ਨਵੀਂ ਦਿੱਲੀ, 5 ਜਨਵਰੀ (ਮਨਪ੍ਰੀਤ ਸਿੰਘ ਖਾਲਸਾ)- ਦਿੱਲੀ ਦੀ ਸਖਤ ਸੁਰਖਿਆ ਵਾਲੀ ਤਿਹਾੜ ਜੇਲ੍ਹ ਨੰ. 2 ਵਿਚ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਅੱਜ ਮਨਾਏ ਗਏ ਇਸ ਗੁਰਪੁਰਬ ਵਿਚ ਅਖੰਡ ਕੀਰਤਨੀ ਜੱਥੇ ਦੇ ਕੀਰਤਨੀ ਸਿੰਘ ਭਾਈ ਅਪਾਰਦੀਪ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕਰਕੇ ਜੇਲ੍ਹ ਵਿਚ ਰਸਭਿੰਨਾ ਕੀਰਤਨ ਕਰਕੇ ਕੈਦੀਆਂ ਨੂੰ ਗੁਰਬਾਣੀ ਦੀਆਂ ਲਹਿਰਾਂ ਅਤੇ ਸਿਮਰਨ ਦੀਆਂ ਗੁੰਜਾਂ ਨਾਲ ਮੁਗਧ ਕਰ ਦਿਤਾ ਤੇ ਅੱਜ ਨਜ਼ਾਰਾ ਇਹ ਬਣਿਆ ਹੋਇਆ ਸੀ ਕਿ ਗੁਰਬਾਣੀ ਦੀਆਂ ਲਹਿਰਾਂ ਸੁਣਦੇ ਹੋਏ ਹਰ ਧਰਮ ਦੇ ਕੈਦੀ ਅਪਣੇ ਆਪ ਹੀ ਖਿਚਦੇ ਹੋਏ ਹਾਲ ਅੰਦਰ ਹਾਜ਼ਰੀ ਲਗਵਾ ਰਹੇ ਸਨ।
ਕੀਰਤਨ ਦੀ ਸਮਾਪਤੀ ’ਤੇ ਪ੍ਰੋ. ਮਹਿੰਦਰਪਾਲ ਸਿੰਘ ਅਤੇ ਭਾਈ ਅਪਾਰਦੀਪ ਸਿੰਘ ਨੇ ਕੈਦੀਆਂ ਨੂੰ ਦਸਮ ਪਾਤਸ਼ਾਹ ਦੇ ਜੀਵਨ ਅਤੇ ਸਿੱਖ ਧਰਮ ਬਾਰੇ ਬਹੁਤ ਹੀ ਵਿਸਥਾਰ ਨਾਲ ਦਸਿਆ, ਜਿਸ ਨੂੰ ਸੁਣਦਿਆਂ ਹੋਇਆਂ ਬੰਦੀ ਕੈਦੀਆਂ ਵੱਲੋਂ ਇਸ ਤਰ੍ਹਾਂ ਦੇ ਵੱਧ ਤੋਂ ਵੱਧ ਪ੍ਰੋਗਰਾਮ ਕਰਵਾਉਣ ਦੀ ਮੰਗ ਕੀਤੀ ਗਈ। ਗੁਰਬਾਣੀ ਦੇ ਕੀਰਤਨ ੳਪਰੰਤ ਬੰਦੀ ਸਿੰਘਾਂ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ, ਚਾਹ ਤੇ ਮਿਸ਼ਠਾਨ ਅਤੇ ਲੰਗਰ ਦਾ ਪ੍ਰਸ਼ਾਦ ਦੇ ਤੌਰ ’ਤੇ ਵਰਤਾਇਆ ਗਿਆ। ਲੰਗਰ ਦੀ ਰਸਦ ਭਾਈ ਜਗਤਾਰ ਸਿੰਘ ਹਵਾਰਾ ਅਤੇ ਬੰਦੀ ਸਿੰਘਾਂ ਵੱਲੋਂ ਦਿੱਲੀ ਗੁਰਦੁਆਰਾ ਕਮੇਟੀ ਨੂੰ ਕੀਤੀ ਗਈ ਬੇਨਤੀ ’ਤੇ ਗੁਰਦੁਆਰਾ ਕਮੇਟੀ ਵੱਲੋਂ ਭੇਜੀ ਗਈ ਸੀ। ਪ੍ਰੋਗਰਾਮ ਦੀ ਸਮਾਪਤੀ ’ਤੇ ਭਾਈ ਅਪਾਰਦੀਪ ਸਿੰਘ ਅਤੇ ਸਾਥੀਆਂ ਨੂੰ ਬੰਦੀ ਸਿੰਘਾਂ ਵੱਲੋਂ ਸਿਰੋਪਾਓ ਦੇਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਭਾਈ ਪਰਮਜੀਤ ਸਿੰਘ ਰਾਣਾ ਅਤੇ ਭਾਈ ਗੁਰਮੀਤ ਸਿੰਘ ਬੋਬੀ ਨੇ ਵੀ ਸ਼ਮੂਲੀਅਤ ਕਰਨੀ ਸੀ ਪਰ ਉਹ ਦਿੱਲੀ ਵਿਚ ਨਾ ਹੋਣ ਕਰਕੇ ਹਾਜ਼ਰੀ ਨਹੀਂ ਲਵਾ ਸਕੇ। ਪ੍ਰੋਗਰਾਮ ਦੀ ਸਮਾਪਤੀ ੳਪਰੰਤ ਆਏ ਹੋਏ ਸਮੂਹ ਪਤਵੰਤੇ ਸਿੰਘਾਂ ਨੂੰ ਭਾਈ ਜਗਤਾਰ ਸਿੰਘ ਹਵਾਰਾ ਅਤੇ ਹੋਰ ਬੰਦੀ ਸਿੰਘਾਂ ਨੇ ਦਸਿਆ ਕਿ ਤਿਹਾੜ ਜੇਲ੍ਹ ਦੀਆਂ ਸਮੂਹ ਜੇਲ੍ਹਾਂ ਅੰਦਰ ਸਿੱਖ ਧਰਮ ਦੇ ਪ੍ਰਚਾਰ ਦੀ ਬਹੁਤੀ ਜ਼ਰੂਰਤ ਹੈ। ਭਾਈ ਅਪਾਰਦੀਪ ਸਿੰਘ ਦੇ ਨਾਲ ਭਾਈ ਮਨਪ੍ਰੀਤ ਸਿੰਘ ਖਾਲਸਾ, ਭਾਈ ਜ਼ੋਰਾਵਰ ਸਿੰਘ, ਭਾਈ ਜਸਵਿੰਦਰ ਸਿੰਘ, ਭਾਈ ਮਨਪ੍ਰੀਤ ਸਿੰਘ, ਸਿੱਖ ਰਿਲੀਫ ਵੱਲੋਂ ਭਾਈ ਸਰਬਪ੍ਰੀਤ ਸਿੰਘ, ਮਾਨ ਦਲ ਵੱਲੋਂ ਪ੍ਰੋ. ਮਹਿੰਦਰਪਾਲ ਸਿੰਘ ਅਤੇ ਭਾਈ ਕੁਲਦੀਪ ਸਿੰਘ ਦੁਭਾਲੀ ਨੇ ਇਸ ਪ੍ਰੋਗਰਾਮ ਵਿਚ ਹਾਜ਼ਰੀ ਭਰੀ। ਪ੍ਰੋਗਰਾਮ ਦੇ ਅੰਤ ਵਿਚ ਭਾਈ ਜਗਤਾਰ ਸਿੰਘ ਹਵਾਰਾ, ਸਮੂਹ ਬੰਦੀ ਕੈਦੀ ਅਤੇ ਜੇਲ੍ਹ ਦੇ ਪ੍ਰਬੰਧਕਾਂ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਮਨਜੀਤ ਸਿੰਘ ਜੀ.ਕੇ., ਭਾਈ ਪਰਮਜੀਤ ਸਿੰਘ ਰਾਣਾ ਅਤੇ ਭਾਈ ਗੁਰਮੀਤ ਸਿੰਘ ਬੋਬੀ ਦਾ ਇਸ ਪ੍ਰੋਗਰਾਮ ਵਿਚ ਹਰ ਤਰ੍ਹਾਂ ਦੀ ਮਦਦ ਕਰਨ ਦਾ ਧੰਨਵਾਦ ਕੀਤਾ ਗਿਆ।



