ਮਲੋਟ, 2 ਜਨਵਰੀ (ਲੱਖਾ ਸ਼ਰਮਾ)-¦ਬੀ ਹਲਕੇ ਦੇ ਸੰਗਤ ਦਰਸ਼ਨ ਹਮੇਸ਼ਾਂ ਖਾਸ ਹੁੰਦੇ ਹਨ; ਕਿਉਂਕਿ ਲੰਬੀ ਹਲਕੇ ਦੇ ਪਿੰਡਾਂ ’ਚ ਗ੍ਰਾਂਟਾਂ ਦਿੱਤੀਆਂ ਨਹੀਂ ਜਾਂਦੀਆਂ ਬਲਕਿ ਗ੍ਰਾਂਟਾਂ ਦੀਆਂ ਝੜੀਆਂ ਲਾਈਆਂ ਜਾਂਦੀਆਂ ਹਨ। ਪਰ ਅੱਜ ਹੋਇਆ ਸੰਗਤ ਦਰਸ਼ਨ ਕਿਸੇ ਹੋਰ ਹੀ ਕਾਰਨ ਚਰਚਿਤ ਹੋ ਗਿਆ, ਇਸ ਦੀ ਵਜ੍ਹਾ ਸੀ ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੇ ਪੋਤੇ ਤੇ ਉਪ ਮੁੱਖ ਮੰਤਰੀ ਸ: ਸੁਖਬੀਰ ਬਾਦਲ ਦੇ ਬੇਟੇ ਅਨੰਤਵੀਰ ਸਿੰਘ ਦੀ ਹਾਜਰੀ। ਜ਼ਿਕਰ-ਏ-ਖਾਸ ਕਿ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅੱਜ ਤੋਂ ਦੋ ਦਿਨਾਂ ¦ਬੀ ਦੌਰੇ ਦੌਰਾਨ ਅੱਧਾ ਦਰਜਨ ਪਿੰਡਾਂ ’ਚ ਸੰਗਤ ਦਰਸ਼ਨ ਕਰ ਰਹੇ ਸਨ। ਅੱਜ ਸਵੇਰ ਤੋਂ ਉਨ੍ਹਾਂ ਦੇ ਨਾਲ ਨੀਲੀ ਦਸਤਾਰ ਸਜਾਈ ਪੰਦਰਾਂ ਕੁ ਸਾਲ ਦਾ ਮੁੰਡਾ ਨਜਰ ਆਇਆ। ਪਹਿਲਾਂ ਤਾਂ ਲੋਕਾਂ ਨੇ ਨੋਟਿਸ ਨਾ ਲਿਆ ਪਰ ਜਦੋਂ ਜਾਣਕਾਰਾਂ ਨੇ ਦੱਸਿਆ ਕਿ ਸ: ਬਾਦਲ ਦੇ ਅੰਦਾਜ਼ ’ਚ ਫਤਿਹ ਬੁਲਾਉਣ ਵਾਲਾ ਹੋਰ ਕੋਈ ਨਹੀਂ ਉਨ੍ਹਾਂ ਦਾ ਪੋਤਰਾ ਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦਾ
ਬੇਟਾ ਹੈ ਤਾਂ ਲੋਕਾਂ ਦਾ ਤੇ ਮੀਡੀਆ ਦੇ ਕੈਮਰਿਆਂ ਦਾ ਧਿਆਨ ਉਸ ਪਾਸੇ ਹੀ ਕੇਂਦਰਤ ਹੋ ਗਿਆ। ਅਨੰਤਵੀਰ ਸਾਰੇ ਪਿੰਡਾਂ ’ਚ ਮੁੱਖ ਮੰਤਰੀ ਦੇ ਨਾਲ ਰਿਹਾ। ਹਾਲਾਂਕਿ ਉਸ ਨੇ ਲੋਕਾਂ ਨਾਲ ਗੱਲਬਾਤ ਨਹੀਂ ਕੀਤੀ ਪਰ ਹੱਥ ਜੋੜ ਕੇ ਫਤਿਹ ਬੁਲਾਉਣ ਦਾ ਅੰਦਾਜ਼ ਜਰੂਰ ਦੱਸ ਰਿਹਾ ਸੀ ਕਿ ਬਾਦਲਾਂ ਦੀ ਚੌਥੀ ਪੀੜ੍ਹੀ ਲਈ ਵੀ ਸਿਆਸੀ ਸਰਦਲ ਤਿਆਰ ਕੀਤੀ ਜਾ ਰਹੀ ਹੈ। ਦ੍ਰਿਸ਼ਟੀ ਗੋਚਰ ਹੈ ਕਿ ਬਾਦਲ ਪਰਵਾਰ ਦੀਆਂ ਤਿੰਨ ਪੀੜ੍ਹੀਆਂ ਪੰਜਾਬ ਦੀ ਸਰਗਰਮ ਰਾਜਨੀਤੀ ਦਾ ਹਿੱਸਾ ਰਹੀਆਂ ਹਨ। ਪਹਿਲਾਂ ਸ: ਪ੍ਰਕਾਸ਼ ਸਿੰਘ ਬਾਦਲ ਦੇ ਚਾਚਾ ਸ: ਤੇਜਾ ਸਿੰਘ ਬਾਦਲ ਰਾਜਨੀਤੀ ’ਚ ਆਏ ਤੇ ਫੇਰ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਇਸ ਮੈਦਾਨ ਦਾ ਖਿਡਾਰੀ ਬਣਾਇਆ। ਇਸ ਤੋਂ ਬਾਅਦ ਸ: ਸੁਖਬੀਰ ਸਿੰਘ ਬਾਦਲ ਸਿਆਸਤ ਦਾ ਹਿੱਸਾ ਬਣੇ ਤੇ ਹੁਣ ਕਿਆਫੇ ਲਗਾਏ ਜਾ ਰਹੇ ਹਨ ਕਿ ਦੇਸ਼ ’ਚ ਹੀ ਸਿੱਖਿਆ ਹਾਸਲ ਕਰ ਰਿਹਾ ਅਨੰਤਵੀਰ ਬਾਦਲ ਪਰਵਾਰ ਦੀ ਸਿਆਸੀ ਵਿਰਾਸਤ ਦਾ ਵਾਰਸ ਆਉਣ ਵਾਲੇ ਕੁਝ ਸਾਲਾਂ ’ਚ ਬਣ ਸਕਦਾ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਬਾਦਲ ਬਾਦਲ ਪਰਵਾਰ ਦੇ ਸਿਆਸੀ ਤੇ ਹਕੀਕੀ ਸ਼ਰੀਕ ਮਨਪ੍ਰੀਤ ਬਾਦਲ ਦਾ ਬੇਟਾ ਅਰਜੁਨ ਬਾਦਲ ਵੀ ਆਪਣੇ ਪਿਤਾ ਦੀ ਚੋਣ ਮੁਹਿੰਮ ਨੂੰ ਅੰਜਾਮ ਦੇ ਚੁੱਕਾ ਹੈ। ਅੱਜ ਚਰਚੇ ਚੱਲਦੇ ਰਹੇ ਕਿ ਸ: ਬਾਦਲ ਦੀ ਵਢੇਰੀ ਉਮਰ ਤੇ ਅਰਜਨ ਬਾਦਲ ਦੀ ਕਾਟ ਲਈ ਬਾਦਲ ਪਰਵਾਰ ਨੇ ਅਨੰਤਵੀਰ ਨੂੰ ਸਿਆਸੀ ਪਿੱਚ ’ਤੇ ਟਰੇਨਿੰਗ ਲਈ ਭੇਜ ਦਿੱਤਾ ਹੈ। ਹੁਣ ਵੇਖਣਾ ਹੋਵੇਗਾ ਕਿ ਇਹ ਚਰਚੇ ਸੱਚ ਹੁੰਦਾ ਹਨ ਜਾਂ ਨਹੀਂ ਤੇ ਜੇ ਸੱਚ ਹੁੰਦੇ ਨੇ ਉਹ ਕਦੋਂ?



