ਚੰਡੀਗੜ੍ਹ, 6 ਜਨਵਰੀ (ਪੀ. ਟੀ.)- ਪੰਜਾਬ ਸਰਕਾਰ ਨੇ ਖੁੱਲ੍ਹੀ ਸਿਗਰੇਟ ਅਤੇ ਹੋਰ ਖੁੱਲ੍ਹੇ ਤੰਬਾਕੂ ਪਦਾਰਥਾਂ ਦੀ ਵਿਕਰੀ ’ਤੇ ਮੁਕੰਮਲ ਪਾਬੰਦੀ ਦੇ ਆਦੇਸ਼ ਜਾਰੀ ਕੀਤੇ ਹਨ। ਸਰਕਾਰ ਨੇ ਇਹ ਆਦੇਸ਼ ਤੰਬਾਕੂ ਐਕਟ 2003 ਅਧੀਨ ਜਾਰੀ ਕੀਤੇ ਹਨ। ਬੁਲਾਰੇ ਨੇ ਕਿਹਾ ਕਿ ਇਨ੍ਹਾਂ ਪਦਾਰਥਾਂ ’ਤੇ ਪਹਿਲਾਂ ਹੀ ਸਿਹਤ ਸਬੰਧੀ ਚਿਤਾਵਨੀ ਵੀ ਨਹੀਂ ਲਿਖੀ ਹੁੰਦੀ ਸੀ ਜਿਹੜੀ ਕਿ ਕੋਟਪਾ ਅਧੀਨ ਜ਼ਰੂਰੀ ਸੀ। ਪੰਜਾਬ ਸਰਕਾਰ ਦੇ ਬੁਲਾਰੇ ਨੇ ਪ੍ਰੈਸ ਬਿਆਨ ਰਾਹੀਂ ਇਸ ਸਬੰਧੀ ਜਾਰੀ ਕੀਤੇ ਆਦੇਸ਼ਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਸਰਕਾਰੀ ਆਦੇਸ਼ਾਂ ਨੂੰ ਹੇਠਲੇ ਪੱਧਰ ’ਤੇ ਪੂਰੀ ਤਰ੍ਹਾਂ ਲਾਗੂ ਕਰਨਾ ਯਕੀਨੀ ਬਣਾਉਣਗੇ। ਉਨ੍ਹਾਂ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਜ਼ਿਲਾ ਪ੍ਰਸ਼ਾਸਨ ਖਾਸ ਤੌਰ ’ਤੇ ਸਿੱਖਿਆ ਸੰਸਥਾਵਾਂ ਕਾਲਜਾਂ, ਸਕੂਲਾਂ, ਕੋਚਿੰਗ ਸੰਸਥਾਵਾਂ, ਫੈਕਟਰੀਆਂ, ਦਫਤਰਾਂ ਆਦਿ ਨੇੜੇ ਨਿਰੰਤਰ ਨਿਗਰਾਨੀ ਰੱਖ ਕੇ ਇਹ ਯਕੀਨੀ ਬਣਾਉਣਗੇ ਕਿ ਕਿਧਰੇ ਕੋਈ ਵੀ ਸਿਗਰੇਟ ਜਾਂ ਹੋਰ
ਤੰਬਾਕੂ ਪਦਾਰਥਾਂ ਦੀ ਵਿਕਰੀ ਤਾਂ ਨਹੀਂ ਹੋ ਰਹੀ। ਇਨ੍ਹਾਂ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਈ-ਸਿਗਰੇਟ ਦੇ ਰੂਪ ਵਿੱਚ ਕੈਮੀਕਲ ਵਿੱਚ ਨਿਕੋਟੀਨ ਤੇ ਪਹਿਲਾਂ ਹੀ ਪਾਬੰਦੀ ਲਗਾਈ ਗਈ ਹੈ। ਬੁਲਾਰੇ ਨੇ ਕਿਹਾ ਕਿ ਇਨ੍ਹਾਂ ਆਦੇਸ਼ਾਂ ਦੀ ਸਖਤੀ ਨਾਲ ਪਾਲਣਾ ਲਈ ਵਿਸ਼ੇਸ਼ ਤੌਰ ’ਤੇ ਜ਼ਿਲਾ ਪੱਧਰੀ ਟਾਸਕ ਫੋਰਸਾਂ ਦਾ ਗਠਨ ਕੀਤਾ ਜਾਵੇਗਾ ਜੋ ਜ਼ਿਲੇ ਵਿੱਚ ਨਿਰੰਤਰ ਛਾਪੇਮਾਰੀ ਕਰ ਕੇ ਆਦੇਸ਼ਾਂ ਨੂੰ ਲਾਗੂ ਕਰਵਾਉਣਾ ਯਕੀਨੀ ਬਣਾਉਣਗੀਆਂ। ਇਹ ਟੀਮਾਂ ਮਹੀਨਾਵਾਰ ਰਿਪੋਰਟ ਬਣਾ ਕੇ ਸਟੇਟ ਕੰਟਰੋਲ ਸੈਲ ਨੂੰ ਭੇਜਣਗੀਆਂ ਅਤੇ ਦੋਸ਼ੀਆਂ ਨੂੰ ਚਲਾਨ ਜਾਰੀ ਕਰਨਗੀਆਂ।



