਿੰਘ ਡਿਪਟੀ ਡਾਇਰੈਕਟਰ ਪੋਲਟਰੀ, ਡਾ: ਅਰਵਿੰਦ ਸ਼ਰਮਾ ਡਿਪਟੀ ਡਾਇਰੈਕਟਰ, ਡਾ: ਮੁਖਵਿੰਦਰ ਸਿੰਘ ਡਿਪਟੀ ਡਾਇਰੈਕਟਰ ਪਟਿਆਲਾ, ਡਾ: ਐਨ.ਪੀ. ਥੰਮਣ ਸਹਾਇਕ ਡਾਇਰੈਕਟਰ, ਸ: ਪੱਪੀ ਥਾਂਦੇਵਾਲਾ, ਮਨਪ੍ਰੀਤ ਸਿੰਘ, ਪਰਮਵੀਰ ਸਿੰਘ, ਕਾਕੂ ਸ਼ੀਰਵਾਲੀ, ਰਾਜਦੀਪ ਗੁਪਤਾ ਆਦਿ ਵੀ ਹਾਜਰ ਸਨ।



