ਜਲੰਧਰ, 6 ਜਨਵਰੀ- ਅੱਜ ਸਵੇਰੇ ਜੀ ਟੀ ਰੋਡ ਉੱਤੇ ਫਗਵਾੜਾ ਤੋਂ ਜਲੰਧਰ ਆਉਂਦੇ ਵੇਲੇ ਮੇਰਾ ਸ਼ਰੀਰ ਅਚਾਨਕ ਕੰਨਾਂ ਵਿੱਚ ਪਈ ਜੋਰਦਾਰ ਆਵਾਜ਼ ਨਾਲ ਬੁਰੀ ਤਰ੍ਹਾਂ ਕੰਬ ਗਿਆ।ਮੇਰੇ ਪਿੱਛੇ ਆ ਰਹੀ ਸੱਤਾਧਾਰੀ ਦਲ ਦੇ ਕਿਸੇ ਨੇਤਾ ਦੀ ਮੈਰੂਨ ਕਲਰ ਦੀ ਏ.ਸੀ. ਮਰਸੀਡੀਜ਼ ਬਸ ਦੇ ਡਰਾਈਵਰ ਨੇ ਪਰੈਸ਼ਰ ਹਾਰਨ ਦੇ ਸੁੱਚ ਤੇ ਬਿਨਾਂ ਰੁਕੇ ਦਬਾਅ ਪਾਇਆ ਹੋਇਆ ਸੀ, ਜਿਸ ਕਾਰਨ ਬਸ ਦਾ ਪਰੈਸ਼ਰ ਹਾਰਨ ਬਿਨਾਂ ਰੁਕੇ ਕੰਨ ਪਾੜ ਰਿਹਾ ਸੀ।ਮੈਂ ਔਖਾ- ਸੌਖਾ ਹੋ ਕੇ ਜਦ ਤੱਕ ਉਸ ਪਿਉ ਦੇ ਪੁੱਤਰ ਨੂੰ ਸਾਈਡ ਨਹੀਂ ਦਿੱਤੀ ਤਦ ਤੱਕ ਉਸਨੇ ਪਰੈਸ਼ਰ ਹਾਰਨ ਦੀ ਆਵਾਜ਼ ਬੰਦ ਨਹੀਂ ਕੀਤੀ?ਇਸ ਬਸ ਦੇ ਪਿੱਛੇ – ਪਿੱਛੇ ਮੈਂ ਜਲੰਧਰ ਬੱਸ ਅੱਡੇ ਦੇ ਮੋੜ ਤਕ ਆਇਆ ? ਇਹ ਬਸ ਰਾਮਾਮੰਡੀ ਚੌਕ, ਪੀ ਏ ਪੀ ਚੌਕ ਅਤੇ ਬੀ ਐਸ ਐਫ ਚੌਕ ਤੋਂ ਹੋ ਕੇ ਲਗਾਤਾਰ ਪਰੈਸ਼ਰ ਹਾਰਨ ਬਜਾਉਂਦੀ ਹੋਈ ਤੇਜ ਰਫਤਾਰ ਨਾਲ ਲੰਘੀ ਪਰ ਪੁਲਸ ਮੁਲਾਜ਼ਮਾਂ ਨੇ ਇਸਨੂੰ ਰੋਕਣ ਦੀ ਕੋਈ ਲੋੜ ਮਹਿਸੂਸ ਨਹੀਂ ਕੀਤੀ, ਜਦਕਿ ਇਹਨਾਂ ਚੌਕਾਂ ਵਿੱਚ ਟ੍ਰੈਫਿਕ ਪੁਲਸ ਦਾ ਸਵੇਰ ਤੋਂ ਸ਼ਾਮ ਤੱਕ ਪੱਕਾ ਨਾਕਾ ਹੈ?ਬਸ ਚਾਲਕ ਪਰੈਸ਼ਰ ਹਾਰਨ ਦੀ ਵਰਤੋਂ ਇੱਕ ਹਥਿਆਰ ਦੀ ਤਰ੍ਹਾਂ ਛੋਟੀਆਂ ਗੱਡੀਆਂ ਵਾਲਿਆਂ ਨੂੰ ਡਰਾ ਕੇ ਜਬਰਦਸਤੀ ਜਗ੍ਹਾ ਬਣਾ ਕੇ ਅੱਗੇ ਨਿਕਲਣ ਲਈ ਕਰਦੇ ਹਨ। ਆਮ ਜਨਤਾ ਅਤੇ ਭਾਰ ਢੋਣ ਵਾਲੀਆਂ ਗੱਡੀਆਂ ਦੇ
ਚਾਲਾਨ ਕੱਟਣ ਵਿੱਚ ਮਸ਼ਗੂਲ ਪੁਲਸ ਮੁਲਾਜ਼ਮ ਇਹਨਾਂ ਇਨਸਾਨੀਅਤ ਦੇ ਵੱਡੇ ਗੁਨਾਹਗਾਰਾਂ ਵਲ ਤਕਦੇ ਤਕ ਨਹੀਂ? ਅਸੀਂ ਨਿਤ ਖਬਰਾਂ ਪੜ੍ਹਦੇ – ਸੁਣਦੇ ਹਾਂ ਕਿ ਪਰੈਸ਼ਰ ਹਾਰਨ ਤੋਂ ਡਰ ਕੇ ਬੇਕਾਬੂ ਹੋਏ ਸਕੂਟਰ ਤੋਂ ਡਿੱਗ ਕੇ ਫਲਾਂ ਜਗ੍ਹਾ ਬਜ਼ੁਰਗ ਦੀ ਮੌਤ, ਐਕਟੀਵਾ ਤੋਂ ਡਿੱਗ ਕੇ ਮਾਂ ਦੀ ਮੌਤ ਤੇ ਬੱਚਾ ਗੰਭੀਰ ਜਖਮੀ, ਦੋ ਨੌਜਵਾਨਾਂ ਦੀਆਂ ਮੋਟਰਸਾਈਕਲ ਤੋਂ ਡਿੱਗ ਕੇ ਲੱਤਾਂ – ਬਾਹਾਂ ਟੁੱਟੀਆਂ ਤੇ ਹੋਰ ਅਣਗਿਣਤ ਦਰਦਨਾਕ ਹਾਦਸੇ ਰੋਜਾਨਾ ਇਸ ਪਰੈਸ਼ਰ ਹਾਰਨ ਰੂਪੀ ਯਮਦੂਤ ਕਰਕੇ ਹੋ ਰਹੇ ਹਨ, ਪਰ ਰਾਜਨੀਤਕ ਡਰ ਅਤੇ ਮੂੰਹਮੁਲਾਜੇ ਕਰਕੇ ਪੁਲਸ – ਪ੍ਰਸ਼ਾਸਨ ਇਸ ਸਮੱਸਿਆ ਵੱਲ ਬਿਲਕੁਲ ਧਿਆਨ ਨਹੀਂ ਦੇ ਰਿਹਾ ?ਹਰ ਰੋਜ਼ ਸੜਕਾਂ ਤੇ ਆਪਾਂ ਬਸਾਂ, ਟਰੱਕਾਂ ਅਤੇ ਹੋਰ ਗੱਡੀਆਂ (ਖਾਸਕਰ ਬਸਾਂ) ਨੂੰ ਪਰੈਸ਼ਰ ਹਾਰਨ ਬਜਾਉਂਦੇ ਸੁਣਦੇ ਹਾਂ, ਪਰ ਇੱਕ ਦੋ ਦਿਨ ਦਿਖਾਵੇ ਦੀ ਕਾਰਵਾਈ ਕਰਕੇ ਪੁਲਸ ਆਪਣੀ ਜਿੰਮੇਵਾਰੀ ਤੋਂ ਪੱਲਾ ਝਾੜ ਲੈਂਦੀ ਹੈ?ਹਰ ਰੋਜ਼ ਸਰਕਾਰੀ – ਗੈਰਸਰਕਾਰੀ ਸੰਸਥਾਵਾਂ, ਕਮੇਟੀਆਂ , ਸਮਾਜ ਸੇਵੀ ਲੋਕ ਅਤੇ ਸਕੂਲਾਂ – ਕਾਲਜਾਂ ਦੇ ਵਿਦਿਆਰਥੀ – ਅਧਿਆਪਕ ਆਦਿ ਸੜਕਾਂ ਤੇ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਅਤੇ ਪਰੈਸ਼ਰ ਹਾਰਨ ਬਾਰੇ ਜਾਗਰੂਕ ਕਰਦੇ ਹਨ, ਪਰ ਜਦ ਤੱਕ ਸਾਰੀਆਂ ਗੱਡੀਆਂ (ਕਾਰਾਂ ਬਸ ਟਰੱਕ) ਦੇ ਡਰਾਈਵਰ ਇਸ ਭਿਆਨਕ ਸਮੱਸਿਆ ਦੇ ਨੁਕਸਾਨ ਨੂੰ ਸਮਝ ਕੇ ਉਸ ਤੇ ਅਮਲ ਨਹੀਂ ਕਰਦੇ ਤਦ ਤੱਕ ਕੋਈ ਵੀ ਇਸ ਸਮੱਸਿਆ ਨੂੰ ਪੂਰੀ ਤਰ੍ਹਾਂ ਨਹੀਂ ਰੋਕ ਸਕਦਾ।ਮੰਨਿਆ ਕਿ ਜਿਆਦਾਤਰ ਬਸਾਂ ਰਾਜਨੀਤਿਕ ਨੇਤਾਵਾਂ ਦੀਆਂ ਹਨ ,ਪਰ ਇਹਨਾਂ ਨੂੰ ਚਲਾਉਣ ਵਾਲੇ ਤਾਂ ਆਮ ਲੋਕ ਹੀ ਹਨ?ਉਹ ਵੀ ਕਦੇ- ਕਦਾਈਂ ਸਕੂਟਰ- ਕਾਰ ਉੱਤੇ ਪਰਿਵਾਰ ਜਾਂ ਸਾਥੀਆਂ ਨਾਲ ਸਫਰ ਕਰਦੇ ਹੋਏ ਬਾਕੀ ਭਰਾਵਾਂ ਦੁਆਰਾ ਵਜਾਏ ਜਾਂਦੇ ਪਰੈਸ਼ਰ ਹਾਰਨਾਂ ਤੋਂ ਪਰੇਸ਼ਾਨ ਹੁੰਦੇ ਹੋਣੇ ਨੇ।ਰੱਬ ਨਾ ਕਰੇ ਜੇਕਰ ਇਹਨਾਂ ਡਰਾਈਵਰਾਂ ਜਾਂ ਉਹਨਾਂ ਦੇ ਸਜਣਾਂ ਨਾਲ ਇਸ ਕਰਕੇ ਕੋਈ ਹਾਦਸਾ ਵਾਪਰ ਜਾਵੇ ਫਿਰ ਜਦੋਂ ਤੱਕ ਅਸੀਂ ਦੂਜਿਆਂ ਦੀ ਪਰੇਸ਼ਾਨੀ ਦਿਲੋਂ ਨਹੀਂ ਸਮਝਦੇ ਉਦੋਂ ਤੱਕ ਇਸ ਸਮੱਸਿਆ ਨੂੰ ਰੋਕਣ ਲਈ ਕੋਈ ਕਦਮ ਨਹੀਂ ਚੁੱਕ ਸਕਦੇ?ਆਉ ਆਪਾਂ ਪੁਲਸ – ਪ੍ਰਸ਼ਾਸਨ ਵੱਲ ਦੇਖਣ ਦੀ ਬਜਾਏ ਸਾਰੇ ਰਲਕੇ ਇਸ ਗੰਭੀਰ ਸਮੱਸਿਆ ਦੇ ਹਲ ਲਈ ਮਿਲਕੇ ਇੱਕ ਦੂਸਰੇ ਦੀ ਮਦਦ ਕਰੀਏ, ਜਾਣੇ – ਅਣਜਾਣੇ ਇਹ ਅਪਰਾਧ ਕਰ ਰਹੇ ਲੋਕਾਂ ਨੂੰ ਇਸ ਸਮੱਸਿਆ ਬਾਰੇ ਜਾਗਰੂਕ ਕਰਕੇ ਨਿਤ ਅਪਾਹਜ ਹੋ ਰਹੇ ਅਤੇ ਕੀਮਤੀ ਜਾਨਾਂ ਗੁਆ ਰਹੇ ਇਨਸਾਨਾਂ ਦੀ ਮਦਦ ਕਰੀਏ, ਕਿਉਂਕਿ ਭੁਗਤ ਆਪਾਂ ਰਹੇ ਹਾਂ ਤੇ ਹਲ ਵੀ ਆਪਾਂ ਹੀ ਕਢਣਾ ਹੈ।



