ਚੰਡੀਗੜ੍ਹ, 6 ਜਨਵਰੀ (ਪੀ. ਟੀ.)- ਉੱਤਰੀ ਖਿੱਤੇ ਖਾਸ ਕਰ ਪੰਜਾਬ ਵਿੱਚ ਆਰਥਿਕ ਸਰਗਰਮੀਆਂ ਨੂੰ ਵੱਡਾ ਹੁਲਾਰਾ ਦੇਣ ਲਈ ਕੇਂਦਰੀ ਰੇਲਵੇ ਮੰਤਰੀ ਸ੍ਰੀ ਸੁਰੇਸ਼ ਪ੍ਰਭੂ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਲੁਧਿਆਣਾ ਜ਼ਿਲ੍ਹੇ ਦੇ ਕਿਲਾ ਰਾਏਪੁਰ ਵਿਖੇ 20 ਜਨਵਰੀ, 2015 ਨੂੰ ਮਲਟੀ ਮਾਡਲ ਲੌਜਿਸਟਿਕ ਹੱਬ (ਐਮ.ਐਮ.ਐਲ.ਐਚ) ਦਾ ਨੀਂਹ ਪੱਥਰ ਰੱਖਣਗੇ। ਇਸ ਸਬੰਧੀ ਫੈਸਲਾ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਅੱਜ ਸਵੇਰੇ ਉਨ੍ਹਾਂ ਦੇ ਦਫਤਰ ਵਿੱਚੇ ਸੂਬਾ ਸਰਕਾਰ ਅਤੇ ਰੇਲਵੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੀ ਹੋਈ ਉੱਚ ਪੱਧਰੀ ਮੀਟਿੰਗ ਵਿੱਚ ਲਿਆ ਗਿਆ। ਵਿਚਾਰ ਚਰਚਾ ਦੇ ਦੌਰਾਨ ਮੁੱਖ ਮੰਤਰੀ ਨੇ ਇਸ ਸ਼ਾਨਾਮੱਤੇ ਪ੍ਰਾਜੈਕਟ ਦੀ ਮਹੱਤਤਾ ’ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਦਾਨਕੁਨੀ ਤੋਂ ਅੰਮ੍ਰਿਤਸਰ ਤੱਕ ਮਾਲ ਢੋਆ-ਢੁਆਈ ਦੇ ਪੂਰਬੀ ਗਲਿਆਰੇ ਅਤੇ ਜੇ.ਐਨ.ਪੀ.ਟੀ. ਨਵੀਂ ਮੁੰਬਈ ਤੋਂ ਖੁਰਜਾ (ਉੱਤਰ ਪ੍ਰਦੇਸ਼) ਅਤੇ ਪੰਜਾਬ ਤੱਕ ਦੇ ਪੱਛਮੀ ਮਾਲ ਢੋਆ-ਢੁਆਈ ਦੇ ਪਾਸਾਰ ਨਾਲ ਇਸ ਖਿੱਤੇ ਵਿੱਚ ਅਣਕਿਆਸੇ ਆਰਥਿਕ ਵਿਕਾਸ ਦਾ ਨਵਾਂ ਯੁੱਗ ਸ਼ੁਰੂ ਹੋਵੇਗਾ।
ਉਨ੍ਹਾਂ ਕਿਹਾ ਕਿ ਇਸ ਸੰਦਰਭ ਵਿੱਚ ਐਮ.ਐਮ.ਐਲ.ਐਚ 500 ਕਰੋੜ ਰੁਪਏ ਦੀ ਨਾਲ ਉਸਾਰਿਆ ਜਾਵੇਗਾ ਅਤੇ ਇਹ ਸੂਬੇ ਵਿੱਚ ਸਨਅਤੀ ਪੱਖ ਤੋਂ ਪਰਿਵਰਤਣ ਲਿਆਉਣ ਲਈ ਵੱਡੀ ਪੱਧਰ ’ਤੇ ਸਹਾਈ ਹੋਵੇਗਾ। ਸ. ਬਾਦਲ ਨੇ ਕਿਹਾ ਕਿ ਲੁਧਿਆਣਾ ਦੇ ਨੇੜੇ ਬਣਾਇਆ ਜਾ ਰਿਹਾ ਇਹ ਐਮ.ਐਮ.ਐਲ.ਐਚ. ਲੁਧਿਆਣਾ-ਧੂਰੀ-ਜਾਖਲ ਫੀਡਰ ਲਾਈਨ ਆਦਿ ਨਾਲ ਮਾਲ ਢੋਆ-ਢੁਆਈ ਦੇ ਪੂਰਬੀ ਗਲਿਆਰੇ ਦਾ ਸਿੱਧਾ ਸੰਪਰਕ ਸਥਾਪਤ ਕਰੇਗਾ ਅਤੇ ਇਹ ਲਾਈਨ ਰਿਵਾੜੀ ਵਿਖੇ ਪੱਛਮੀ ਗਲਿਆਰੇ ਦੇ ਨਾਲ ਸੰਪਰਕ ਪੈਦਾ ਕਰੇਗੀ ਜਿਸ ਨਾਲ ਸੂਬੇ ਦੇ ਉਦਯੋਗ ਨੂੰ ਵੱਡਾ ਲਾਭ ਹੋਵੇਗਾ। ਇਸ ਸ਼ਾਨਾਮੱਤੇ ਪ੍ਰਾਜੈਕਟ ਦੀ ਅਹਿਮੀਅਤ ’ਤੇ ਚਾਨਣਾ ਪਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਇਸ ਪੱਖ ਤੋਂ ਵੀ ਬਹੁਤ ਮਹੱਤਵਪੂਰਨ ਹੈ ਕਿ ਫੌਰਨ ਟਰੇਡ ਐਕਟ, 1992 ਦੇ ਅਨੁਸਾਰ ਭਵਿੱਖ ਵਿੱਚ ਸਿਰਫ ਐਮ.ਐਮ.ਐਲ.ਐਚ. ਹੀ ਦਰਾਮਦ-ਬਰਾਮਦ ਕਾਰਗੋ ਨਾਲ ਨਿਪਟ ਸਕਦਾ ਹੈ। ਸ. ਬਾਦਲ ਨੇ ਕਿਹਾ ਕਿ ਇਹ ਐਮ.ਐਮ.ਐਲ.ਐਚ. ਘਰੇਲੂ ਤੇ ਅੰਤਰਰਾਸ਼ਟਰੀ ਮਾਲ ਢੋਆ-ਢੁਆਈ ਦੇ ਵਾਸਤੇ ਕੰਟੇਨਰਾਂ ਦੀ ਸਹੂਲਤ ਮੁਹੱਈਆ ਕਰਵਾਏਗਾ।



