1250 ਕੰਡਕਟਰ, 1250 ਡਰਾਇਵਰ ਤੇ 200 ਵਰਕਸ਼ਾਪ ਮੁਲਾਜ਼ਮ ਭਰਤੀ ਹੋਣਗੇ
ਰੂਪਨਗਰ/ਸ੍ਰੀ ਅਨੰਦਪੁਰ ਸਾਹਿਬ, 8 ਜਨਵਰੀ-ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੇ ਫਲੀਟ ਵਿਚ ਜਲਦੀ ਹੀ 300 ਨਵੀਆਂ 51 ਸੀਟਰ ਬੱਸਾਂ ਸ਼ਾਮਿਲ ਕੀਤੀਆਂ ਜਾ ਰਹੀਆਂ ਹਨ ਅਤੇ 2700 ਨਵੇਂ ਮੁਲਾਜ਼ਮਾਂ ਦੀ ਭਰਤੀ ਵੀ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਸ਼੍ਰੀ ਅਜੀਤ ਸਿੰਘ ਕੋਹਾੜ ਟਰਾਂਸਪੋਰਟ ਮੰਤਰੀ ਪੰਜਾਬ ਨੇ ਅੱਜ ਇਥੇ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਰੂਪਨਗਰ ਦੀ ਪਹਿਲੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨਾਂ ਦੱਸਿਆ ਕਿ ਇੰਨਾਂ 2700 ਮੁਲਾਜਮਾਂ ਵਿਚੋਂ 1250 ਕੰਡਕਟਰ, 1250 ਡਰਾਇਵਰ ਅਤੇ 200 ਵਰਕਸ਼ਾਪ ਮੁਲਾਜਮ ਸ਼ਾਮਿਲ ਹਨ। ਉਨਾਂ ਦੱਸਿਆ ਕਿ ਰੂਪਨਗਰ ਵਿਖੇ ਬਣਨ ਵਾਲੇ ਬਸ ਅੱਡੇ ਦੀ ਹੋਰ ਸਾਰੀ ਕਾਰਵਾਈ ਮੁਕੰਮਲ ਹੋ ਚੁੱਕੀ ਹੈ ਅਤੇ ਜਲਦੀ ਹੀ ਪੀ.ਆਈ.ਡੀ.ਬੀ. ਵਲੋਂ ਇਸ ਦੇ ਟੈਂਡਰ ਲਗਾਏ ਜਾਣਗੇ।ਉਨ੍ਹਾ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦਾ ਬਹੁਤ ਪੁਰਾਣਾ ਰਿਸ਼ਤਾ ਹੈ । ਇਹ ਹਿੰਦੂ ਸਿੱਖ ਏਕਤਾ , ਦੇਸ਼ ਵਿਚ ਅਮਨ, ਸ਼ਾਂਤੀ ਅਤੇ ਸਾਂਝੀਵਾਲਤਾ ਦਾ
ਪ੍ਰਤੀਕ ਹੈ। ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਦੌਰਾਨ ਦੋਵੇਂ ਪਾਰਟੀਆਂ ਮਿਲ ਕੇ ਚੋਣ ਲੜਨਗੀਆਂ। ਉਨਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਕੋਈ ਕਿਸੇ ਕਿਸਮ ਦਾ ਨਸ਼ਾ ਨਾ ਤਾਂ ਪੈਦਾ ਕੀਤਾ ਜਾਂਦਾ ਹੈ ਅਤੇ ਨਾ ਹੀ ਕੋਈ ਨਸ਼ਾ ਬਣਦਾ ਹੈ। ਉਨਾਂ ਕਿਹਾ ਕਿ ਪੰਜਾਬ ਪੁਲਿਸ ਨੇ ਹੀ ਦੂਜੇ ਰਾਜਾਂ ਦੀ ਪੁਲਿਸ ਤੋਂ ਜਿਆਦਾ ਨਸ਼ੇ ਫੜੇ ਹਨ। ਸ਼੍ਰੋਮਣੀ ਅਕਾਲੀ ਦਲ ਵਲੋਂ ਪਿਛਲੇ ਦਿਨੀਂ ਦਿਤੇ ਗਏ ਧਰਨਿਆਂ ਦੇ ਸਬੰਧ ਵਿਚ ਦੱਸਦਿਆਂ ਉਨਾਂ ਕਿਹਾ ਕਿ ਇਹ ਧਰਨੇ ਬੀ.ਐਸ.ਐਫ. ਦੇ ਖਿਲਾਫ ਨਹੀਂ ਸਨ। ਉਨਾਂ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਵਲੋਂ ਦਿਤਾ ਗਿਆ ਬਿਆਨ ਕਿ ਪੰਜਾਬ ਦੇ 70 ਫੀਸਦੀ ਲੋਕ ਨਸ਼ਿਆਂ ਦੇ ਆਦੀ ਹਨ, ਬਿਲਕੁਲ ਗਲਤ ਹੈ। ਉਨਾਂ ਦੱਸਿਆ ਕਿ ਟਰਾਂਸਪੋਰਟ ਵਿਭਾਗ ਵਿਚ ਸੁਧਾਰ ਲਿਆਉਣ ਲਈ ਇਸ ਵਿਭਾਗ ਦਾ ਕੰਮ ਆਨਲਾਈਨ ਕੀਤਾ ਜਾ ਰਿਹਾ ਹੈ ਜੋ ਕਿ ਲਗਭੱਗ 90 ਫੀਸਦੀ ਮੁਕੰਮਲ ਹੋ ਗਿਆ ਹੈ। ਅਜਿਹਾ ਕਰਨ ਨਾਲ ਵਿਭਾਗ ਦੇ ਕੰਮ ਵਿਚ ਪਾਰਦਰਸ਼ਤਾ ਆਵੇਗੀ ਅਤੇ ਲੋਕਾਂ ਦੇ ਕੰਮ ਸਮਾਂਬੱਧ ਤਰੀਕੇ ਨਾਲ ਹੱਲ ਹੋਣਗੇ।ਉਨ੍ਹਾਂ ਇਹ ਵੀ ਦੱਸਿਆ ਕਿ ਟਰੈਕਟਰਾਂ ਦੇ ਕਮਰਸ਼ੀਅਲ ਇਸਤੇਮਾਲ ਤੇ ਸਖਤੀ ਨਾਲ ਠੱਲ ਪਾਈ ਜਾਵੇਗੀ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਤਨੂ ਕਸ਼ਯਪ ਡਿਪਟੀ ਕਮਿਸ਼ਨਰ,ਸ਼੍ਰੀ ਅਮਰਜੀਤ ਸਿੰਘ ਮੋਕਵਾਲ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਸ਼੍ਰੀ ਜਗਤਾਰ ਸਿੰਘ ਭੈਣੀ, ਸ੍ਰੀਮਤੀ ਜਗਮੀਤ ਕੌਰ ਸੰਧੂ, ਸ਼੍ਰੀ ਮੋਹਨ ਸਿੰਘ ਧਮਾਣਾ , (ਸਾਰੇ ਗੈਰ ਸਰਕਾਰੀ ਮੈਂਬਰ) ਅਤੇ ਸ਼੍ਰੀ ਉਦੇਦੀਪ ਸਿੰਘ ਸਿੱਧੂ ਜ਼ਿਲ੍ਹਾ ਟਰਾਂਸਪੋਰਟ ਅਫਸਰ, ਸ਼੍ਰੀ ਪਵਨ ਸਿੰਗਲਾ ਹਾਜ਼ਰ ਸਨ।



