ਮੁਹੱਬਤ ਜਿੰਦਗੀ ਦਾ ਦੂਜਾ ਨਾਂਅ ਹੈ, ਜਿੰਦਗੀ ਨੂਰ ਹੈ ਨੂਰ ਖੁਦਾ ਹੈ, ਪਿਆਰ ਦਾ ਗੀਤ ਸਭ ਦਾ ਸਾਂਝਾ, ਜਿਸ ਦੀ ਹਰ ਸੁਰ ਸਭ ਨੂੰ ਸੰਗੀਤਮਈ ਬਣਾਵੇ, ਇਕ ਸੱਜਰਾ ਅਤੇ ਨਰੋਆ, ਹਮੇਸ਼ਾ ਨੂਰੋ- ਨੂਰ ਸ਼ਬਦਾਂ ਦੀ ਕੈਦ ਤੋਂ ਦੂਰ ,ਪਿਆਰ ਇਕ ਛੋਟਾ ਜਿਹਾ ਪਰ ਮਹਾਨ ਸ਼ਬਦ, ਜਿਸ ਦੀ ਭਾਵਨਾ ਸਾਰੇ ਰਿਸ਼ਤਿਆਂ ਵਿਚ ਬਰਾਬਰ, ਜਿਸ ਦਾ ਪ੍ਰਭਾਵ ਹਰ ਜਾਤ ਰੰਗ ਨਸ਼ਲ , ਸੱਭਿਅਤ ਵਿਚ ਇਕੋ ਜਿਹਾ, ਜਿਸ ਦੀ ਖੁਸ਼ਬੋ ਅਜਿਹੀ ਕਿ ਤਮਾਮ ਸਮਾਜਿਕ ਬੰਦਸ਼ਾਂ ’ਤੇ ਮੁਲਕਾਂ ਦੀਆਂ ਸਰਹੱਦਾਂ ਨਾਂ ਰੋਕ ਸਕਣ। ਪਿਆਰ ਕਦੇ ਹਾਉਕਿਆ ਦੀ ਜੂਨ ਭੋਗਦਾ ਵਿਛੋੜਾ, ਤੇ ਕਦੇ ਵਿਛੋੜਿਆਂ ਦੇ ਦਰਦਾਂ ਦਾ ਠਰ -ਠਰ ਕਰਦਾ ਸਿਆਲ, ਕਦੇ ਪੀੜਾ ਭਰੀ ਕੱਕੀ ਰੇਤ ਦੀ ਤਪਸ ਤੇ ਕਦੇ ਚਾਵਾਂ ਦੀ ਮਹਿਮੀ ਬਸੰਤ ਜਿਹਾ ਮਿਲਣ। ਦੁਨੀਆਂ ਦੀ ਸਭ ਤੋਂ ਪਿਆਰੀ ਮੰਜਲ ਪਿਆਰ, ਵੱਡਾ ਖਜਾਨਾ ਪਿਆਰ ਹੁੰਦਾ ਹੈ, ਉਥੇ ਵਿਸ਼ਵਾਸ ਹੁੰਦਾ ਹੈ, ਉਥੇ ਪ੍ਰਮਾਤਮਾ ਹੁੰਦਾ ਹੈ, ਜਿੱਥੇ ਪ੍ਰਮਾਤਮਾ ਹੁੰਦਾ ਹੈ ਉਥੇ ਪਿਆਰ ਹੀ ਪਿਆਰ ਹੁੰਦਾ ਹੈ, ਪਿਆਰ ਦੀ ਡੂੰਘਾਈ ਮਾਪਣ ਲਈ ਅਜੇ ਤੱਕ ਕੋਈ ਪੈਮਾਨਾ ਨਹੀ ਬਣ੍ਯਾਇਆ, ਨਾ ਹੀ ਤੋਲਣ ਲਈ ਕੁਝ ਬਣਿਆ ਹੈ। ਪਿਆਰ ਤਾਂ ਉਨ੍ਹਾਂ ਹੱਥਾਂ ਦਾ ਨਾਂਅ ਏ ਜੋ ਦਸਾਂ ਨਹੁੰਆ ਦੀ ਕਿਰਤ ਕਰਦੇ ਨੇ, ਕਲਾ ਸਿਰਜਦੇ ਨੇ, ਕਲਾਕਾਰ ਬਣਦੇ ਨੇ, ਜਿਸ ਦੇ ਹਰ ਕਣ ਦੀ ਸੂਝ ਤਿੱਖੀ ਹੁੰਦੀ ਹੈ, ਜਿੰਦਗੀ ਦਾ ਕਲਾਕਾਰ ਬਣਨ ਲਈ ਹਰ ਮਨੁੱਖ ਨੂੰ ਇਹ ਕਲਾ ਕਮਾਉਣੀ ਪੈਂਦੀ ਹੈ ਤੇ ਸਾਇਦ ਕਲਾਕਾਰ ਵਰਗਾ ਪਿਆਰ ਹੋਰ ਕੋਈ ਨਹੀ ਹੈ। ਮਨੁੱਖੀ ਜਿੰਦਗੀ ’ਚ ਅਨੇਕਾਂ ਕਲਾਵਾਂ ਨੂੰ ਪਿਆਰ ਦੀ ਛੋਹ ਹੀ ਜਨਮ ਦਿੰਦੀ ਹੈ।
ਪਿਆਰ ਜਿੰਦਗੀ ਦੀਆਂ ਮੁਢਲੀਆਂ ਭਾਵਨਾਵਾਂ ਦਾ ਪ੍ਰਤੀਕ ਹੈ, ਕਿਸੇ ਨੂੰ ਸੋਚ ਵਿਚਾਰਕੇ ਜਾਂ ਪਛਾਣਕੇ ਜਾਂ ਜਾਣ -ਬੁੱਝਕੇ ਪਿਆਰ ਨਹੀ ਕੀਤਾ ਜਾ ਸਕਦਾ, ਇਹ ਆਪਣੇ ਆਪ ਹੋ ਜਾਂਦਾ ਹੈ। ਪਿਆਰ ਹੋ ਜਾਣ ਬਾਅਦ ਪਿੱਛੇ ਮੁੜਨਾ ਸੰਭਵ ਨਹੀ ਹੁੰਦਾ। ਪਿਆਰ ਵਿੱਚ ਕਿਸੇ ਦਾ ਕੋਈ ਵੱਸ ਨਹੀ ਚੱਲਦਾ, ਚੰਗਾ ਜੀਵਨ ਜਿਉਣ ਲਈ ਪਿਆਰ, ਮਨੁੱਖ ਦੀ ਸਭ ਤੋਂ ਵੱਡੀ ਤਾਕਤ ਹੈ। ਜਿਸ ਪਿਆਰ ਵਿਚ ਗਿਲੇ ਸਿਕਵੇ ਨਹੀ ਹੁੰਦੇ ਉਹ ਪਿਆਰ ਨਹੀ ਕੇਵਲ ਪਿਆਰ ਦਾ ਭੁਲੇਖਾ ਹੁੰਦਾ ਹੈ, ਪਿਆਰ ਕਰਨ ਦੀ ਸੂਰਤ ਵਿਚ ਸਾਡਾ ਕੋਈ ਸੁਪਨਾ ਹੁੰਦਾ ਹੈ। ਉਹ ਸੁਪਨਾ ਸਾਡੀ ਕਲਪਨਾ ਦਾ ਆਧਾਰ ਬਣਿਆ ਰਹਿੰਦਾ ਹੈ। ਸੱਚੇ ਪਿਆਰ ਦੀ ਗਹਿਰਾਈ ਇਸ ਹੱਦ ਤੱਕ ਵੀ ਹੁੰਦੀ ਹੈ ਕਿ ਚੋਟ ਇਕ ਨੂੰ ਲੱਗੇ ਤਾਂ ਦਰਦ ਦੂਜੇ ਨੂੰ ਹੁੰਦਾ ਹੈ, ਜਿਵੇ ਮਜਨੂੰ ਉਪਰ ਜਦੋਂ ਕੋੜੇ ਪੈ ਰਹੇ ਸਨ ਤਾਂ ਉਸ ਦੇ ਨਿਸ਼ਾਨ ਲੈਲਾ ਦੇ ਜਿਸਮ ਉਪਰ ਵੀ ਦਿਖਾਈ ਦਿੰਦੇ ਸਨ। ਇਸ ਤਰ੍ਹਾਂ ਜਦੋਂ ਇਕ ਉਦਾਸ ਹੁੰਦਾ ਹੈ ਤਾਂ ਦੂਜੇ ਦੀ ਅੱਖ ਵਿਚ ਹੰਝੂ ਵਹਿ ਤੁਰਦੇ ਹਨ। ਇਕ ਪ੍ਰੇਮੀ ਦੀ ਖੁਸ਼ੀ ਦਾ ਠਿਕਾਣਾ ਉਦੋਂ ਨਹੀ ਰਹਿੰਦਾ ਜਦੋਂ ਉਸਨੂੰ ਪਿਆਰ ਦੇ ਬਦਲੇ ਪਿਆਰ ਮਿਲਦਾ ਹੈ। ਪਿਆਰ ਵਿਚ ਨੇੜਤਾ ਅਤੇ ਦਿਲ ਦੀ ਗਹਿਰਾਈ ਬਹੁਤ ਜਰੂਰੀ ਹੈ,ਜਿੰਨ੍ਹਾਂ ਪਿਆਰ ਤੰਦਰੁਸਤ ਨਰੋਆ ਹੋਵੇਗਾ। ਉਨ੍ਹਾਂ ਹੀ ਗੰਭੀਰ ਹੁੰਦਾ ਹੈ, ਉਨ੍ਹਾਂ ਹੀ ਮਜਬੂਤ ਵੀ ਹੁੰਦਾ ਹੈ, ਸੱਚੇ ਪ੍ਰੇਮੀ ਆਪਣੇ ਸਾਥੀ ਦੇ ਦੁੱਖ-ਸੁੱਖ, ਭਾਵਨਾਵਾਂ ਨੂੰ ਸਮਝੇ ਤਾਂ ਹੀ ਪਿਆਰ ਦੋ ਕਦਮ ਅੱਗੇ ਚੱਲ ਸਕਦਾ ਹੈ। ਪਿਆਰ ਨੂੰ ਰੂਹ ਨਾਲ ਮਹਿਸੂਸ ਕਰਨਾ ਚਾਹੀਦਾ ਹੈ। ਪਿਆਰ ਕਰਨ ਜਾਂ ਕਿਸੇ ਦਾ ਪਿਆਰ ਪਾਤਰ ਬਣਨ ’ਤੇ ਅਗਰ ਕਿਸੇ ਨੂੰ ਆਪਣੀ ਕਮੀ ਤੋਂ ਛੁਟਕਾਰਾ ਮਿਲਦਾ ਹੈ ਤਾਂ ਬਹੁਤ ਅੱਛੀ ਗੱਲ ਹੈ। ਪਿਆਰ ਦਰਅਸਲ ਦੇਣ ਦੀ ਭਾਵਨਾ ਦਾ ਨਾਮ ਹੈ, ਇਸ ਵਿਚ ਸਿਰਫ਼ ਪਾਉਣ ਦੀ ਚਾਹਤ ਨਹੀ ਰਹਿੰਦੀ, ਦੋ ਵਿਅਕਤੀਆਂ ਵਿਚ ਜਦੋਂ ਇਹ ਰਿਸਤਾ ਬਣਦਾ ਹੈ ਤਾਂ ਉਨ੍ਹਾਂ ਦੀ ਜਿੰਦਗੀ ਵਿਚ ਬਹੁਤ ਕੁਝ ਘਟਦਾ ਹੈ, ਸਾਰਾ ਵਜੂਦ ਮਹਿਕਦਾ, ਖੁਸਬੂ ਵੰਡਦਾ ਬਗੀਚਾ ਜਾਪਦਾ ਹੈ, ਅੰਗ-ਅੰਗ ਵਿਚ ਖੁਸ਼ੀਆਂ ਅੰਗੜਾਈਆਂ ਲੈਣ ਲੱਗਦੀਆਂ ਹਨ। ਵਿਗਿਆਨ ਨੇ ਵੀ ਸਾਬਤ ਕਰ ਦਿੱਤਾ ਹੈ ਕਿ ਪਿਆਰ ਕੀਤਾ ਨਹੀ ਜਾਂਦਾ, ਵਿਗਿਆਨਕਾਂ ਦਾ ਮੰਨਣਾ ਹੈ ਕਿ ਹਰ ਸਰੀਰ ’ਚ ਚੁੰਬਕੀ ਖੇਤਰ ਹੈ, ਜਿਸਦੇ ਤਿੰਨ ਪ੍ਰਕਾਰ ਦੇ ਕਣ ਹਨ। ਇਕ ਉਹ ਜੋ ਦੂਜੇ ਸਰੀਰ ਵੱਲ ਵੜ ਜਾਂਦਾ ਹੈ, ਯਾਨਿ ਖਿੱਚ ਪੈਦਾ ਕਰਦਾ ਹੈ। ਦੂਜਾ ਉਹ ਜੋ ਇਸਦੇ ਸਾਹਮਣੇ ਖਾਸ ਸਰੀਰ ਨੂੰ ਦੇਖਕੇ ਪਿੱਛੇ ਹਟਦੇ ਹਨ ਅਤੇ ਤੀਜੇ ਉਹ ਜੋ ਨਾਂ ਤਿੰਨਾਂ ’ਚ ਨਾਂ ਤੇਰ੍ਹਾ ਵਿਚ ਯਾਨਿ ਆਜ਼ਾਦ ਹੁੰਦੇ ਹਨ। ਅਸ਼ਲ ਵਿਚ, ਐਸਾ ਉਦੋਂ ਹੁੰਦਾ ਹੈ, ਜਦੋਂ ਉਨ੍ਹਾਂ ਵਿਚ ਇਕ ਦੂਜੇ ਪ੍ਰਤੀ ਖਿੱਚ ਪੈਦਾ ਹੁੰਦੀ ਹੈ ਅਤੇ ਉਨ੍ਹਾਂ ਨੂੰ ਪਿਆਰ ਦਾ ਤੀਰ ਸੀਨੇ ਪਾਰ ਹੋ ਜਾਵੇ। ਪਿਆਰ ਦਾ ਵਿਸ਼ੇਸ ਤੱਥ ਐਸਾ ਹੁੰਦਾ ਹੈ ਕਿ ਆਪ ਲੱਖ ਚਾਹੋਂ ਕਿ ਆਪਨੂੰ ਕਿਸੇ ਨਾਲ ਪਿਆਰ ਹੋ ਜਾਵੇ ਨਹੀ ਹੋਵੇਗਾ, ਪਰ ਆਪਣੇ ਸਰੀਰ ਵਿਚ ਸਮਾਈ ਕੁਝ ਸ਼ਕਤੀ ਹੀ ਆਪ ਨੂੰ ਉਸਦੀ ਚਪੇਟ ਵਿਚ ਲੈ ਜਾਣ੍ਯਗੀ। ਵਿਗਿਆਨੀਆਂ ਦੀ ਰਿਪੋਰਟ ਦੱਸਦੀ ਹੈ ਕਿ ਸਰੀਰ ’ਚ ਟੇਸਟੋਸਟੇਰੋਨ ਹਾਰਮੋਨ ਦੀ ਅਧਿਕ ਸ਼ਕਤੀ ਹੀ ਕਿਸੇ ਪ੍ਰਤੀ ਪਿਆਰ ਦੀ ਚਾਹਤ ਪੈਦਾ ਕਰਦੀ ਹੈ। ਜੋ ਕੰਮ ਨਫ਼ਰਤ ਨਹੀ ਕਰ ਉਹ ਪਿਆਰ ਕਰ ਸਕਦਾ ਹੈ , ਪਿਆਰ ਅੱਗੇ ਦੁਨੀਆਂ ਦੇ ਮਾਰੂ ਹਥਿਆਰ ਵੀ ਬੇਵੱਸ ਹੋ ਜਾਦੇ ਹਨ। ਕਿਉਂਕਿ ਪਿਆਰ ਨਾਲ ਜੰਗ ਵੀ ਜਿੱਤੀ ਜਾ ਸਕਦੀ ਹੈ, ਪਿਆਰ ਦੋ ਰੂਹਾ ਦਾ ਮੇਲ ਹੈ ਨਾ ਕਿ ਸਰੀਰਾਂ ਦੀ ਖੇਡ ਉਹ ਪਿਆਰ ਹੀ ਕਾਹਦਾ ਜੋ ਸੌਖਿਆ ਹੀ ਪਾ ਲਿਆ ਜਾਵੇ, ਪਿਆਰ ਇਕ ਪਵਿੱਤਰ ਜਜਬਾ ਹੈ, ਪਿਆਰ ਕਬਜਾ ਨਹੀ ਸਗੋਂ ਸੱਚੀ-ਸੁੱਚੀ ਪਹਿਚਾਣ ਮੰਗਦਾ ਹੈ। ਸੱਜਣ ਵੀ ਉਹੀ ਹੁੰਦੇ ਹਨ ਜਿਹਨਾਂ ਮਿਲਿਆ ਰੂਹ ਖਿੜ੍ਹ ਜਾਵੇ, ਸੱਜਣ ਨੂੰ ਚਾਹੇ ਪਿਆਰ ਨਾਲ ਬਲਾਓ ਜਾ ਨਫ਼ਰਤ ਨਾਲ ਚੰਗਾ ਹੀ ਲੱਗੇਗਾ। ਪਿਆਰ ਕਦੇ ਨਾਂ ਵੰਗਾਰੇ ਕਾਬਜ ਹੋਣ ਲਈ ਕਿਉਂਕਿ ਪਿਆਰ ਤਾਂ ਕਬਜੇ ਤੋਂ ਮੁਕਤੀ ਦਿਵਾਉਦਾ ਹੈ, ਮਨੁੱਖੀ ਪਛਾਣ ਦਾ ਵਿਸ਼ਵਾਸ ਸਿਰਜਦਾ ਹੈ ਸੁੱਚਾ ਆਦਰਸ ਬਣਕੇ, ਸਿਆਣੇ ਸੱਚ ਹੀ ਕਹਿੰਦੇ ਨੇ ਕਿ ਗੁਲਾਬ ਦੀ ਖੇਤੀ ਕਰਨ ਵਾਲੇ ਕਦੇ ਉਦਾਸ ਨਹੀ ਹੁੰਦੇ। ਆਓ ਇਸ ਪਾਕ- ਪਵਿੱਤਰ ਅਲਫ਼ਾਜ ਨੂੰ ਸੱਚਾ-ਸੁੱਚਾ ਰਹਿਣ ਦੇੲਂੀਏ, ਆਪਣੇ ਮਨਾਂ ’ਚੋਂ ਨਫ਼ਰਤ ਕੱਢਕੇ ਪਿਆਰ ਕਰਨ ਵਾਲੀਆਂ ਰੂਹਾਂ ਨੂੰ ਸਤਿਕਾਰ ਦੇਈਏ। ਆਉ ਪਿਆਰ ਨੂੰ ਗੰਧਲਾ ਹੋਣ ਤੋਂ ਬਚਾਈਏ।
-ਗੁਰਨੈਬ ਸਿੰਘ ਸਾਜਨ
ਪਿੰਡ ਦਿਓਣ (ਬਠਿੰਡਾ)
ਸੰਪਰਕ : 098889-55757


